ਆਸਾ ਮਹਲਾ ੫ ॥
ਗਾਵਿ ਲੇਹਿ ਤੂ ਗਾਵਨਹਾਰੇ ॥
ਜੀਅ ਪਿੰਡ ਕੇ ਪ੍ਰਾਨ ਅਧਾਰੇ ॥
ਜਾ ਕੀ ਸੇਵਾ ਸਰਬ ਸੁਖ ਪਾਵਹਿ ॥
ਅਵਰ ਕਾਹੂ ਪਹਿ ਬਹੁੜਿ ਨ ਜਾਵਹਿ ॥੧॥

ਸਦਾ ਅਨੰਦ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀਐ ॥
ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥

ਜਾ ਕਾ ਦਾਨੁ ਨਿਖੂਟੈ ਨਾਹੀ ॥
ਭਲੀ ਭਾਤਿ ਸਭ ਸਹਜਿ ਸਮਾਹੀ ॥
ਜਾ ਕੀ ਬਖਸ ਨ ਮੇਟੈ ਕੋਈ ॥
ਮਨਿ ਵਾਸਾਈਐ ਸਾਚਾ ਸੋਈ ॥੨॥

ਸਗਲ ਸਮਗ੍ਰੀ ਗ੍ਰਿਹ ਜਾ ਕੈ ਪੂਰਨ ॥
ਪ੍ਰਭ ਕੇ ਸੇਵਕ ਦੂਖ ਨ ਝੂਰਨ ॥
ਓਟਿ ਗਹੀ ਨਿਰਭਉ ਪਦੁ ਪਾਈਐ ॥
ਸਾਸਿ ਸਾਸਿ ਸੋ ਗੁਨ ਨਿਧਿ ਗਾਈਐ ॥੩॥

ਦੂਰਿ ਨ ਹੋਈ ਕਤਹੂ ਜਾਈਐ ॥
ਨਦਰਿ ਕਰੇ ਤਾ ਹਰਿ ਹਰਿ ਪਾਈਐ ॥
ਅਰਦਾਸਿ ਕਰੀ ਪੂਰੇ ਗੁਰ ਪਾਸਿ ॥
ਨਾਨਕੁ ਮੰਗੈ ਹਰਿ ਧਨੁ ਰਾਸਿ ॥੪॥੫॥੯੯॥

Sahib Singh
ਗਾਵਿ ਲੇਹਿ = ਗਾ ਲੈ, ਗਾਇਆ ਕਰ ।
ਗਾਵਨਹਾਰੇ = ਹੇ ਗਾਉਣ ਵਾਲੇ !
ਜੀਅ ਅਧਾਰ = ਜਿੰਦ ਦਾ ਆਸਰਾ ।
ਪਿੰਡ ਅਧਾਰ = ਸਰੀਰ ਦਾ ਆਸਰਾ ।
ਪਾਵਹਿ = ਤੂੰ ਪ੍ਰਾਪਤ ਕਰਦਾ ਹੈਂ ।
ਕਾਹੂ ਪਹਿ = ਕਿਸੇ ਪਾਸ ।
ਬਹੁੜਿ = ਮੁੜ, ਫਿਰ ।੧ ।
ਅਨੰਦੀ = ਅਨੰਦ ਦਾ ਸੋਮਾ ।
ਗੁਨ ਨਿਧਾਨ = ਗੁਣਾਂ ਦਾ ਖਜ਼ਾਨਾ ।
ਜਾਪੀਐ = ਜਪਣਾ ਚਾਹੀਦਾ ਹੈ ।
ਸੰਤ = ਗੁਰੂ ।
ਪ੍ਰਸਾਦਿ = ਕਿਰਪਾ ਨਾਲ ।
ਮਨਿ = ਮਨ ਵਿਚ ।
ਵਾਸੀਐ = ਵਸਾ ਸਕੀਦਾ ਹੈ ।ਰਹਾਉ ।
ਦਾਨੁ = ਬਖ਼ਸ਼ਸ਼ ।
ਸਹਜਿ = ਆਤਮਕ ਅਡੋਲਤਾ ਵਿਚ ।੨ ।
ਸਗਲ ਸਮਗ੍ਰੀ = ਸਾਰੇ ਪਦਾਰਥ ।
ਪੂਰਨ = ਭਰੇ ਹੋਏ ।
ਗਹੀ = ਪਕੜਿਆਂ ।
ਸਾਸਿ ਸਾਸਿ = ਹਰੇਕ ਸਾਹ ਨਾਲ ।
ਗੁਨ ਨਿਧਿ = ਗੁਣਾਂ ਦਾ ਖ਼ਜ਼ਾਨਾ ।੩ ।
ਕਤ ਹੂ = ਕਿੱਥੇ ?
ਕਰੀ = ਕਰੀਂ, ਮੈਂ ਕਰਦਾ ਹਾਂ ।
ਰਾਸਿ = ਪੂੰਜੀ, ਸਰਮਾਇਆ ।੪ ।
    
Sahib Singh
(ਹੇ ਭਾਈ!) ਉਸ ਮਾਲਕ-ਪ੍ਰਭੂ (ਦੇ ਨਾਮ) ਨੂੰ ਸਦਾ ਹੀ ਜਪਣਾ ਚਾਹੀਦਾ ਹੈ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਜੋ ਸਦਾ ਆਨੰਦ ਦਾ ਸੋਮਾ ਹੈ ।
(ਹੇ ਭਾਈ!) ਉਸ ਪਿਆਰੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਜਿਸ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਨ ਵਿਚ ਵਸਾ ਸਕੀਦਾ ਹੈ ।੧।ਰਹਾਉ।ਹੇ ਭਾਈ! ਜਦ ਤਕ ਗਾਵਣ ਦੀ ਸਮਰਥਾ ਹੈ ਉਸ ਪਰਮਾਤਮਾ ਦੇ ਗੁਣ ਗਾਂਦਾ ਰਹੁ ਜੋ ਤੇਰੀ ਜਿੰਦ ਦਾ ਆਸਰਾ ਹੈ ਜੋ ਤੇਰੇ ਸਰੀਰ ਦਾ ਆਸਰਾ ਹੈ ਜੋ ਤੇਰੇ ਪ੍ਰਾਣਾਂ ਦਾ ਆਸਰਾ ਹੈ, ਜਿਸ ਦੀ ਸੇਵਾ-ਭਗਤੀ ਕਰ ਕੇ ਤੂੰ ਸਾਰੇ ਸੁਖ ਹਾਸਲ ਕਰ ਲਏਂਗਾ (ਤੇ ਸੁਖਾਂ ਦੀ ਭਾਲ ਵਿਚ) ਕਿਸੇ ਹੋਰ ਪਾਸ ਮੁੜ ਜਾਣ ਦੀ ਲੋੜ ਨਹੀਂ ਪਏਗੀ ।੧ ।
ਹੇ ਭਾਈ! ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਦਾ ਆਪਣੇ ਮਨ ਵਿਚ ਵਸਾਣਾ ਚਾਹੀਦਾ ਹੈ ਜਿਸ ਦੀ ਦਿੱਤੀ ਹੋਈ ਦਾਤਿ ਕਦੇ ਮੁੱਕਦੀ ਨਹੀਂ ਜਿਸ ਦੀ ਕੀਤੀ ਬਖ਼ਸ਼ਸ਼ ਦੇ ਰਾਹ ਵਿਚ ਕੋਈ ਰੋਕ ਨਹੀਂ ਪਾ ਸਕਦਾ (ਤੇ ਜੋ ਜੋ ਉਸ ਨੂੰ ਮਨ ਵਿਚ ਵਸਾਂਦੇ ਹਨ ਉਹ) ਸਾਰੇ ਚੰਗੀ ਤ੍ਰਹਾਂ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ।੨ ।
ਹੇ ਭਾਈ! ਹਰੇਕ ਸਾਹ ਦੇ ਨਾਲ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਦੇ ਗੁਣ ਗਾਂਦੇ ਰਹਿਣਾ ਚਾਹੀਦਾ ਹੈ ਜਿਸ ਦੇ ਘਰ ਵਿਚ (ਜੀਵਾਂ ਵਾਸਤੇ) ਸਾਰੇ ਪਦਾਰਥ ਭਰੇ ਪਏ ਰਹਿੰਦੇ ਹਨ ਜਿਸ ਦੇ ਸੇਵਕਾਂ ਨੂੰ ਕੋਈ ਦੁੱਖ ਕੋਈ ਝੋਰੇ ਪੋਹ ਨਹੀਂ ਸਕਦੇ ਤੇ ਜਿਸ ਦਾ ਆਸਰਾ ਲਿਆਂ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਕੋਈ ਡਰ ਦਬਾ ਨਹੀਂ ਪਾ ਸਕਦਾ ।੩ ।
ਹੇ ਭਾਈ! ਉਹ ਪਰਮਾਤਮਾ ਸਾਥੋਂ ਦੂਰ ਨਹੀਂ ਵੱਸਦਾ, ਕਿਤੇ (ਦੂਰ) ਲੱਭਣ ਜਾਣ ਦੀ ਲੋੜ ਨਹੀਂ, ਉਸ ਦੀ ਪ੍ਰਾਪਤੀ ਤਦੋਂ ਹੀ ਹੋ ਸਕਦੀ ਹੈ ਜਦੋਂ ਉਹ ਆਪ ਮੇਹਰ ਦੀ ਨਜ਼ਰ ਕਰੇ ।
ਹੇ ਭਾਈ! ਮੈਂ ਤਾਂ ਪੂਰੇ ਗੁਰੂ ਕੋਲ ਹੀ ਅਰਦਾਸ ਕਰਦਾ ਹਾਂ (ਤੇ ਆਖਦਾ ਹਾਂ—ਹੇ ਗੁਰੂ! ਤੇਰੇ ਪਾਸੋਂ) ਨਾਨਕ ਹਰਿ-ਨਾਮ-ਧਨ ਮੰਗਦਾ ਹੈ ਹਰਿ-ਨਾਮ ਦਾ ਸਰਮਾਇਆ ਮੰਗਦਾ ਹੈ ।੪।੫।੯੯ ।
Follow us on Twitter Facebook Tumblr Reddit Instagram Youtube