ਆਸਾ ਮਹਲਾ ੫ ॥
ਸਗਲ ਸੂਖ ਜਪਿ ਏਕੈ ਨਾਮ ॥
ਸਗਲ ਧਰਮ ਹਰਿ ਕੇ ਗੁਣ ਗਾਮ ॥
ਮਹਾ ਪਵਿਤ੍ਰ ਸਾਧ ਕਾ ਸੰਗੁ ॥
ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥੧॥

ਗੁਰ ਪ੍ਰਸਾਦਿ ਓਇ ਆਨੰਦ ਪਾਵੈ ॥
ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥੧॥ ਰਹਾਉ ॥

ਵਰਤ ਨੇਮ ਮਜਨ ਤਿਸੁ ਪੂਜਾ ॥
ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ ॥
ਮਹਾ ਪੁਨੀਤ ਜਾ ਕਾ ਨਿਰਮਲ ਥਾਨੁ ॥
ਸਾਧਸੰਗਤਿ ਜਾ ਕੈ ਹਰਿ ਹਰਿ ਨਾਮੁ ॥੨॥

ਪ੍ਰਗਟਿਓ ਸੋ ਜਨੁ ਸਗਲੇ ਭਵਨ ॥
ਪਤਿਤ ਪੁਨੀਤ ਤਾ ਕੀ ਪਗ ਰੇਨ ॥
ਜਾ ਕਉ ਭੇਟਿਓ ਹਰਿ ਹਰਿ ਰਾਇ ॥
ਤਾ ਕੀ ਗਤਿ ਮਿਤਿ ਕਥਨੁ ਨ ਜਾਇ ॥੩॥

ਆਠ ਪਹਰ ਕਰ ਜੋੜਿ ਧਿਆਵਉ ॥
ਉਨ ਸਾਧਾ ਕਾ ਦਰਸਨੁ ਪਾਵਉ ॥
ਮੋਹਿ ਗਰੀਬ ਕਉ ਲੇਹੁ ਰਲਾਇ ॥
ਨਾਨਕ ਆਇ ਪਏ ਸਰਣਾਇ ॥੪॥੩੮॥੮੯॥

Sahib Singh
ਸਗਲ = ਸਾਰੇ ।
ਜਪਿ = ਜਪ ਕੇ ।
ਏਕੈ = ਇਕ (ਪਰਮਾਤਮਾ) ਦਾ ।
ਗਾਮ = ਗਾਉਣਾ ।
ਸਾਧਕਾ ਸੰਗੁ = ਗੁਰਮੁਖਿ ਦੀ ਸੰਗਤਿ ।
ਜਿਸੁ = ਜਿਸ (ਗੁਰਮੁਖਿ) ਨੂੰ ।
ਭੇਟਤ = ਮਿਲਿਆਂ ।
ਰੰਗੁ = ਪ੍ਰੇਮ ।੧ ।
ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ ।
ਓਇ = {ਲਫ਼ਜ਼ ‘ਓਹ’ ਤੋਂ ਬਹੁ-ਵਚਨ} ਅਨੇਕਾਂ ।
ਜਿਸੁ ਮਨਿ = ਜਿਸ ਮਨੁੱਖ ਦੇ ਮਨ ਵਿਚ ।
ਪ੍ਰਗਾਸਾ = ਚਾਨਣ ।
ਤਾ ਕੀ = ਉਸ ਮਨੁੱਖ ਦੀ ।
ਗਤਿ = ਉੱਚੀ ਆਤਮਕ ਅਵਸਥਾ ।
ਮਿਤਿ = ਮਰਯਾਦਾ, ਮਾਪ; ਆਤਮਕ ਵਡੱਪਣ ਦਾ ਮਾਪ ।੧।ਰਹਾਉ ।
ਮਜਨ = ਇਸ਼ਨਾਨ {ਬਹੁ = ਵਚਨ} ।
ਤਿਸੁ = ਉਸ (ਮਨੁੱਖ) ਦੇ ।
ਤਿਨਿ = ਉਸ (ਮਨੁੱਖ) ਨੇ ।
ਪੁਨੀਤ = ਪਵਿਤ੍ਰ ।
ਜਾ ਕਾ = ਜਿਸ ਮਨੁੱਖ ਦਾ ।
ਥਾਨੁ = ਹਿਰਦਾ = ਥਾਂ ।
ਜਾ ਕੈ = ਜਿਸ ਦੇ ਹਿਰਦੇ ਵਿਚ ।੨ ।
ਪਤਿਤ ਪੁਨੀਤ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੀ ।
ਪਗ ਰੇਨ = ਚਰਨਾਂ ਦੀ ਧੂੜ ।
ਜਾ ਕਉ = ਜਿਸ ਮਨੁੱਖ ਨੂੰ ।੩ ।
ਕਰ ਜੋੜਿ = (ਦੋਵੇਂ) ਹੱਥ ਜੋੜ ਕੇ ।
ਧਿਆਵਉ = ਧਿਆਵਉਂ, ਮੈਂ ਧਿਆਵਾਂ ।
ਮੋਹਿ = ਮੈਨੂੰ ।੪ ।
    
Sahib Singh
(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ-ਨਾਮ ਸਿਮਰਿਆਂ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ਉਸ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਦੀ ਆਤਮਕ ਵਡੱਪਣ ਦੱਸੀ ਨਹੀਂ ਜਾ ਸਕਦੀ, ਉਹ ਮਨੁੱਖ ਅਨੇਕਾਂ ਆਤਮਕ ਆਨੰਦ ਮਾਣਦਾ ਹੈ ।੧।ਰਹਾਉ ।
(ਹੇ ਭਾਈ!) ਗੁਰੂ ਦੀ ਸੰਗਤਿ ਬਹੁਤ ਪਵਿਤ੍ਰ ਕਰਨ ਵਾਲੀ ਹੈ, ਗੁਰੂ ਨੂੰ ਮਿਲਿਆਂ ਪਰਮਾਤਮਾ ਦਾ ਪ੍ਰੇਮ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ, (ਗੁਰੂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਜਪਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ।
(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਿਚ ਹੀ ਹੋਰ ਸਾਰੇ ਧਰਮ ਆ ਜਾਂਦੇ ਹਨ ।੧ ।
(ਹੇ ਭਾਈ!) ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ (ਨਾਮ ਦੀ ਬਰਕਤਿ ਨਾਲ) ਜਿਸ ਮਨੁੱਖ ਦਾ ਹਿਰਦਾ-ਥਾਂ ਬਹੁਤ ਪਵਿਤ੍ਰ ਨਿਰਮਲ ਹੋ ਜਾਂਦਾ ਹੈ ਉਸ ਦੇ ਭਾ ਦੇ, ਮਾਨੋ, ਸਾਰੇ ਵਰਤ ਨੇਮ, ਸਾਰੇ ਤੀਰਥ ਇਸ਼ਨਾਨ ਅਤੇ ਸਾਰੀਆਂ ਪੂਜਾ ਹੋ ਗਈਆਂ, ਉਸ ਨੇ, ਮਾਨੋ, ਵੇਦ ਪੁਰਾਣ ਸਿੰਮ੍ਰਤੀਆਂ ਆਦਿਕ ਸਾਰੇ ਧਰਮ-ਪੁਸਤਕ ਸੁਣ ਲਏ ।੨ ।
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਪ੍ਰਭੂ-ਪਾਤਸ਼ਾਹ ਮਿਲ ਪੈਂਦਾ ਹੈ ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ, ਉਸ ਮਨੁੱਖ ਦੀ ਆਤਮਕ ਵਡੱਪਣ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਮਨੁੱਖ ਦੇ ਚਰਨਾਂ ਦੀ ਧੂੜ ਵਿਕਾਰਾਂ ਵਿਚ ਡਿੱਗੇ ਹੋਏ ਅਨੇਕਾਂ ਬੰਦਿਆਂ ਨੂੰ ਪਵਿਤ੍ਰ ਕਰਨ ਦੀ ਸਮਰੱਥਾ ਰੱਖਦੀ ਹੈ, ਉਹ ਮਨੁੱਖ ਸਾਰੇ ਭਵਨਾਂ ਵਿਚ ਉੱਘਾ ਹੋ ਜਾਂਦਾ ਹੈ ।੩ ।
ਹੇ ਨਾਨਕ! (ਆਖ—ਹੇ ਪ੍ਰਭੂ! ਜੇਹੜੇ ਗੁਰਮੁਖਿ ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਆ ਪਏ ਹਨ, ਮੈਨੂੰ ਗ਼ਰੀਬ ਨੂੰ ਉਹਨਾਂ ਦੀ ਸੰਗਤਿ ਵਿਚ ਰਲਾ ਦੇ (ਤਾ ਕਿ) ਮੈਂ ਉਹਨਾਂ ਦਾ ਦਰਸਨ ਕਰਦਾ ਰਹਾਂ ਤੇ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਤੇਰਾ ਧਿਆਨ ਧਰਦਾ ਰਹਾਂ ।੪।੩੮।੮੯ ।
Follow us on Twitter Facebook Tumblr Reddit Instagram Youtube