ਆਸਾ ਮਹਲਾ ੫ ॥
ਇਨ੍ਹ ਸਿਉ ਪ੍ਰੀਤਿ ਕਰੀ ਘਨੇਰੀ ॥
ਜਉ ਮਿਲੀਐ ਤਉ ਵਧੈ ਵਧੇਰੀ ॥
ਗਲਿ ਚਮੜੀ ਜਉ ਛੋਡੈ ਨਾਹੀ ॥
ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥

ਜਗ ਮੋਹਨੀ ਹਮ ਤਿਆਗਿ ਗਵਾਈ ॥
ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥

ਐਸੀ ਸੁੰਦਰਿ ਮਨ ਕਉ ਮੋਹੈ ॥
ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ ॥
ਮਨਿ ਤਨਿ ਲਾਗੈ ਹੋਇ ਕੈ ਮੀਠੀ ॥
ਗੁਰ ਪ੍ਰਸਾਦਿ ਮੈ ਖੋਟੀ ਡੀਠੀ ॥੨॥

ਅਗਰਕ ਉਸ ਕੇ ਵਡੇ ਠਗਾਊ ॥
ਛੋਡਹਿ ਨਾਹੀ ਬਾਪ ਨ ਮਾਊ ॥
ਮੇਲੀ ਅਪਨੇ ਉਨਿ ਲੇ ਬਾਂਧੇ ॥
ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥੩॥

ਅਬ ਮੋਰੈ ਮਨਿ ਭਇਆ ਅਨੰਦ ॥
ਭਉ ਚੂਕਾ ਟੂਟੇ ਸਭਿ ਫੰਦ ॥
ਕਹੁ ਨਾਨਕ ਜਾ ਸਤਿਗੁਰੁ ਪਾਇਆ ॥
ਘਰੁ ਸਗਲਾ ਮੈ ਸੁਖੀ ਬਸਾਇਆ ॥੪॥੩੬॥੮੭॥

Sahib Singh
ਇਨ@ ਸਿਉ = ਇਸ (ਮਾਇਆ) ਨਾਲ ।
ਘਨੇਰੀ = ਬਹੁਤੀ ।
ਜਉ ਮਿਲੀਐ = ਜਦੋਂ ਇਸ ਨਾਲ ਸਾਥ ਬਣਾਈਏ ।
ਗਲਿ = ਗਲ ਨਾਲ ।
ਲਾਗਿ = ਲੱਗ ਕੇ ।
ਛੁਟੋ = ਛੁਟਾ, ਬਚਦਾ ਹੈ ।
ਪਾਈ = ਪੈਰੀਂ ।੧ ।
ਜਗ ਮੋਹਨੀ = ਜਗਤ ਨੂੰ ਮੋਹਨ ਵਾਲੀ ।
ਨਿਰਗੁਨੁ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਰਹਿਣ ਵਾਲਾ ਪ੍ਰਭੂ ।
ਵਧਾਈ = ਮਨ ਦੀ ਚੜ੍ਹਦੀ ਕਲਾ, ਉਤਸ਼ਾਹ-ਭਰੀ ਅਵਸਥਾ ।
ਵਜੀ = ਵੱਜ ਪਈ (ਜਿਵੇਂ ਵਾਜਾ ਵੱਜਦਾ ਹੈ), ਪ੍ਰਬਲ ਹੋ ਗਈ ।੧।ਰਹਾਉ ।
ਸੁੰਦਰਿ = ਸੁੰਦਰੀ, ਮੋਹਣੀ ।
ਬਾਟਿ = ਰਸਤੇ ਵਿਚ ।
ਘਾਟਿ = ਪੱਤਣ ਉਤੇ ।
ਗਿ੍ਰਹਿ = ਘਰ ਵਿਚ ।
ਬਨਿ = ਜੰਗਲ ਵਿਚ ।
ਜੋਹੈ = ਤੱਕਦੀ ਹੈ ।
ਮਨਿ = ਮਨ ਵਿਚ ।
ਤਨਿ = ਤਨ ਵਿਚ, ਹਿਰਦੇ ਵਿਚ ।
ਪ੍ਰਸਾਦਿ = ਕਿਰਪਾ ਨਾਲ ।੨ ।
ਅਗਰਕ = ਅੱਗੇ ਅੱਗੇ ਤੁਰਨ ਵਾਲੇ, ਚੌਧਰੀ, ਮੁਸਾਹਬ ।
ਠਗਾਊ = ਠੱਗ ।
ਉਨਿ = ਉਹਨਾਂ (ਅਗਰਕਾਂ) ਨੇ ।
ਸਾਧੇ = ਕਾਬੂ ਕਰ ਲਏ ।੩ ।
ਮੋਰੈ ਮਨਿ = ਮੇਰੇ ਮਨ ਵਿਚ ।
ਸਭਿ = ਸਾਰੇ ।
ਫੰਦ = ਫਾਹੇ ।੪ ।
    
Sahib Singh
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਨੂੰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿਣ ਵਾਲਾ ਪਰਮਾਤਮਾ ਮਿਲਿਆ ਹੈ ਮੇਰੇ ਅੰਦਰ ਉਤਸ਼ਾਹ-ਭਰੀ ਅਵਸਥਾ ਪ੍ਰਬਲ ਹੋ ਗਈ ਹੈ, ਤਦੋਂ ਤੋਂ ਹੀਮੈਂ ਸਾਰੇ ਜਗਤ ਨੂੰ ਮੋਹਣ ਵਾਲੀ ਮਾਇਆ (ਦੇ ਮੋਹ) ਨੂੰ ਤਿਆਗ ਕੇ ਪਰੇ ਸੁੱਟ ਦਿੱਤਾ ਹੈ ।੧।ਰਹਾਉ ।
(ਹੇ ਭਾਈ!) ਜੇ ਇਸ (ਮਾਇਆ) ਨਾਲ ਬਹੁਤੀ ਪ੍ਰੀਤਿ ਕਰੀਏ ਤਾਂ ਜਿਉਂ ਜਿਉਂ ਇਸ ਨਾਲ ਸਾਥ ਬਣਾਈਦਾ ਹੈ, ਤਿਉਂ ਤਿਉਂ ਇਸ ਨਾਲ ਮੋਹ ਵਧਦਾ ਜਾਂਦਾ ਹੈ ।
(ਆਖ਼ਰ) ਜਦੋਂ ਇਹ ਗਲ ਨਾਲ ਚੰਬੜੀ ਹੋਈ ਛੱਡਦੀ ਹੀ ਨਹੀਂ, ਤਦੋਂ ਸਤਿਗੁਰੂ ਦੀ ਚਰਨੀਂ ਲੱਗ ਕੇ ਹੀ ਇਸ ਤੋਂ ਖ਼ਲਾਸੀ ਪਾਈਦੀ ਹੈ ।੧ ।
(ਹੇ ਭਾਈ! ਇਹ ਮਾਇਆ) ਐਸੀ ਸੋਹਣੀ ਹੈ ਕਿ (ਮਨੁੱਖ ਦੇ) ਮਨ ਨੂੰ (ਤੁਰਤ) ਮੋਹ ਲੈਂਦੀ ਹੈ ।
ਰਸਤੇ ਵਿਚ (ਤੁਰਦਿਆਂ) ਪੱਤਣ ਉਤੇ (ਲੰਘਦਿਆਂ) ਘਰ ਵਿਚ (ਬੈਠਿਆਂ) ਜੰਗਲ ਜੰਗਲ ਵਿਚ (ਭੌਂਦਿਆਂ ਇਹ ਮਨ ਨੂੰ ਮੋਹਣ ਵਾਸਤੇ) ਤੱਕ ਲਾਈ ਰੱਖਦੀ ਹੈ ।
ਮਿੱਠੀ ਬਣ ਕੇ ਇਹ ਮਨ ਵਿਚ ਤਨ ਵਿਚ ਆ ਚੰਬੜਦੀ ਹੈ ।
ਪਰ ਮੈਂ ਗੁਰੂ ਦੀ ਕਿਰਪਾ ਨਾਲ ਵੇਖ ਲਿਆ ਹੈ ਕਿ ਇਹ ਬੜੀ ਖੋਟੀ ਹੈ ।੨ ।
(ਹੇ ਭਾਈ! ਕਾਮਾਦਿਕ) ਉਸ ਮਾਇਆ ਦੇ ਮੁਸਾਹਬ (ਵੀ) ਵੱਡੇ ਠੱਗ ਹਨ, ਮਾਂ ਹੋਵੇ ਪਿਉ ਹੋਵੇ ਕਿਸੇ ਨੂੰ ਠੱਗਣੋਂ ਛੱਡਦੇ ਨਹੀਂ ।
ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨਾਲ ਮੇਲ-ਮੁਲਾਕਾਤ ਪਾਈ, ਉਹਨਾਂ ਨੂੰ ਇਹਨਾਂ ਮੁਸਾਹਬਾਂ ਨੇ ਚੰਗੀ ਤ੍ਰਹਾਂ ਬੰਨ੍ਹ ਲਿਆ, ਪਰ ਮੈਂ ਗੁਰੂ ਦੀ ਕਿਰਪਾ ਨਾਲ ਇਹਨਾਂ ਸਾਰਿਆਂ ਨੂੰ ਕਾਬੂ ਕਰ ਲਿਆ ਹੈ ।੩ ।
ਹੇ ਨਾਨਕ! ਜਦੋਂ ਦਾ ਮੈਨੂੰ ਸਤਿਗੁਰੂ ਮਿਲ ਪਿਆ ਹੈ ਤਦੋਂ ਤੋਂ ਹੁਣ ਮੇਰੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ (ਮੇਰੇ ਅੰਦਰੋਂ ਇਹਨਾਂ ਕਾਮਾਦਿਕ ਮੁਸਾਹਬਾਂ ਦਾ) ਡਰ-ਭਉ ਲਹਿ ਗਿਆ ਹੈ ਇਹਨਾਂ ਦੇ ਪਾਏ ਹੋਏ ਸਾਰੇ ਫਾਹੇ ਟੁਟ ਗਏ ਹਨ ।
ਮੈਂ ਹੁਣ ਆਪਣਾ ਸਾਰਾ ਘਰ ਸੁਖੀ ਵਸਾ ਲਿਆ ਹੈ (ਮੇਰੇ ਸਾਰੇ ਗਿਆਨ-ਇੰਦਿ੍ਰਆਂ ਵਾਲਾ ਪਰਵਾਰ ਇਹਨਾਂ ਦੀ ਮਾਰ ਤੋਂ ਬਚ ਕੇ ਆਤਮਕ ਆਨੰਦ ਮਾਣ ਰਿਹਾ ਹੈ) ।੪।੩੬।੮੭ ।
Follow us on Twitter Facebook Tumblr Reddit Instagram Youtube