ਆਸਾ ਮਹਲਾ ੫ ॥
ਏਕੁ ਬਗੀਚਾ ਪੇਡ ਘਨ ਕਰਿਆ ॥
ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥

ਐਸਾ ਕਰਹੁ ਬੀਚਾਰੁ ਗਿਆਨੀ ॥
ਜਾ ਤੇ ਪਾਈਐ ਪਦੁ ਨਿਰਬਾਨੀ ॥
ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥

ਸਿੰਚਨਹਾਰੇ ਏਕੈ ਮਾਲੀ ॥
ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥

ਸਗਲ ਬਨਸਪਤਿ ਆਣਿ ਜੜਾਈ ॥
ਸਗਲੀ ਫੂਲੀ ਨਿਫਲ ਨ ਕਾਈ ॥੩॥

ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ॥
ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥

Sahib Singh
ਬਗੀਚਾ = ਬਾਗ਼, ਸੰਸਾਰ = ਬਗੀਚਾ ।
ਪੇਡ = ਰੁੱਖ, ਬੂਟੇ, ਜੀਵ ।
ਘਨ = ਬਹੁਤ, ਅਨੇਕਾਂ ।
ਕਰਿਆ = ਪੈਦਾ ਕੀਤੇ ਹਨ ।
ਫਲਿਆ = ਫਲ ਲੱਗਾ ।੧ ।
ਗਿਆਨੀ = ਹੇ ਗਿਆਨਵਾਨ ਮਨੁੱਖ !
ਜਾ ਤੇ = ਜਿਸ (ਵਿਕਾਰ) ਦੀ ਸਹਾਇਤਾ ਨਾਲ ।
ਪਦੁ = ਦਰਜਾ ।
ਨਿਰਬਾਨੀ = ਵਾਸਨਾ = ਰਹਿਤ, ਜਿਥੇ ਮਾਇਆ ਦੀਆਂ ਵਾਸਨਾਂ ਪੋਹ ਨ ਸਕਣ ।
ਆਸਿ ਪਾਸਿ = ਤੇਰੇ ਚਾਰ ਚੁਫੇਰੇ ।
ਬਿਖੂਆ = ਜ਼ਹਰ ।
ਕੁੰਟਾ = ਕੁੰਡ, ਚਸ਼ਮੇ ।
ਬੀਚਿ = (ਤੇਰੇ) ਅੰਦਰ ।
ਭਾਈ ਰੇ = ਹੇ ਭਾਈ !
    ।੧।ਰਹਾਉ ।
ਏਕੈ ਮਾਲੀ = ਇਕ ਮਾਲੀ ਨੂੰ ਹੀ (ਹਿਰਦੇ ਵਿਚ ਸੰਭਾਲ ਰੱਖ) ।
ਖਬਰਿ ਕਰਤ ਹੈ = ਸਾਰ ਲੈਂਦਾ ਹੈ ।
ਪਾਤ ਪਤ = ਹਰੇਕ ਪੱਤੇ ਦੀ ।੨ ।
ਸਗਲ ਬਨਸਪਤਿ = ਸਾਰੀ ਬਨਸਪਤੀ, ਬੇਅੰਤ ਜੀਅ ਜੰਤ ।
ਆਣਿ = ਲਿਆ ਕੇ ।
ਜੜਾਈ = ਸਜਾ ਦਿੱਤੀ ਹੈ ।
ਫੂਲੀ = ਫੁੱਲ ਦੇ ਰਹੀ ਹੈ, ਫੁੱਲ ਲੱਗ ਰਹੇ ਹਨ ।
ਨਿਫਲ = ਫਲ ਤੋਂ ਖ਼ਾਲੀ ।੩ ।
ਜਿਨਿ = ਜਿਸ (ਮਨੁੱਖ) ਨੇ ।
ਗੁਰ ਤੇ = ਗੁਰੂ ਪਾਸੋਂ ।
ਤਰੀ = ਪਾਰ ਕਰ ਲਈ, ਪਾਰ ਲੰਘ ਗਿਆ ।
ਤਿਨਿ = ਉਸ (ਮਨੁੱਖ) ਨੇ ।੪ ।
    
Sahib Singh
ਹੇ ਗਿਆਨਵਾਨ ਮਨੁੱਖ! ਕੋਈ ਇਹੋ ਜਿਹੀ ਵਿਚਾਰ ਕਰ ਜਿਸ ਦੀ ਬਰਕਤਿ ਨਾਲ ਉਹ (ਆਤਮਕ) ਦਰਜਾ ਪ੍ਰਾਪਤ ਹੋ ਜਾਏ ਜਿਥੇ ਕੋਈ ਵਾਸਨਾ ਨਾਹ ਪੋਹ ਸਕੇ ।
ਹੇ ਭਾਈ! ਤੇਰੇ ਚੁਫੇਰੇ (ਮਾਇਆ ਦੇ ਮੋਹ ਦੇ) ਜ਼ਹਰ ਦੇ ਚਸ਼ਮੇ (ਚੱਲ ਰਹੇ ਹਨ ਜੋ ਆਤਮਕ ਮੌਤ ਲੈ ਆਉਂਦੇ ਹਨ; ਪਰ ਤੇਰੇ) ਅੰਦਰ (ਨਾਮ-) ਅੰਮਿ੍ਰਤ (ਦਾ ਚਸ਼ਮਾ ਚੱਲ ਰਿਹਾ) ਹੈ ।੧।ਰਹਾਉ ।
ਹੇ ਭਾਈ! ਇਹ ਜਗਤ ਇਕ ਬਗ਼ੀਚਾ ਹੈ ਜਿਸ ਵਿਚ (ਸਿਰਜਣਹਾਰ-ਮਾਲੀ ਨੇ) ਬੇਅੰਤ ਬੂਟੇ ਲਾਏ ਹੋਏ ਹਨ (ਰੰਗਾ ਰੰਗ ਦੇ ਜੀਵ ਪੈਦਾ ਕੀਤੇ ਹੋਏ ਹਨ, ਇਹਨਾਂ ਵਿਚੋਂ ਜਿਨ੍ਹਾਂ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੰਜਿਆ ਜਾ ਰਿਹਾ) ਹੈ, ਉਹਨਾਂ ਵਿਚ (ਉੱਚੇ ਆਤਮਕ ਜੀਵਨ ਦਾ) ਡਰ ਲੱਗ ਰਿਹਾ ਹੈ ।੧ ।
(ਹੇ ਭਾਈ! ਆਤਮਕ ਜੀਵਨ ਵਾਸਤੇ ਨਾਮ-ਜਲ) ਸਿੰਜਣ ਵਾਲੇ ਉਸ ਇਕ (ਸਿਰਜਣਹਾਰ-) ਮਾਲੀ ਨੂੰ (ਆਪਣੇ ਹਿਰਦੇ ਵਿਚ ਸੰਭਾਲ ਰੱਖੋ) ਜੋ ਹਰੇਕ ਬੂਟੇ ਦੇ ਪੱਤਰ ਪੱਤਰ ਡਾਲੀ ਡਾਲੀ ਦੀ ਸੰਭਾਲ ਕਰਦਾ ਹੈ (ਜੋ ਹਰੇਕ ਜੀਵ ਦੇ ਆਤਮਕ ਜੀਵਨ ਦੇ ਹਰੇਕ ਪਹਿਲੂ ਦਾ ਖਿ਼ਆਲ ਰੱਖਦਾ ਹੈ) ।੨ ।
(ਹੇ ਭਾਈ! ਉਸ ਮਾਲੀ ਨੇ ਇਸ ਜਗਤ-ਬਗ਼ੀਚੇ ਵਿਚ) ਸਾਰੀ ਬਨਸਪਤੀ ਲਿਆ ਕੇ ਸਜਾ ਦਿੱਤੀ ਹੈ (ਰੰਗਾ ਰੰਗਦੇ ਜੀਵ ਪੈਦਾ ਕਰ ਕੇ ਸੰਸਾਰ-ਬਗ਼ੀਚੇ ਨੂੰ ਸੋਹਣਾ ਬਣਾ ਦਿੱਤਾ ਹੈ) ।
ਸਾਰੀ ਬਨਸਪਤੀ ਫੁੱਲ ਦੇ ਰਹੀ ਹੈ, ਕੋਈ ਬੂਟਾ ਫਲ ਤੋਂ ਖ਼ਾਲੀ ਨਹੀਂ (ਹਰੇਕ ਜੀਵ ਮਾਇਆ ਦੇ ਆਹਰੇ ਲੱਗਾ ਹੋਇਆ ਹੈ) ।੩ ।
(ਪਰ) ਹੇ ਦਾਸ ਨਾਨਕ! (ਆਖ—) ਜਿਸ ਮਨੁੱਖ ਨੇ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ ਹੈ ਉਸ ਨੇ ਮਾਇਆ (ਦੀ ਨਦੀ) ਪਾਰ ਕਰ ਲਈ ਹੈ ।੪।੫।੫੬ ।
Follow us on Twitter Facebook Tumblr Reddit Instagram Youtube