ਆਸਾ ਮਹਲਾ ੫ ॥
ਜਉ ਮੈ ਅਪੁਨਾ ਸਤਿਗੁਰੁ ਧਿਆਇਆ ॥
ਤਬ ਮੇਰੈ ਮਨਿ ਮਹਾ ਸੁਖੁ ਪਾਇਆ ॥੧॥

ਮਿਟਿ ਗਈ ਗਣਤ ਬਿਨਾਸਿਉ ਸੰਸਾ ॥
ਨਾਮਿ ਰਤੇ ਜਨ ਭਏ ਭਗਵੰਤਾ ॥੧॥ ਰਹਾਉ ॥

ਜਉ ਮੈ ਅਪੁਨਾ ਸਾਹਿਬੁ ਚੀਤਿ ॥
ਤਉ ਭਉ ਮਿਟਿਓ ਮੇਰੇ ਮੀਤ ॥੨॥

ਜਉ ਮੈ ਓਟ ਗਹੀ ਪ੍ਰਭ ਤੇਰੀ ॥
ਤਾਂ ਪੂਰਨ ਹੋਈ ਮਨਸਾ ਮੇਰੀ ॥੩॥

ਦੇਖਿ ਚਲਿਤ ਮਨਿ ਭਏ ਦਿਲਾਸਾ ॥
ਨਾਨਕ ਦਾਸ ਤੇਰਾ ਭਰਵਾਸਾ ॥੪॥੨੯॥੮੦॥

Sahib Singh
ਜਉ = ਜਦੋਂ ।
ਧਿਆਇਆ = ਯਾਦ ਕੀਤਾ, ਹਿਰਦੇ ਵਿਚ ਵਸਾਇਆ ।
ਮਨਿ = ਮਨ ਨੇ ।੧ ।
ਗਣਤ = ਚਿੰਤਾ ।
ਸੰਸਾ = ਸਹਮ ।
ਨਾਮਿ = ਨਾਮ ਵਿਚ ।
ਰਤੇ = ਰੰਗੇ ਹੋਏ ।
ਭਗਵੰਤਾ = ਭਾਗਾਂ ਵਾਲੇ ।੧।ਰਹਾਉ।ਚੀਤਿ—ਚਿੱਤ ਵਿਚ ।
ਮੀਤ = ਹੇ ਮੀਤ !
    ।੨ ।
ਓਟ = ਆਸਰਾ ।
ਗਹੀ = ਫੜੀ ।
ਪ੍ਰਭ = ਹੇ ਪ੍ਰਭੂ !
ਮਨਸਾ = {ਮਨੀ—ਾ} ਮਨ ਦੀ ਇੱਛਾ ।੩ ।
ਦੇਖਿ = ਵੇਖ ਕੇ ।
ਚਲਿਤ = ਕੌਤਕ, ਚੋਜ = ਤਮਾਸ਼ੇ ।
ਮਨਿ = ਮਨ ਵਿਚ ।
ਦਿਲਾਸਾ = ਸਹਾਰਾ, ਧੀਰਜ ।੪ ।
    
Sahib Singh
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਭਾਗਾਂ ਵਾਲੇ ਹੋ ਜਾਂਦੇ ਹਨ, ਉਹਨਾਂ ਦੀ ਹਰੇਕ ਚਿੰਤਾ ਮਿਟ ਜਾਂਦੀ ਹੈ ਉਹਨਾਂ ਦਾ ਹਰੇਕ ਸਹਮ ਦੂਰ ਹੋ ਜਾਂਦਾ ਹੈ ।੧।ਰਹਾਉ ।
(ਹੇ ਭਾਈ!) ਜਦੋਂ ਦਾ ਮੈਂ ਆਪਣੇ ਗੁਰੂ ਨੂੰ ਆਪਣੇ ਮਨ ਵਿਚ ਵਸਾ ਲਿਆ ਹੈ ਤਦੋਂ ਤੋਂ ਮੇਰੇ ਮਨ ਨੇ ਬੜਾ ਆਨੰਦ ਪ੍ਰਾਪਤ ਕੀਤਾ ਹੈ ।੧ ।
ਹੇ ਮੇਰੇ ਮਿੱਤਰ! ਜਦੋਂ ਦਾ ਮੈਂ ਆਪਣੇ ਮਾਲਕ ਨੂੰ ਆਪਣੇ ਚਿੱਤ ਵਿਚ (ਵਸਾਇਆ ਹੈ) ਤਦੋਂ ਤੋਂ ਮੇਰਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ।੨ ।
ਹੇ ਪ੍ਰਭੂ! ਜਦੋਂ ਤੋਂ ਮੈਂ ਤੇਰੀ ਓਟ ਪਕੜੀ ਹੈ ਤਦੋਂ ਤੋਂ ਮੇਰੀ ਹਰੇਕ ਮਨੋ-ਕਾਮਨਾ ਪੂਰੀ ਹੋ ਰਹੀ ਹੈ ।੩ ।
ਹੇ ਨਾਨਕ! (ਆਖ—ਹੇ ਪ੍ਰਭੂ! ਮੈਨੂੰ ਤੇਰੇ) ਦਾਸ ਨੂੰ ਤੇਰਾ ਹੀ ਭਰਵਾਸਾ ਹੈ ਤੇਰੇ ਚਰਿਤ੍ਰ ਵੇਖ ਵੇਖ ਕੇ ਮੇਰੇ ਮਨ ਵਿਚ ਸਹਾਰਾ ਬਣਦਾ ਜਾਂਦਾ ਹੈ (ਕਿ ਸਰਨ ਪਿਆਂ ਦੀ ਤੂੰ ਸਹਾਇਤਾ ਕਰਦਾ ਹੈਂ) ।੪।੨੯।੮੦ ।
Follow us on Twitter Facebook Tumblr Reddit Instagram Youtube