ਆਸਾ ਮਹਲਾ ੫ ॥
ਸਾਚਿ ਨਾਮਿ ਮੇਰਾ ਮਨੁ ਲਾਗਾ ॥
ਲੋਗਨ ਸਿਉ ਮੇਰਾ ਠਾਠਾ ਬਾਗਾ ॥੧॥

ਬਾਹਰਿ ਸੂਤੁ ਸਗਲ ਸਿਉ ਮਉਲਾ ॥
ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥੧॥ ਰਹਾਉ ॥

ਮੁਖ ਕੀ ਬਾਤ ਸਗਲ ਸਿਉ ਕਰਤਾ ॥
ਜੀਅ ਸੰਗਿ ਪ੍ਰਭੁ ਅਪੁਨਾ ਧਰਤਾ ॥੨॥

ਦੀਸਿ ਆਵਤ ਹੈ ਬਹੁਤੁ ਭੀਹਾਲਾ ॥
ਸਗਲ ਚਰਨ ਕੀ ਇਹੁ ਮਨੁ ਰਾਲਾ ॥੩॥

ਨਾਨਕ ਜਨਿ ਗੁਰੁ ਪੂਰਾ ਪਾਇਆ ॥
ਅੰਤਰਿ ਬਾਹਰਿ ਏਕੁ ਦਿਖਾਇਆ ॥੪॥੩॥੫੪॥

Sahib Singh
ਸਾਚਿ = ਸਦਾ = ਥਿਰ ਰਹਿਣ ਵਾਲੇ ਵਿਚ ।
ਨਾਮਿ = ਨਾਮ ਵਿਚ ।
ਸਿਉ = ਨਾਲ ।
ਠਾਠਾ ਬਾਗਾ = ਠੱਠ, ਵੱਗ, ਠਾਹ-ਠੀਆ, ਕੰਮ ਸਾਰਨ ਜੋਗਾ ਉੱਦਮ, ਉਤਨਾ ਕੁ ਵਰਤਣ-ਵਿਹਾਰ ਜਿਤਨੇ ਦੀ ਅੱਤ ਜ਼ਰੂਰੀ ਲੋੜ ਪਵੇ ।੧ ।
ਬਾਹਰਿ = ਦੁਨੀਆ ਵਿਚ, ਦੁਨੀਆ ਨਾਲ ਵਰਤਣ ਸਮੇਂ ।
ਸੂਤੁ ਮਉਲਾ = ਸੂਤ ਮਿਲਿਆ ਹੋਇਆ ਹੈ, ਪਿਆਰ ਬਣਿਆ ਹੋਇਆ ਹੈ, ਪਿਆਰ ਵਾਲਾ ਸੰਬੰਧ ਹੈ ।
ਅਲਿਪਤੁ = ਨਿਰਲੇਪ ।
ਰਹਉ = ਮੈਂ ਰਹਿੰਦਾ ਹਾਂ ।
ਕਉਲਾ = ਕੌਲ = ਫੁੱਲ ।੧।ਰਹਾਉ ।
ਮੁਖ ਕੀ ਬਾਤ = ਮੂੰਹੋਂ ਗੱਲਾਂ ।
ਜੀਅ ਸੰਗਿ = ਹਿਰਦੇ ਵਿਚ, ਜਿੰਦ ਵਿਚ ।੨ ।
ਭੀਹਾਲਾ = ਡਰਾਉਣਾ, ਰੁੱਖਾ, ਬੇ-ਮੇਹਰਾ, ਕੋਰਾ ।
ਰਾਲਾ = ਚਰਨ = ਧੂੜ, ਖ਼ਾਕ ।੩ ।
ਜਨਿ = ਜਨ ਨੇ, ਦਾਸ ਨੇ ।
ਅੰਤਰਿ = ਅੰਦਰ = ਵੱਸਦਾ ।
ਬਾਹਰਿ = ਸਾਰੇ ਜਗਤ ਵਿਚ ਵੱਸਦਾ ।
    
Sahib Singh
(ਹੇ ਭਾਈ!) ਦੁਨੀਆ ਨਾਲ ਵਰਤਣ-ਵਿਹਾਰ ਸਮੇ ਮੈਂ ਸਭਨਾਂ ਨਾਲ ਪਿਆਰ ਵਾਲਾ ਸੰਬੰਧ ਰੱਖਦਾ ਹਾਂ, (ਪਰ ਦੁਨੀਆ ਨਾਲ ਵਰਤਦਾ ਹੋਇਆ ਭੀ ਦੁਨੀਆ ਨਾਲ ਇਉਂ) ਨਿਰਲੇਪ ਰਹਿੰਦਾ ਹਾਂ ਜਿਵੇਂ ਪਾਣੀ ਵਿਚ (ਟਿਕਿਆ ਹੋਇਆ ਭੀ) ਕੌਲ-ਫੁੱਲ (ਪਾਣੀ ਤੋਂ ਨਿਰਲੇਪ ਰਹਿੰਦਾ ਹੈ) ।੧।ਰਹਾਉ ।
(ਹੇ ਭਾਈ!) ਮੇਰਾ ਮਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਸਦਾ) ਜੁੜਿਆ ਰਹਿੰਦਾ ਹੈ, ਦੁਨੀਆ ਦੇ ਲੋਕਾਂ ਨਾਲ ਮੇਰਾ ਉਤਨਾ ਕੁ ਹੀ ਵਰਤਣ-ਵਿਹਾਰ ਹੈ ਜਿਤਨੇ ਦੀ ਅੱਤ ਜ਼ਰੂਰੀ ਲੋੜ ਪੈਂਦੀ ਹੈ ।੧ ।
(ਹੇ ਭਾਈ!) ਮੈਂ ਸਭ ਲੋਕਾਂ ਨਾਲ (ਲੋੜ ਅਨੁਸਾਰ) ਮੂੰਹੋਂ ਤਾਂ ਗੱਲਾਂ ਕਰਦਾ ਹਾਂ (ਪਰ ਕਿਤੇ ਮੋਹ ਵਿਚ ਆਪਣੇ ਮਨ ਨੂੰ ਫਸਣ ਨਹੀਂ ਦੇਂਦਾ) ਆਪਣੇ ਹਿਰਦੇ ਵਿਚ ਮੈਂ ਸਿਰਫ਼ ਆਪਣੇ ਪਰਮਾਤਮਾ ਨੂੰ ਹੀ ਟਿਕਾਈ ਰੱਖਦਾ ਹਾਂ ।੨ ।
(ਹੇ ਭਾਈ! ਮੇਰੇ ਇਸ ਤ੍ਰਹਾਂ ਦੇ ਆਤਮਕ ਜੀਵਨ ਦੇ ਅੱਭਿਆਸ ਦੇ ਕਾਰਨ ਲੋਕਾਂ ਨੂੰ ਮੇਰਾ ਮਨ) ਬੜਾ ਰੁੱਖਾ ਕੋਰਾ ਦਿੱਸਦਾ ਹੈ; ਪਰ (ਅਸਲ ਵਿਚ ਮੇਰਾ) ਇਹ ਮਨ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ ।੩ ।
ਹੇ ਨਾਨਕ! ਜਿਸ (ਭੀ) ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ (ਗੁਰੂ ਨੇ ਉਸ ਨੂੰ) ਉਸ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇੱਕ ਪਰਮਾਤਮਾ ਹੀ ਵੱਸਦਾ ਵਿਖਾ ਦਿੱਤਾ ਹੈ (ਇਸ ਵਾਸਤੇ ਉਹ ਦੁਨੀਆ ਨਾਲ ਪਿਆਰ ਵਾਲਾ ਸਲੂਕ ਭੀ ਰੱਖਦਾ ਹੈ ਤੇ ਨਿਰਮੋਹ ਰਹਿ ਕੇ ਸੁਰਤਿ ਅੰਦਰ-ਵੱਸਦੇ ਪ੍ਰਭੂ ਵਿਚ ਹੀ ਜੋੜੀ ਰੱਖਦਾ ਹੈ) ।੪।੩।੫੪ ।
Follow us on Twitter Facebook Tumblr Reddit Instagram Youtube