ਆਸਾ ਮਹਲਾ ੫ ॥
ਭੂਪਤਿ ਹੋਇ ਕੈ ਰਾਜੁ ਕਮਾਇਆ ॥
ਕਰਿ ਕਰਿ ਅਨਰਥ ਵਿਹਾਝੀ ਮਾਇਆ ॥
ਸੰਚਤ ਸੰਚਤ ਥੈਲੀ ਕੀਨ੍ਹੀ ॥
ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਹੀ ॥੧॥

ਕਾਚ ਗਗਰੀਆ ਅੰਭ ਮਝਰੀਆ ॥
ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥

ਨਿਰਭਉ ਹੋਇਓ ਭਇਆ ਨਿਹੰਗਾ ॥
ਚੀਤਿ ਨ ਆਇਓ ਕਰਤਾ ਸੰਗਾ ॥
ਲਸਕਰ ਜੋੜੇ ਕੀਆ ਸੰਬਾਹਾ ॥
ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥੨॥

ਊਚੇ ਮੰਦਰ ਮਹਲ ਅਰੁ ਰਾਨੀ ॥
ਹਸਤਿ ਘੋੜੇ ਜੋੜੇ ਮਨਿ ਭਾਨੀ ॥
ਵਡ ਪਰਵਾਰੁ ਪੂਤ ਅਰੁ ਧੀਆ ॥
ਮੋਹਿ ਪਚੇ ਪਚਿ ਅੰਧਾ ਮੂਆ ॥੩॥

ਜਿਨਹਿ ਉਪਾਹਾ ਤਿਨਹਿ ਬਿਨਾਹਾ ॥
ਰੰਗ ਰਸਾ ਜੈਸੇ ਸੁਪਨਾਹਾ ॥
ਸੋਈ ਮੁਕਤਾ ਤਿਸੁ ਰਾਜੁ ਮਾਲੁ ॥
ਨਾਨਕ ਦਾਸ ਜਿਸੁ ਖਸਮੁ ਦਇਆਲੁ ॥੪॥੩੫॥੮੬॥

Sahib Singh
ਭੂਪਤਿ = {ਭੂ = ਧਰਤੀ ।
ਪਤਿ = ਮਾਲਕ} ਰਾਜਾ ।
ਅਨਰਥ = ਧੱਕੇ, ਪਾਪ ।
ਵਿਹਾਝੀ = ਇਕੱਠੀ ਕਰ ਲਈ ।
ਸੰਚਤ = ਇਕੱਠੀ ਕਰਦਿਆਂ ।
ਕੀਨ@ੀ = ਬਣਾ ਲਈ ।
ਪ੍ਰਭਿ = ਪ੍ਰਭੂ ਨੇ ।
ਥੈਲੀ = (ਭਾਵ) ਖ਼ਜ਼ਾਨਾ ।
ਡਾਰਿ = ਸੁਟਾ ਕੇ ।੧ ।
ਕਾਚ ਗਗਰੀਆ = ਕੱਚੀ ਮਿੱਟੀ ਦੀ ਗਾਗਰ ।
ਅੰਭ = ਪਾਣੀ {ਅੰਭਸੱ} ।
ਮਝਰੀਆ = ਵਿੱਚ ।
ਗਰਬਿ = ਅਹੰਕਾਰ ਕਰ ਕੇ ।
ਊਆ ਹੂ ਮਹਿ = ਉਸੇ (ਸੰਸਾਰ-ਸਮੁੰਦਰ) ਵਿਚ ਹੀ ।
ਪਰੀਆ = ਪੈ ਜਾਂਦੀ ਹੈ, ਡੁੱਬ ਜਾਂਦੀ ਹੈ ।੧।ਰਹਾਉ ।
ਨਿਰਭਉ = ਨਿਡਰ, ਨਿਧੜਕ ।
ਨਿਹੰਗਾ = ਨਿਸੰਗ, ਢੀਠ ।
ਚੀਤਿ = ਚਿੱਤ ਵਿਚ ।
ਕਰਤਾ = ਕਰਤਾਰ ।
ਜੋੜੇ = ਜਮ੍ਹਾ ਕੀਤੇ ।
ਸੰਬਾਹਾ = ਇਕੱਠ ।੨ ।
ਅਰੁ = ਅਤੇ ।
ਹਸਤਿ = ਹਾਥੀ ।
ਜੋੜੇ = ਕੱਪੜੇ ।
ਮਨਿ ਭਾਨੀ = ਮਨ = ਭਾਉਂਦੇ ।
ਮੋਹਿ = ਮੋਹ ਵਿਚ ।
ਪਚੇ ਪਚਿ = ਪਚਿ ਪਚਿ, ਸੜ ਸੜ ਕੇ, ਖ਼ੁਆਰ ਹੋ ਹੋ ਕੇ ।
ਮੂਆ = ਆਤਮਕ ਮੌਤੇ ਮਰ ਗਿਆ ।੩ ।
ਜਿਨਹਿ = ਜਿਸ (ਪਰਮਾਤਮਾ) ਨੇ ।
ਉਪਾਹਾ = ਪੈਦਾ ਕੀਤਾ ।
ਬਿਨਾਹਾ = ਨਾਸ ਕਰ ਦਿੱਤਾ ।੪ ।
    
Sahib Singh
(ਹੇ ਭਾਈ! ਇਹ ਮਨੁੱਖਾ ਸਰੀਰ ਪਾਣੀ ਵਿਚ ਪਈ ਹੋਈ) ਕੱਚੀ ਮਿੱਟੀ ਦੀ ਗਾਗਰ (ਵਾਂਗ ਹੈ ਜੋ ਹਵਾ ਨਾਲ ਉਛਲ-ਉਛਲ ਕੇ) ਪਾਣੀ ਵਿਚ ਹੀ (ਗਲ ਜਾਂਦੀ ਹੈ ।
ਇਸੇ ਤ੍ਰਹਾਂ ਮਨੁੱਖ) ਅਹੰਕਾਰ ਕਰ ਕਰ ਕੇ ਉਸੇ (ਸੰਸਾਰ-ਸਮੁੰਦਰ) ਵਿਚ ਹੀ ਡੁੱਬ ਜਾਂਦਾ ਹੈ (ਆਪਣਾ ਆਤਮਕ ਜੀਵਨ ਗ਼ਰਕ ਕਰ ਲੈਂਦਾ ਹੈ) ।੧।ਰਹਾਉ ।
(ਹੇ ਭਾਈ! ਜੇ ਕਿਸੇ ਨੇ) ਰਾਜਾ ਬਣ ਕੇ ਰਾਜ (ਦਾ ਅਨੰਦ ਭੀ) ਮਾਣ ਲਿਆ (ਲੋਕਾਂ ਉਤੇ) ਵਧੀਕੀਆਂ ਕਰ ਕਰ ਕੇ ਮਾਲ-ਧਨ ਭੀ ਜੋੜ ਲਿਆ, ਜੋੜਦਿਆਂ ਜੋੜਦਿਆਂ (ਜੇ ਉਸ ਨੇ) ਖ਼ਜ਼ਾਨਾ (ਭੀ) ਬਣਾ ਲਿਆ (ਤਾਂ ਭੀ ਕੀਹ ਹੋਇਆ?) ਪਰਮਾਤਮਾ ਨੇ (ਆਖ਼ਰ) ਉਸ ਪਾਸੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤਾ (ਮੌਤ ਵੇਲੇ ਉਹ ਆਪਣੇ ਨਾਲ ਤਾਂ ਨਾਹ ਲੈ ਜਾ ਸਕਿਆ) ।੧ ।
(ਹੇ ਭਾਈ! ਰਾਜ ਦੇ ਮਾਣ ਵਿਚ ਜੇ ਉਹ ਮੌਤ ਵਲੋਂ) ਨਿਡਰ ਹੋ ਗਿਆ ਨਿਧੜਕ ਹੋ ਗਿਆ (ਜੇ ਉਸ ਨੂੰ) ਹਰ ਵੇਲੇ ਨਾਲ-ਵੱਸਦਾ ਕਰਤਾਰ ਕਦੇ ਯਾਦ ਨਾਹ ਆਇਆ (ਜੇ ਉਸ ਨੇ) ਫ਼ੌਜਾਂ ਜਮ੍ਹਾਂ ਕਰ ਕਰ ਕੇ ਬੜਾ ਲਸ਼ਕਰ ਬਣਾ ਲਿਆ (ਤਾਂ ਭੀ ਕੀਹ ਹੋਇਆ?) ਜਦੋਂ (ਅੰਤ ਵੇਲੇ) ਉਸ ਦੇ ਸੁਆਸ ਨਿਕਲ ਗਏ ਤਾਂ (ਉਸ ਦਾ ਸਰੀਰ)ਮਿੱਟੀ ਹੋ ਗਿਆ ।੨ ।
(ਹੇ ਭਾਈ! ਜੇ ਉਸ ਨੂੰ) ਉੱਚੇ ਮਹਲ ਮਾੜੀਆਂ (ਰਹਿਣ ਲਈ ਮਿਲ ਗਏ) ਅਤੇ (ਸੁੰਦਰ) ਰਾਣੀ (ਮਿਲ ਗਈ ।
ਜੇ ਉਸ ਨੇ) ਹਾਥੀ ਘੋੜੇ (ਵਧੀਆ) ਮਨ-ਭਾਉਂਦੇ ਕੱਪੜੇ (ਇਕੱਠੇ ਕਰ ਲਏ ।
ਜੇ ਉਹ) ਪੁੱਤਰਾਂ ਧੀਆਂ ਵਾਲਾ ਵੱਡੇ ਪਰਵਾਰ ਵਾਲਾ ਬਣ ਗਿਆ, ਤਾਂ ਭੀ ਤਾਂ (ਮਾਇਆ ਦੇ) ਮੋਹ ਵਿਚ ਖ਼ੁਆਰ ਹੋ ਹੋ ਕੇ (ਉਹ ਮਾਇਆ ਦੇ) ਮੋਹ ਵਿਚ (ਅੰਨ੍ਹਾ ਹੋਇਆ ਹੋਇਆ) ਆਤਮਕ ਮੌਤ ਹੀ ਸਹੇੜ ਬੈਠਾ ।੩ ।
(ਹੇ ਭਾਈ!) ਜਿਸ ਪਰਮਾਤਮਾ ਨੇ (ਉਸ ਨੂੰ) ਪੈਦਾ ਕੀਤਾ ਸੀ ਉਸੇ ਨੇ ਉਸ ਨੂੰ ਨਾਸ ਭੀ ਕਰ ਦਿੱਤਾ, ਉਸ ਦੇ ਮਾਣੇ ਹੋਏ ਰੰਗ-ਤਮਾਸ਼ੇ ਤੇ ਮੌਜ ਮੇਲੇ ਸੁਪਨੇ ਵਾਂਗ ਹੋ ਗਏ ।
ਹੇ ਦਾਸ ਨਾਨਕ! (ਆਖ—) ਉਹੀ ਮਨੁੱਖ (ਮਾਇਆ ਦੇ ਮੋਹ ਤੋਂ) ਬਚਿਆ ਰਹਿੰਦਾ ਹੈ ਉਸ ਦੇ ਪਾਸ (ਸਦਾ ਕਾਇਮ ਰਹਿਣ ਵਾਲਾ) ਰਾਜ ਤੇ ਧਨ ਹੈ ਜਿਸ ਉੱਤੇ ਖਸਮ ਪ੍ਰਭੂ ਦਇਆਵਾਨ ਹੁੰਦਾ ਹੈ (ਤੇ ਜਿਸ ਨੂੰ ਆਪਣੇ ਨਾਮ ਦਾ ਖ਼ਜ਼ਾਨਾ ਬਖ਼ਸ਼ਦਾ ਹੈ) ।੪।੩੫।੮੬ ।
Follow us on Twitter Facebook Tumblr Reddit Instagram Youtube