ਆਸਾ ਮਹਲਾ ੫ ॥
ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥
ਬੋਲੈ ਕਉੜਾ ਜਿਹਬਾ ਕੀ ਫੂੜਿ ॥
ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥

ਐਸੀ ਇਸਤ੍ਰੀ ਇਕ ਰਾਮਿ ਉਪਾਈ ॥
ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥

ਪਾਇ ਠਗਉਲੀ ਸਭੁ ਜਗੁ ਜੋਹਿਆ ॥
ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥
ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥

ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥
ਤਟ ਤੀਰਥ ਭਵੇ ਸਭ ਧਰਨਾ ॥
ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥

ਮਾਇਆ ਮੋਹਿ ਸਭੋ ਜਗੁ ਬਾਧਾ ॥
ਹਉਮੈ ਪਚੈ ਮਨਮੁਖ ਮੂਰਾਖਾ ॥
ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥

Sahib Singh
ਮਾਥੈ = ਮੱਥੇ ਉਤੇ ।
ਤਿ੍ਰਕੁਟੀ = ਤਿ੍ਰਊੜੀ ।
ਕਰੂਰਿ = ਗੁੱਸੇ = ਭਰੀ ।
ਫੂੜਿ = ਖਰ੍ਹਵੀ ।੧ ।
ਰਾਮਿ = ਰਾਮ ਨੇ, ਪਰਮਾਤਮਾ ਨੇ ।
ਉਪਾਈ = ਪੈਦਾ ਕੀਤੀ ।
ਉਨਿ = ਉਸ (ਇਸਤ੍ਰੀ) ਨੇ ।
ਹਮ = ਮੈਨੂੰ ।
ਗੁਰਿ = ਗੁਰੂ ਨੇ ।੧।ਰਹਾਉ ।
ਠਗਉਰੀ = ਠਗਮੂਰੀ, ਠਗ = ਬੂਟੀ, ਉਹ ਨਸ਼ੀਲੀ ਬੂਟੀ ਜੋ ਖਵਾ ਕੇ ਠੱਗ ਭੋਲੇ ਰਾਹੀਆਂ ਨੂੰ ਠੱਗ ਲਿਆ ਕਰਦੇ ਹਨ ।
ਜੋਹਿਆ = ਤੱਕ ਵਿਚ ਰੱਖਿਆ ਹੋਇਆ ਹੈ ।
ਮੋਹਿਆ = ਮੋਹ ਵਿਚ ਫਸਾ ਲਿਆ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਨਾਮਿ = ਨਾਮ ਵਿਚ ।
ਸੇ = ਉਹ ਬੰਦੇ ।
ਸੋਹਿਆ = ਸੋਹਣੇ ਬਣ ਗਏ ।੨ ।
ਕਰਿ = ਕਰ ਕੇ ।
ਪੁਨਹ ਚਰਨਾ = ਪੁਨਹ ਆਚਰਨ, ਪਛਤਾਵੇ ਵਜੋਂ ਕੀਤੇ ਹੋਏ ਧਾਰਮਿਕ ਕੰਮ ।
ਤਟ = ਨਦੀਆਂ ਦੇ ਕਿਨਾਰੇ ।
ਧਰਨਾ = ਧਰਤੀ ।
ਉਬਰੇ = (ਮਾਇਆ ਦੇ ਪੰਜੇ ਤੋਂ) ਬਚੇ ।
ਜਿ = ਜੇਹੜੇ ।੩ ।
ਮੋਹਿ = ਮੋਹ ਵਿਚ ।
ਪਚੈ = ਖ਼ੁਆਰ ਹੁੰਦਾ ਹੈ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ।
ਗੁਰ = ਹੇਗੁਰੂ !
    ।੪ ।
    
Sahib Singh
ਹੇ ਮੇਰੇ ਵੀਰ! ਪਰਮਾਤਮਾ ਨੇ (ਮਾਇਆ) ਇਕ ਅਜੇਹੀ ਇਸਤ੍ਰੀ ਪੈਦਾ ਕੀਤੀ ਹੋਈ ਹੈ ਕਿ ਉਸ ਨੇ ਸਾਰੇ ਜਗਤ ਨੂੰ ਖਾ ਲਿਆ ਹੈ (ਆਪਣੇ ਕਾਬੂ ਵਿਚ ਕੀਤਾ ਹੋਇਆ ਹੈ), ਮੈਨੂੰ ਤਾਂ ਗੁਰੂ ਨੇ (ਉਸ ਮਾਇਆ-ਇਸਤ੍ਰੀ ਤੋਂ) ਬਚਾ ਰੱਖਿਆ ਹੈ ।੧।ਰਹਾਉ ।
(ਹੇ ਭਾਈ! ਉਸ ਮਾਇਆ-ਇਸਤ੍ਰੀ ਦੇ) ਮੱਥੇ ਉਤੇ ਤਿ੍ਰਊੜੀ (ਪਈ ਰਹਿੰਦੀ) ਹੈ ਉਸ ਦੀ ਨਿਗਾਹ ਗੁੱਸੇ ਨਾਲ ਭਰੀ ਰਹਿੰਦੀ ਹੈ ਉਹ (ਸਦਾ) ਕੌੜਾ ਬੋਲਦੀ ਹੈ, ਜੀਭ ਦੀ ਖਰ੍ਹਵੀ ਹੈ (ਸਾਰੇ ਜਗਤ ਦੇ ਆਤਮਕ ਜੀਵਨ ਨੂੰ ਹੜੱਪ ਕਰ ਕੇ ਭੀ) ਉਹ ਭੁੱਖੀ ਟਿਕੀ ਰਹਿੰਦੀ ਹੈ (ਜਗਤ ਵਿਚ ਆ ਰਹੇ ਸਭ ਜੀਵਾਂ ਨੂੰ ਹੜੱਪ ਕਰਨ ਲਈ ਤਿਆਰ ਰਹਿੰਦੀ ਹੈ) ਉਹ (ਮਾਇਆ-ਇਸਤ੍ਰੀ) ਪ੍ਰਭੂ-ਪਤੀ ਨੂੰ ਕਿਤੇ ਦੂਰ-ਵੱਸਦਾ ਸਮਝਦੀ ਹੈ (ਪ੍ਰਭੂ-ਪਤੀ ਦੀ ਪਰਵਾਹ ਨਹੀਂ ਕਰਦੀ) ।੧ ।
(ਹੇ ਭਾਈ! ਮਾਇਆ-ਇਸਤ੍ਰੀ ਨੇ) ਠਗਬੂਟੀ ਖਵਾ ਕੇ ਸਾਰੇ ਜਗਤ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ (ਜੀਵਾਂ ਦੀ ਕੀਹ ਪਾਇਆਂ ਹੈ ?
ਉਸ ਨੇ ਤਾਂ) ਬ੍ਰਹਮਾ ਨੂੰ ਵਿਸ਼ਨੂੰ ਨੂੰ ਸ਼ਿਵ ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ ਉਹ (ਉਸ ਤੋਂ ਬਚ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣੇ ਰਹਿੰਦੇ ਹਨ ।੨ ।
(ਹੇ ਭਾਈ! ਅਨੇਕਾਂ ਲੋਕ) ਵਰਤ ਰੱਖ ਰੱਖ ਕੇ ਧਾਰਮਿਕ ਨੇਮ ਨਿਬਾਹ ਨਿਬਾਹ ਕੇ ਤੇ (ਕੀਤੇ ਪਾਪਾਂ ਦਾ ਪ੍ਰਭਾਵ ਮਿਟਾਣ ਲਈ) ਪਛੁਤਾਵੇ ਵਜੋਂ ਧਾਰਮਿਕ ਰਸਮਾਂ ਕਰ ਕਰ ਕੇ ਥੱਕ ਗਏ, ਅਨੇਕਾਂ ਤੀਰਥਾਂ ਉਤੇ ਸਾਰੀ ਧਰਤੀ ਉਤੇ ਭਉਂ ਚੁਕੇ (ਪਰ ਇਸ ਮਾਇਆ-ਇਸਤ੍ਰੀ ਤੋਂ ਨਾਹ ਬਚ ਸਕੇ) ।
(ਹੇ ਭਾਈ!) ਸਿਰਫ਼ ਉਹੀ ਬੰਦੇ ਬਚਦੇ ਹਨ ਜੇਹੜੇ ਗੁਰੂ ਦੀ ਸਰਨ ਪੈਂਦੇ ਹਨ ।੩ ।
(ਹੇ ਭਾਈ!) ਸਾਰਾ ਜਗਤ ਮਾਇਆ ਦੇ ਮੋਹ ਵਿਚ ਬੱਝਾ ਪਿਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਹਉਮੈ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ ।
ਹੇ ਨਾਨਕ! (ਆਖ—) ਹੇ ਗੁਰੂ! ਮੈਨੂੰ ਤੂੰ ਹੀ ਮੇਰੀ ਬਾਂਹ ਫੜ ਕੇ (ਇਸ ਦੇ ਪੰਜੇ ਤੋਂ) ਬਚਾਇਆ ਹੈ ।੪।੨।੯੬ ।
Follow us on Twitter Facebook Tumblr Reddit Instagram Youtube