ਆਸਾ ਮਹਲਾ ੫ ॥
ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥
ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥

ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥
ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥

ਤੂ ਮੇਰਾ ਜੀਵਨੁ ਤੂ ਆਧਾਰੁ ॥
ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥

ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥
ਤੂ ਸਮਰਥੁ ਮੈ ਤੇਰਾ ਤਾਣੁ ॥੩॥

ਅਨਦਿਨੁ ਜਪਉ ਨਾਮ ਗੁਣਤਾਸਿ ॥
ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥

Sahib Singh
ਤਰੰਗੁ = ਪਾਣੀ ਦੀ ਲਹਿਰ, ਪਾਣੀ, ਦਰਿਆ ।
ਮੀਨ = ਮੱਛੀ ।
ਠਾਕੁਰੁ = ਮਾਲਕ ।
ਤੇਰੈ ਦੁਆਰੇ = ਤੇਰੇ ਦਰ ਤੇ ।੧ ।
ਕਰਤਾ = ਪੈਦਾ ਕਰਨ ਵਾਲਾ ।
ਹਉ = ਮੈਂ ।
ਗਹੀ = ਫੜੀ ।
ਪ੍ਰਭੂ = ਹੇ ਪ੍ਰਭੂ !
ਗੁਨੀ ਗਹੇਰਾ = ਗੁਣਾਂ ਦਾ ਡੂੰਘਾ ਸਮੁੰਦਰ ।੧।ਰਹਾਉ ।
ਆਧਾਰੁ = ਆਸਰਾ ।
ਪੇਖਿ = ਵੇਖ ਕੇ ।
ਕਉਲਾਰੁ = ਕੌਲ = ਫੁੱਲ ।
ਬਿਗਸੈ = ਖਿੜਦਾ ਹੈ ।੨ ।
ਗਤਿ = ਉੱਚੀ ਆਤਮਕ ਅਵਸਥਾ ।
ਪਤਿ = ਇੱਜ਼ਤ ।
ਪਰਵਾਨੁ = ਕਬੂਲ ।
ਸਮਰਥੁ = ਤਾਕਤਾਂ ਦਾ ਮਾਲਕ ।੩ ।
ਅਨਦਿਨੁ = ਹਰ ਰੋਜ਼ ।
ਜਪਉ = ਮੈਂ ਜਪਾਂ, ਜਪਉਂ ।
ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ !
ਪਹਿ = ਪਾਸ ।੪ ।
    
Sahib Singh
ਹੇ ਪ੍ਰਭੂ! ਤੂੰ ਮੇਰਾ ਪੈਦਾ ਕਰਨ ਵਾਲਾ ਹੈਂ, ਮੈਂ ਤੇਰਾ ਦਾਸ ਹਾਂ ।
ਹੇ ਸਾਰੇ ਗੁਣਾਂ ਦੇ ਡੂੰਘੇ ਸਮੁੰਦਰ ਪ੍ਰਭੂ! ਮੈਂ ਤੇਰੀ ਸਰਨ ਫੜੀ ਹੈ ।੧।ਰਹਾਉ।ਹੇ ਮਾਲਕ-ਪ੍ਰਭੂ! ਤੂੰ ਮੇਰਾ ਦਰੀਆ ਹੈਂ! ਮੈਂ ਤੇਰੀ ਮੱਛੀ ਹਾਂ (ਮੱਛੀ ਵਾਂਗ ਮੈਂ ਜਿਤਨਾ ਚਿਰ ਤੇਰੇ ਵਿਚ ਟਿਕਿਆ ਰਹਿੰਦਾ ਹਾਂ ਉਤਨਾ ਚਿਰ ਮੈਨੂੰ ਆਤਮਕ ਜੀਵਨ ਮਿਲਿਆ ਰਹਿੰਦਾ ਹੈ) ।
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰੇ ਦਰ ਤੇ (ਆ ਡਿੱਗਾ) ਹਾਂ ।੧ ।
ਹੇ ਪ੍ਰਭੂ! ਤੂੰ ਹੀ ਮੇਰੀ ਜ਼ਿੰਦਗੀ (ਦਾ ਮੂਲ) ਹੈਂ ਤੂੰ ਹੀ ਮੇਰਾ ਆਸਰਾ ਹੈਂ, ਤੈਨੂੰ ਵੇਖ ਕੇ (ਮੇਰਾ ਹਿਰਦਾ ਇਉਂ) ਖਿੜਦਾ ਹੈ (ਜਿਵੇਂ) ਕੌਲ-ਫੁੱਲ (ਸੂਰਜ ਨੂੰ ਵੇਖ ਕੇ ਖਿੜਦਾ ਹੈ) ।੨ ।
ਹੇ ਪ੍ਰਭੂ! ਤੂੰ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ (ਲੋਕ ਪਰਲੋਕ ਦੀ) ਇੱਜ਼ਤ (ਦਾ ਰਾਖਾ) ਹੈਂ, (ਜੋ ਕੁਝ) ਤੂੰ (ਕਰਦਾ ਹੈਂ ਉਹ) ਮੈਂ ਖਿੜੇ-ਮੱਥੇ ਮੰਨਦਾ ਹਾਂ ।
ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ ।੩ ।
ਹੇ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ! ਨਾਨਕ ਦੀ ਤੇਰੇ ਪਾਸ ਇਹ ਬੇਨਤੀ ਹੈ (—ਮੇਹਰ ਕਰ) ਮੈਂ ਸਦਾ ਹਰ ਵੇਲੇ ਤੇਰਾ ਨਾਮ ਹੀ ਜਪਦਾ ਰਹਾਂ ।੪।੨੩।੭੪ ।
Follow us on Twitter Facebook Tumblr Reddit Instagram Youtube