ਆਸਾ ਮਹਲਾ ੫ ॥
ਚਰਨ ਕਮਲ ਕੀ ਆਸ ਪਿਆਰੇ ॥
ਜਮਕੰਕਰ ਨਸਿ ਗਏ ਵਿਚਾਰੇ ॥੧॥

ਤੂ ਚਿਤਿ ਆਵਹਿ ਤੇਰੀ ਮਇਆ ॥
ਸਿਮਰਤ ਨਾਮ ਸਗਲ ਰੋਗ ਖਇਆ ॥੧॥ ਰਹਾਉ ॥

ਅਨਿਕ ਦੂਖ ਦੇਵਹਿ ਅਵਰਾ ਕਉ ॥
ਪਹੁਚਿ ਨ ਸਾਕਹਿ ਜਨ ਤੇਰੇ ਕਉ ॥੨॥

ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥
ਸਹਜ ਅਨੰਦ ਬਸੈ ਬੈਰਾਗੀ ॥੩॥

ਨਾਨਕ ਕੀ ਅਰਦਾਸਿ ਸੁਣੀਜੈ ॥
ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥

Sahib Singh
ਚਰਨ ਕਮਲ = ਕੌਲ = ਫੁੱਲਾਂ ਵਰਗੇ ਸੋਹਣੇ ਚਰਨ ।
ਪਿਆਰੇ = ਹੇ ਪਿਆਰੇ !
ਕੰਕਰ = {ਕਿਜ਼ਕਰ} ਸੇਵਕ ।
ਜਮ ਕੰਕਰ = ਜਮ = ਦੂਤ ।
ਵਿਚਾਰੇ = ਨਿਮਾਣੇ, ਬੇ = ਵੱਸ ਜਿਹੇ, ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ ।੧ ।
ਚਿਤਿ = ਚਿੱਤ ਵਿਚ ।
ਮਇਆ = ਦਇਆ ।
ਸਗਲ ਰੋਗ = ਸਾਰੇ ਰੋਗ ।
ਖਇਆ = ਖੈ ਹੋ ਜਾਂਦੇ ਹਨ ।੧।ਰਹਾਉ ।
ਅਵਰਾ ਕਉ = ਹੋਰਨਾਂ ਨੂੰ ।੨ ।
ਮਨਿ = ਮਨ ਵਿਚ ।
ਸਹਜ = ਆਤਮਕ = ਅਡੋਲਤਾ ।
ਬੈਰਾਗੀ = ਵੈਰਾਗਣ ਹੋ ਕੇ, ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ।੩ ।
ਰਿਦੇ ਮਹਿ = ਹਿਰਦੇ ਵਿਚ ।
ਦੀਜੈ = ਦੇਹ ।੪ ।
    
Sahib Singh
ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੇਰੀ ਮਿਹਰ ਹੁੰਦੀ ਹੈ ਉਸ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ, ਤੇਰਾ ਨਾਮ ਸਿਮਰਿਆਂ ਉਸ ਦੇ ਸਾਰੇ ਰੋਗ ਨਾਸ ਹੋ ਜਾਂਦੇ ਹਨ ।੧।ਰਹਾਉ ।
ਹੇ ਪਿਆਰੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੋਹਣੇ ਚਰਨਾਂ ਨਾਲ ਜੁੜੇ ਰਹਿਣ ਦੀ ਆਸ ਪੈਦਾ ਹੋ ਜਾਂਦੀ ਹੈ, ਜਮ-ਦੂਤ ਭੀ ਉਸ ਉੱਤੇ ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ ਉਸ ਪਾਸੋਂ ਦੂਰ ਭੱਜ ਜਾਂਦੇ ਹਨ ।੧ ।
ਹੇ ਪ੍ਰਭੂ! ਹੋਰਨਾਂ ਨੂੰ ਤਾਂ (ਇਹ ਜਮ-ਦੂਤ) ਅਨੇਕਾਂ ਕਿਸਮਾਂ ਦੇ ਦੁੱਖ ਦੇਂਦੇ ਹਨ, ਪਰ ਸੇਵਕ ਦੇ ਇਹ ਨੇੜੇ ਭੀ ਨਹੀਂ ਢੁੱਕ ਸਕਦੇ ।੨।ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੁੰਦੀ ਹੈ ਉਹ ਮਾਇਆ ਵਲੋਂ ਵੈਰਾਗਵਾਨ ਹੋ ਕੇ ਆਤਮਕ ਅਡੋਲਤਾ ਦੇ ਆਨੰਦ ਵਿਚ ਟਿਕਿਆ ਰਹਿੰਦਾ ਹੈ ।੩ ।
ਹੇ ਪ੍ਰਭੂ! (ਆਪਣੇ ਸੇਵਕ) ਨਾਨਕ ਦੀ ਭੀ ਅਰਜ਼ੋਈ ਸੁਣ, (ਨਾਨਕ ਨੂੰ ਆਪਣਾ) ਸਿਰਫ਼ ਨਾਮ ਹਿਰਦੇ ਵਿਚ (ਵਸਾਣ ਲਈ) ਦੇਹ ।੪।੨੬।੭੭ ।
Follow us on Twitter Facebook Tumblr Reddit Instagram Youtube