ਆਸਾ ਮਹਲਾ ੫ ॥
ਸਤਿਗੁਰ ਸਾਚੈ ਦੀਆ ਭੇਜਿ ॥
ਚਿਰੁ ਜੀਵਨੁ ਉਪਜਿਆ ਸੰਜੋਗਿ ॥
ਉਦਰੈ ਮਾਹਿ ਆਇ ਕੀਆ ਨਿਵਾਸੁ ॥
ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥

ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥

ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥
ਮਿਟਿਆ ਸੋਗੁ ਮਹਾ ਅਨੰਦੁ ਥੀਆ ॥
ਗੁਰਬਾਣੀ ਸਖੀ ਅਨੰਦੁ ਗਾਵੈ ॥
ਸਾਚੇ ਸਾਹਿਬ ਕੈ ਮਨਿ ਭਾਵੈ ॥੨॥

ਵਧੀ ਵੇਲਿ ਬਹੁ ਪੀੜੀ ਚਾਲੀ ॥
ਧਰਮ ਕਲਾ ਹਰਿ ਬੰਧਿ ਬਹਾਲੀ ॥
ਮਨ ਚਿੰਦਿਆ ਸਤਿਗੁਰੂ ਦਿਵਾਇਆ ॥
ਭਏ ਅਚਿੰਤ ਏਕ ਲਿਵ ਲਾਇਆ ॥੩॥

ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥
ਬੁਲਾਇਆ ਬੋਲੈ ਗੁਰ ਕੈ ਭਾਣਿ ॥
ਗੁਝੀ ਛੰਨੀ ਨਾਹੀ ਬਾਤ ॥
ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥

Sahib Singh
ਸਾਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ।
ਚਿਰੁਜੀਵਨੁ = ਅਟੱਲ ਆਤਮਕ ਜੀਵਨ ।
ਸੰਜੋਗਿ = (ਗੁਰੂ ਦੀ) ਸੰਗਤਿ ਨਾਲ ।
ਉਦਰੈ ਮਾਹਿ = (ਮਾਂ ਦੇ) ਪੇਟ ਵਿਚ ।
ਕੈ ਮਨਿ = ਦੇ ਮਨ ਵਿਚ ।
ਬਿਗਾਸੁ = ਖ਼ੁਸ਼ੀ ।੧ ।
ਪੂਤੁ = (ਪਰਮਾਤਮਾ ਦਾ) ਪੁੱਤਰ ।
ਸਭ ਮਹਿ = ਸਭ ਜੀਵਾਂ ਦੇ ਅੰਦਰ ।
ਪ੍ਰਗਟਿਆ = ਪਰਗਟ ਹੋ ਪਿਆ, ਜਾਗ ਪਿਆ ।
ਲਿਖਿਆ ਧੁਰ ਕਾ = (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਦਾ ਲਿਖਿਆ (ਸੰਸਕਾਰ-ਰੂਪ) ਲੇਖ ।ਰਹਾਉ।ਦਸੀ ਮਾਸੀ—ਦਸੀਂ ਮਹੀਨੀਂ ।
ਹੁਕਮਿ = (ਪਰਮਾਤਮਾ ਦੇ) ਹੁਕਮ ਅਨੁਸਾਰ ।
ਸੋਗੁ = ਚਿੰਤਾ = ਫ਼ਿਕਰ ।
ਸਖੀ = ਜੇਹੜੀ ਸਖੀ, ਜੇਹੜਾ ਸਤਸੰਗੀ ।
ਭਾਵੈ = ਪਿਆਰਾ ਲੱਗਦਾ ਹੈ ।੨ ।
ਵੇਲਿ = ਗੁਰਸਿੱਖੀ ਵਾਲੀ ਵੇਲ ।
ਪੀੜੀ = ਬੰਸ, ਕੁਲ ।
ਕਲਾ = ਸੱਤਿਆ, ਤਾਕਤ ।
ਬੰਧਿ = ਬੰਨ੍ਹ ਕੇ, ਪੱਕੀ ਕਰ ਕੇ ।
ਬਹਾਲੀ = ਟਿਕਾ ਦਿੱਤੀ ।
ਮਨ ਚਿੰਦਿਆ = ਮਨ = ਇੱਛਤ (ਫਲ) ।
ਅਚਿੰਤ = ਬੇ = ਫ਼ਿਕਰ ।੩ ।
ਬੋਲੈ = ਬੋਲਦਾ ਹੈ ।
ਕੈ ਭਾਣਿ = ਦੇ ਭਾਣੇ ਵਿਚ (ਤੁਰ ਕੇ) ।
ਗੁਝੀ ਛੰਨੀ = ਲੁਕੀ ਹੋਈ ।੪।ਨੋਟ:- ਪੁੱਤਰ ਦੇ ਜਨਮ ਦੀ ਖ਼ੁਸ਼ੀ ਦਾ ਦਿ੍ਰਸ਼ਟਾਂਤ ਦੇ ਕੇ ਗੁਰੂ ਦੀ ਸਰਨ ਤੋਂ ਪ੍ਰਾਪਤ ਹੋਏ ਸੁਖ ਦਾ ਵਰਨਣ ਕੀਤਾ ਗਿਆ ਹੈ ।
    
Sahib Singh
(ਹੇ ਭਾਈ! ਗੁਰੂ ਨਾਨਕ) ਪਰਮਾਤਮਾ ਦਾ ਭਗਤ ਜੰਮਿਆ (ਪਰਮਾਤਮਾ ਦਾ) ਪੁੱਤਰ ਜੰਮਿਆ (ਉਸ ਦੀ ਬਰਕਤਿ ਨਾਲ ਉਸ ਦੀ ਸਰਨ ਆਉਣ ਵਾਲੇ) ਸਾਰੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ (ਸੇਵਾ-ਭਗਤੀ ਦਾ) ਲੇਖ ਉੱਘੜ ਰਿਹਾ ਹੈ ।ਰਹਾਉ ।
(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ (ਨਾਨਕ) ਨੂੰ (ਜਗਤ ਵਿਚ) ਘੱਲਿਆ ਹੈ ਉਸ ਦੀ ਸੰਗਤਿ (ਦੀ ਬਰਕਤਿ) ਨਾਲ (ਸਿੱਖਾਂ ਦੇ ਹਿਰਦੇ ਵਿਚ) ਅਟੱਲ ਆਤਮਕ ਜੀਵਨ ਪੈਦਾ ਹੋ ਰਿਹਾ ਹੈ ।
(ਹੇ ਭਾਈ! ਜਿਵੇਂ ਜਦੋਂ ਮਾਂ ਦੇ) ਪੇਟ ਵਿਚ (ਬੱਚਾ) ਆ ਨਿਵਾਸ ਕਰਦਾ ਹੈ ਤਾਂ ਮਾਂ ਦੇ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ (ਤਿਵੇਂ ਸਿੱਖ ਦੇ ਅੰਦਰ ਅਟੱਲ ਆਤਮਕ ਜੀਵਨ ਆਨੰਦ ਪੈਦਾ ਕਰਦਾ ਹੈ) ।੧ ।
(ਹੇ ਭਾਈ! ਜਿਵੇਂ ਜਿਸ ਘਰ ਵਿਚ) ਪਰਮਾਤਮਾ ਦੇ ਹੁਕਮ ਅਨੁਸਾਰ ਦਸੀਂ ਮਹੀਨੀਂ ਪੁੱਤਰ ਜੰਮਦਾ ਹੈ (ਤਾਂ ਉਸ ਘਰ ਵਿਚੋਂ) ਗ਼ਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ; (ਤਿਵੇਂ ਜੇਹੜੀ ਸਤ-ਸੰਗਣ) ਸਹੇਲੀ ਗੁਰੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੀ ਹੈ ਉਹ ਆਤਮਕ ਆਨੰਦ ਮਾਣਦੀ ਹੈ ਤੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ ।੨ ।
(ਹੇ ਭਾਈ! ਜੇਹੜੇ ਵਡ-ਭਾਗੀ ਮਨੁੱਖ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਇਕ ਪਰਮਾਤਮਾ ਵਿਚ ਸੁਰਤਿ ਜੋੜਦੇ ਹਨ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ ਸਤਿਗੁਰੂ ਉਹਨਾਂ ਨੂੰ ਮਨ-ਇੱਛਤ ਫਲ ਦੇਂਦਾ ਹੈ, ਗੁਰੂ ਉਹਨਾਂ ਗੁਰਸਿੱਖਾਂ ਵਿਚ ਪਰਮਾਤਮਾ ਦੀ ਧਰਮ-ਸੱਤਿਆ ਪੱਕੀ ਕਰ ਕੇ ਟਿਕਾ ਦੇਂਦਾ ਹੈ, ਇਹ ਗੁਰਸਿੱਖ ਹੀ (ਗੁਰੂ ਦੀ ਪਰਮਾਤਮਾ ਦੀ) ਵਧ-ਰਹੀ ਵੇਲ ਹਨ ਚੱਲ-ਰਹੀ ਪੀੜ੍ਹੀ ਹਨ ।੩ ।
(ਹੇ ਭਾਈ!) ਹੁਣ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ (ਹਰ ਕੋਈ ਜਾਣਦਾ ਹੈ ਕਿ ਜਿਸ ਮਨੁੱਖ ਉੱਤੇ) ਗੁਰੂ ਨਾਨਕ ਦਇਆਵਾਨ ਹੁੰਦਾ ਹੈ (ਜਿਸ ਨੂੰ ਨਾਮਿ ਦੀ) ਦਾਤਿ ਦੇਂਦਾ ਹੈ ਉਹ ਜੋ ਕੁਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜ਼ਾ ਵਿਚ ਹੀ ਬੋਲਦਾ ਹੈ (ਉਹ ਆਪਣੇ ਗੁਰੂ ਉੱਤੇ ਇਉਂ ਫ਼ਖ਼ਰ ਕਰਦਾ ਹੈ) ਜਿਵੇਂ ਕੋਈ ਪੁੱਤਰ ਆਪਣੇ ਪਿਉ ਉੱਤੇ ਮਾਣ ਕਰਦਾ ਹੈ (ਉਹ ਸਿੱਖ ਗੁਰੂ ਪਾਸੋਂ ਸਹਾਇਤਾ ਦੀ ਉਵੇਂ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਉ ਪਾਸੋਂ) ।੪।੭।੧੦੧ ।
Follow us on Twitter Facebook Tumblr Reddit Instagram Youtube