ਆਸਾ ਮਹਲਾ ੫ ॥
ਸਰਬ ਦੂਖ ਜਬ ਬਿਸਰਹਿ ਸੁਆਮੀ ॥
ਈਹਾ ਊਹਾ ਕਾਮਿ ਨ ਪ੍ਰਾਨੀ ॥੧॥

ਸੰਤ ਤ੍ਰਿਪਤਾਸੇ ਹਰਿ ਹਰਿ ਧ੍ਯਾਇ ॥
ਕਰਿ ਕਿਰਪਾ ਅਪੁਨੈ ਨਾਇ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਇ ॥ ਰਹਾਉ ॥

ਸੰਗਿ ਹੋਵਤ ਕਉ ਜਾਨਤ ਦੂਰਿ ॥
ਸੋ ਜਨੁ ਮਰਤਾ ਨਿਤ ਨਿਤ ਝੂਰਿ ॥੨॥

ਜਿਨਿ ਸਭੁ ਕਿਛੁ ਦੀਆ ਤਿਸੁ ਚਿਤਵਤ ਨਾਹਿ ॥
ਮਹਾ ਬਿਖਿਆ ਮਹਿ ਦਿਨੁ ਰੈਨਿ ਜਾਹਿ ॥੩॥

ਕਹੁ ਨਾਨਕ ਪ੍ਰਭੁ ਸਿਮਰਹੁ ਏਕ ॥
ਗਤਿ ਪਾਈਐ ਗੁਰ ਪੂਰੇ ਟੇਕ ॥੪॥੩॥੯੭॥

Sahib Singh
ਸਰਬ = ਸਾਰੇ ।
ਬਿਸਰਹਿ = ਤੂੰ ਵਿਸਰਦਾ ਹੈਂ ।
ਸੁਆਮੀ = ਹੇ ਸੁਆਮੀ !
ਈਹਾ = ਇਸ ਲੋਕ ਵਿਚ ।
ਊਹਾ = ਪਰਲੋਕ ਵਿਚ ।
ਕਾਮਿ ਨ = ਕਿਸੇ ਕੰਮ ਨਹੀਂ ਆਉਂਦਾ ।੧ ।
ਤਿ੍ਰਪਤਾਸੇ = ਰੱਜੇ ਰਹਿੰਦੇ ਹਨ ।
ਧ´ਾਇ = ਧਿਆਏ, ਸਿਮਰ ਕੇ {ਅੱਖਰ ‘ਧ’ ਦੇ ਨਾਲ ਅੱਧਾ ‘ਯ’ ਹੈ} ।
ਨਾਇ = ਨਾਮ ਵਿਚ ।
ਰਜਾਇ = ਰਜ਼ਾ ਮੰਨਿਆਂ, ਹੁਕਮ ਵਿਚ ਤੁਰਿਆਂ ।
ਪ੍ਰਭ = ਹੇ ਪ੍ਰਭੂ !
    ।ਰਹਾਉ ।
ਸੰਗਿ = ਨਾਲ ।
ਕਉ = ਨੂੰ ।
ਮਰਤਾ = ਆਤਮਕ ਮੌਤ ਸਹੇੜਦਾ ਹੈ ।
ਝੂਰਿ = ਝੁਰ ਝੁਰ ਕੇ, ਖਿੱਝ ਖਿੱਝ ਕੇ ।੨।ਜਿਨਿ—ਜਿਸ (ਪਰਮਾਤਮਾ) ਨੇ ।
ਬਿਖਿਆ = ਮਾਇਆ ।
ਰੈਨਿ = ਰਾਤ ।
ਜਾਹਿ = ਬੀਤਦੇ ਹਨ ।੩ ।
ਨਾਨਕ = ਹੇ ਨਾਨਕ !
ਗਤਿ = ਉੱਚੀ ਆਤਮਕ ਅਵਸਥਾ ।
ਟੇਕ = ਆਸਰਾ, ਸਰਨ ।੪ ।
    
Sahib Singh
ਹੇ ਪ੍ਰਭੂ! ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ ।
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜੀ ਰੱਖਦਾ ਹੈਂ ਉਹ (ਤੇਰੇ) ਸੰਤ ਜਨ ਤੇਰਾ ਹਰਿ-ਨਾਮ ਸਿਮਰ ਸਿਮਰ ਕੇ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜੇ ਰਹਿੰਦੇ ਹਨ ।੧।ਰਹਾਉ ।
ਹੇ ਮਾਲਕ-ਪ੍ਰਭੂ! ਜਦੋਂ (ਕਿਸੇ ਜੀਵ ਦੇ ਮਨ ਵਿਚੋਂ) ਤੂੰ ਵਿਸਰ ਜਾਂਦਾ ਹੈਂ ਤਾਂ ਉਸ ਨੂੰ ਸਾਰੇ ਦੁੱਖ ਆ ਘੇਰਦੇ ਹਨ, ਉਹ ਜੀਵ ਲੋਕ ਪਰਲੋਕ ਵਿਚ ਕਿਸੇ ਕੰਮ ਨਹੀਂ ਆਉਂਦਾ (ਉਸ ਦਾ ਜੀਵਨ ਵਿਅਰਥ ਹੋ ਜਾਂਦਾ ਹੈ) ।੧ ।
(ਹੇ ਭਾਈ!) ਜੇਹੜਾ ਮਨੁੱਖ ਆਪਣੇ ਅੰਗ-ਸੰਗ ਵੱਸਦੇ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ ਉਹ ਸਦਾ (ਮਾਇਆ ਦੀ ਤ੍ਰਿਸ਼ਨਾ ਦੇ ਅਧੀਨ) ਖਿੱਝ ਖਿੱਝ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ ।੨ ।
(ਹੇ ਭਾਈ!) ਜਿਸ ਪਰਮਾਤਮਾ ਨੇ ਹਰੇਕ ਚੀਜ਼ ਦਿੱਤੀ ਹੈ ਜੇਹੜਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ ਉਸ ਦੇ (ਜ਼ਿੰਦਗੀ ਦੇ) ਸਾਰੇ ਰਾਤ ਦਿਨ ਡਾਢੀ ਮਾਇਆ (ਦੇ ਮੋਹ) ਵਿਚ (ਫਸਿਆਂ ਹੀ) ਗੁਜ਼ਰਦੇ ਹਨ ।੩ ।
ਹੇ ਨਾਨਕ! ਆਖ—(ਹੇ ਭਾਈ!) ਪੂਰੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਯਾਦ ਕਰਦੇ ਰਿਹਾ ਕਰੋ (ਇਸ ਤ੍ਰਹਾਂ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤੇ ਮਾਇਆ ਦੀ ਤ੍ਰਿਸ਼ਨਾ ਵਿਚ ਨਹੀਂ ਫਸੀਦਾ) ।੪।੩।੯੭ ।
Follow us on Twitter Facebook Tumblr Reddit Instagram Youtube