ਆਸਾ ਮਹਲਾ ੫ ॥
ਕੋਟਿ ਜਨਮ ਕੇ ਰਹੇ ਭਵਾਰੇ ॥
ਦੁਲਭ ਦੇਹ ਜੀਤੀ ਨਹੀ ਹਾਰੇ ॥੧॥

ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥
ਭਏ ਪੁਨੀਤ ਸੰਤਨ ਕੀ ਧੂਰਿ ॥੧॥ ਰਹਾਉ ॥

ਪ੍ਰਭ ਕੇ ਸੰਤ ਉਧਾਰਨ ਜੋਗ ॥
ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥੨॥

ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥
ਤ੍ਰਿਸਨ ਬੁਝੀ ਮਨੁ ਨਿਹਚਲੁ ਥੀਆ ॥੩॥

ਨਾਮੁ ਪਦਾਰਥੁ ਨਉ ਨਿਧਿ ਸਿਧਿ ॥
ਨਾਨਕ ਗੁਰ ਤੇ ਪਾਈ ਬੁਧਿ ॥੪॥੧੪॥੬੫॥

Sahib Singh
ਕੋਟਿ = ਕ੍ਰੋੜਾਂ ।
ਰਹੇ = ਮੁੱਕ ਗਏ ।
ਭਵਾਰੇ = ਭੌਣੇ, ਗੇੜ, ਭਟਕਣ ।
ਦੁਲਭ = ਜੋ ਬੜੀ ਮੁਸ਼ਕਲ ਨਾਲ ਮਿਲੀ ਹੈ ।੧ ।
ਕਿਲਬਿਖ = ਪਾਪ ।
ਪੁਨੀਤ = ਪਵਿਤ੍ਰ ।
ਧੂਰਿ = ਚਰਨ = ਧੂੜ ।੧।ਰਹਾਉ ।
ਉਧਾਰਨ ਜੋਗ = ਬਚਾਣ ਦੀ ਤਾਕਤ ਰੱਖਣ ਵਾਲੇ ।
ਤਿਸੁ = ਉਸ ਮਨੁੱਖ ਨੂੰ ।
ਧੁਰਿ = ਪ੍ਰਭੂ ਦੀ ਹਜ਼ੂਰੀ ਤੋਂ ।੨ ।
ਧੁਰਿ = ਮਨ ਵਿਚ ।
ਗੁਰਿ = ਗੁਰੂ ਨੇ ।
ਤਿ੍ਰਸਨ = ਤ੍ਰਿਸ਼ਨਾ ।
ਨਿਹਚਲੁ = ਅਡੋਲ ।੩ ।
ਨਉ ਨਿਧਿ = ਜਗਤ ਦੇ ਸਾਰੇ ਹੀ ਨੌ ਖ਼ਜ਼ਾਨੇ ।
ਸਿਧਿ = ਮਾਨਸਕ ਤਾਕਤਾਂ, ਕਰਾਮਾਤੀ ਤਾਕਤਾਂ ।
ਬੁਧਿ = ਅਕਲ, ਸੂਝ ।
ਤੇ = ਤੋਂ ।੪ ।
    
Sahib Singh
(ਹੇ ਭਾਈ! ਜਿਨ੍ਹਾਂ ਵਡ-ਭਾਗੀ ਮਨੁੱਖਾਂ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲ ਗਈ ਉਹ) ਪਵਿਤ੍ਰ ਜੀਵਨ ਵਾਲੇ ਹੋ ਗਏ, (ਉਹਨਾਂ ਦੇ ਸਾਰੇ) ਦੁਖ ਕਲੇਸ਼ ਦੂਰ ਹੋ ਗਏ ।੧।ਰਹਾਉ ।
(ਹੇ ਭਾਈ! ਜਿਨ੍ਹਾਂ ਨੂੰ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਹੋਈ, ਉਹਨਾਂ ਦੇ) ਕ੍ਰੋੜਾਂ ਜਨਮਾਂ ਦੇ ਗੇੜ ਮੁੱਕ ਗਏ, ਉਹਨਾਂ ਨੇ ਮੁਸ਼ਕਲ ਨਾਲ ਮਿਲੇ ਇਸ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ, (ਉਹਨਾਂ ਮਾਇਆ ਦੇ ਹੱਥੋਂ) ਹਾਰ ਨਹੀਂ ਖਾਧੀ ।੧ ।
(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਸੰਤ ਜਨ ਹੋਰਨਾਂ ਨੂੰ ਭੀ ਵਿਕਾਰਾਂ ਤੋਂ ਬਚਾਣ ਦੀ ਸਮਰੱਥਾ ਰੱਖਦੇ ਹਨ, ਪਰ ਸੰਤ ਜਨ ਮਿਲਦੇ ਸਿਰਫ਼ ਉਸ ਮਨੁੱਖ ਨੂੰ ਹੀ ਹਨ ਜਿਸ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ।੨ ।
(ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਨੇ ਉਪਦੇਸ਼ ਦੇ ਦਿੱਤਾ ਉਸ ਦੇ ਮਨ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ, (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, ਉਸ ਦਾ ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਡੋਲਣੋਂ ਹਟ ਜਾਂਦਾ ਹੈ ।੩ ।
ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਪਾਸੋਂ (ਸਹੀ ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ ਉਸ ਨੂੰ ਸਭ ਤੋਂ ਕੀਮਤੀ ਪਦਾਰਥ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ, ਮਾਨੋ, ਦੁਨੀਆ ਦੇ ਸਾਰੇ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਉਸ ਨੂੰ ਕਰਾਮਤੀ ਤਾਕਤਾਂ ਪ੍ਰਾਪਤ ਹੋ ਜਾਂਦੀਆਂ ਹਨ (ਭਾਵ, ਉਸ ਨੂੰ ਦੁਨੀਆ ਦੇ ਧਨ-ਪਦਾਰਥ ਅਤੇ ਰਿੱਧੀਆਂ ਸਿੱਧੀਆਂ ਦੀ ਲਾਲਸਾ ਨਹੀਂ ਰਹਿ ਜਾਂਦੀ) ।੪।੧੪।੬੫ ।
Follow us on Twitter Facebook Tumblr Reddit Instagram Youtube