ਆਸਾ ਮਹਲਾ ੫ ॥
ਤੀਰਥਿ ਜਾਉ ਤ ਹਉ ਹਉ ਕਰਤੇ ॥
ਪੰਡਿਤ ਪੂਛਉ ਤ ਮਾਇਆ ਰਾਤੇ ॥੧॥

ਸੋ ਅਸਥਾਨੁ ਬਤਾਵਹੁ ਮੀਤਾ ॥
ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥

ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥
ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥੨॥

ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥
ਕਰਮ ਕਰਤ ਜੀਅ ਕਉ ਜੰਜਾਰ ॥੩॥

ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥
ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥

ਸਾਧਸੰਗਿ ਹਰਿ ਕੀਰਤਨੁ ਗਾਈਐ ॥
ਇਹੁ ਅਸਥਾਨੁ ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥

Sahib Singh
ਤੀਰਥਿ = (ਕਿਸੇ) ਤੀਰਥ ਉੱਤੇ ।
ਜਾਉ = ਜਾਉਂ, ਮੈਂ ਜਾਂਦਾ ਹਾਂ ।
ਹਉ ਹਉ = ਮੈਂ (ਧਰਮੀ) ਮੈਂ (ਧਰਮੀ) ।
ਪੰਡਿਤ = {ਬਹੁ = ਵਚਨ} ।
ਪੂਛਉ = ਪੂਛਉਂ, ਮੈਂ ਪੁੱਛਦਾ ਹਾਂ ।
ਰਾਤੇ = ਮਸਤ, ਰੰਗੇ ਹੋਏ ।੧ ।
ਅਸਥਾਨੁ = ਥਾਂ ।
ਮੀਤਾ = ਹੇ ਮਿੱਤਰ !
ਜਾ ਕੇ = ਜਿਸ ਦੇ ਪਾਸ, ਜਿਸ ਦੇ ਅੰਦਰ, ਜਿਸ ਦੀ ਰਾਹੀਂ ।
ਨੀਤਾ = ਨਿੱਤ, ਸਦਾ ।੧।ਰਹਾਉ ।
ਨਰਕਿ = ਨਰਕ ਵਿਚ ।
ਸੁਰਗਿ = ਸੁਰਗ ਵਿਚ ।
ਅਉਤਾਰ = ਜਨਮ ।੨ ।
ਚਿੰਤ = ਚਿੰਤਾ ।
ਉਦਾਸ = ਉਦਾਸ (ਮਹਿ), ਤਿਆਗ ਵਿਚ ।
ਕਰਮ = ਕਰਮ = ਕਾਂਡ, ਮਿਥੇ ਹੋਏ ਧਾਰਮਿਕ ਕੰਮ ।
ਜੀਅ ਕਉ = ਜਿੰਦ ਨੂੰ ।
ਜੰਜਾਰ = ਜੰਜਾਲ, ਬੰਧਨ ।੩ ।
ਤੇ = ਤੋਂ ਨਾਲ ।
ਵਸਿ = ਵੱਸ ਵਿਚ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਤਿਨਿ = ਉਸ ਨੇ ।੪ ।
ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ ।
ਤੇ = ਤੋਂ, ਪਾਸੋਂ ।
    ਰਹਾਉ ਦੂਜਾ ।
    
Sahib Singh
ਹੇ ਮਿੱਤਰ! ਨੂੰ ਮੈਨੂੰ ਉਹ ਥਾਂ ਦੱਸ ਜਿੱਥੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੋਵੇ ।੧।ਰਹਾਉ ।
ਹੇ ਮਿੱਤਰ! ਜੇ ਮੈਂ (ਕਿਸੇ) ਤੀਰਥ ਉਥੇ ਜਾਂਦਾ ਹਾਂ ਤਾਂ ਉਥੇ ਮੈਂ ‘ਮੈਂ (ਧਰਮੀ) ਮੈਂ (ਧਰਮੀ)’ ਆਖਦੇ ਵੇਖਦਾ ਹਾਂ, ਜੇ ਮੈਂ (ਜਾ ਕੇ) ਪੰਡਿਤਾਂ ਨੂੰ ਪੁੱਛਦਾ ਹਾਂ ਤਾਂ ਉਹ ਭੀ ਮਾਇਆ ਦੇ ਰੰਗ ਵਿਚ ਰੰਗੇ ਹੋਏ ਹਨ ।੧ ।
(ਹੇ ਮਿੱਤਰ!) ਸ਼ਾਸਤ੍ਰ ਤੇ ਬੇਦ ਪੁੰਨਾਂ ਤੇ ਪਾਪਾਂ ਦੇ ਵਿਚਾਰ ਹੀ ਦੱਸਦੇ ਹਨ (ਇਹ ਦੱਸਦੇ ਹਨ ਕਿ ਫਲਾਣੇ ਕੰਮ ਪਾਪ ਹਨ ਫਲਾਣੇ ਕੰਮ ਪੁੰਨ ਹਨ, ਜਿਨ੍ਹਾਂ ਦੇ ਕਰਨ ਨਾਲ) ਮੁੜ ਮੁੜ (ਕਦੇ) ਨਰਕ ਵਿਚ (ਤੇ ਕਦੇ) ਸੁਰਗ ਵਿਚ ਪੈ ਜਾਈਦਾ ਹੈ ।੨ ।
(ਹੇ ਮਿੱਤਰ!) ਗਿ੍ਰਹਸਤ ਵਿਚ ਰਹਿਣ ਵਾਲਿਆਂ ਨੂੰ ਚਿੰਤਾ ਦਬਾ ਰਹੀ ਹੈ, (ਗਿ੍ਰਹਸਤ ਦਾ) ਤਿਆਗ ਕਰਨ ਵਾਲੇ ਅਹੰਕਾਰ (ਨਾਲ ਆਫਰੇ ਹੋਏ ਹਨ), (ਨਿਰੇ) ਕਰਮ-ਕਾਂਡ ਕਰਨ ਵਾਲਿਆਂ ਦੀ ਜਿੰਦ ਨੂੰ (ਮਾਇਆ ਦੇ) ਜੰਜਾਲ (ਪਏ ਹੋਏ ਹਨ) ।੩ ।
ਹੇ ਨਾਨਕ! (ਆਖ—) ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਦਾ ਮਨ ਵੱਸ ਵਿਚ ਆ ਜਾਂਦਾ ਹੈ ਉਸ ਨੇ ਗੁਰੂ ਦੀ ਸਰਨ ਪੈ ਕੇ ਮਾਇਆ (ਦੀ ਸ਼ੂਕਦੀ ਨਦੀ) ਪਾਰ ਕਰ ਲਈ ਹੈ ।੪ ।
(ਹੇ ਮਿੱਤਰ!) ਸਾਧ ਸੰਗਤਿ ਵਿਚ ਰਹਿ ਕੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ (ਇਸ ਦੀ ਬਰਕਤਿ ਨਾਲ ਹਉਮੈ, ਮਾਇਆ ਦਾ ਮੋਹ, ਚਿੰਤਾ, ਅਹੰਕਾਰ ਦੇ ਜੰਜਾਲ ਆਦਿਕ ਕੋਈ ਭੀ ਪੋਹ ਨਹੀਂ ਸਕਦਾ) ਪਰ ਇਹ ਥਾਂ ਗੁਰੂ ਪਾਸੋਂ ਲੱਭਦਾ ਹੈ ।੧ ।
ਰਹਾਉ ਦੂਜਾ ।੭।੫੮ ।
Follow us on Twitter Facebook Tumblr Reddit Instagram Youtube