ੴ ਸਤਿਗੁਰ ਪ੍ਰਸਾਦਿ ॥
ਰਾਗੁ ਆਸਾ ਘਰੁ ੭ ਮਹਲਾ ੫ ॥
ਲਾਲੁ ਚੋਲਨਾ ਤੈ ਤਨਿ ਸੋਹਿਆ ॥
ਸੁਰਿਜਨ ਭਾਨੀ ਤਾਂ ਮਨੁ ਮੋਹਿਆ ॥੧॥

ਕਵਨ ਬਨੀ ਰੀ ਤੇਰੀ ਲਾਲੀ ॥
ਕਵਨ ਰੰਗਿ ਤੂੰ ਭਈ ਗੁਲਾਲੀ ॥੧॥ ਰਹਾਉ ॥

ਤੁਮ ਹੀ ਸੁੰਦਰਿ ਤੁਮਹਿ ਸੁਹਾਗੁ ॥
ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥੨॥

ਤੂੰ ਸਤਵੰਤੀ ਤੂੰ ਪਰਧਾਨਿ ॥
ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥੩॥

ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ ॥
ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥੪॥

ਸੁਨਿ ਰੀ ਸਖੀ ਇਹ ਹਮਰੀ ਘਾਲ ॥
ਪ੍ਰਭ ਆਪਿ ਸੀਗਾਰਿ ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥

Sahib Singh
ਨੋਟ: = ਇਥੋਂ ਅਗਾਂਹ ‘ਘਰੁ ੭’ ਵਿਚ ਗਾਏ ਜਾਣ ਵਾਲੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੁੰਦਾ ਹੈ ।
ਤੈ ਤਨਿ = ਤੇਰੇ ਸਰੀਰ ਉਤੇ ।
ਸੋਹਿਆ = ਸੋਭ ਰਿਹਾ ਹੈ, ਸੋਹਣਾ ਲੱਗ ਰਿਹਾ ਹੈ ।
ਸੁਰਿਜਨ ਭਾਨੀ = ਸੱਜਣ ਹਰੀ ਨੂੰ ਪਿਆਰੀ ਲੱਗੀ ।
ਤਾਂ = ਤਾਂਹੀਏਂ ।
ਮੋਹਿਆ = ਮੋਹ ਲਿਆ ਹੈ ।੧ ।
ਕਵਨ = ਕਿਵੇਂ ?
ਰੀ = ਹੇ ਸਹੇਲੀ !
ਲਾਲੀ = ਮੂੰਹ ਦੀ ਲਾਲੀ ।
ਰੰਗਿ = ਰੰਗ ਨਾਲ ।
ਗੁਲਾਲੀ = ਗੂੜ੍ਹੇ ਰੰਗ ਵਾਲੀ ।੧।ਰਹਾਉ ।
ਸੁੰਦਰਿ = {ਇਸਤ੍ਰੀ ਲਿੰਗ} ਸੋਹਣੀ ।
ਤੁਮਹਿ ਸੁਹਾਗੁ = ਤੇਰਾ ਹੀ ਸੁਹਾਗ ।
ਤੁਮ ਘਰਿ = ਤੇਰੇ ਹਿਰਦੇ = ਘਰ ਵਿਚ ।
ਲਾਲਨੁ = ਪ੍ਰੀਤਮ = ਪ੍ਰਭੂ ।੨ ।
ਸਤਸੰਗੀ = ਉੱਚੇ ਆਚਰਨ ਵਾਲੀ ।
ਪਰਧਾਨਿ = ਮੰਨੀ = ਪ੍ਰਮੰਨੀ ।
ਪ੍ਰੀਤਮ ਭਾਨੀ = ਪ੍ਰੀਤਮ = ਪ੍ਰਭੂ ਨੂੰ ਪਿਆਰੀ ਲੱਗੀ ।
ਸੁਰ ਗਿਆਨਿ = ਸ੍ਰੇਸ਼ਟ ਗਿਆਨ ਵਾਲੀ ।੩ ।
ਰੰਗਿ ਗੁਲਾਲ = ਗੂੜ੍ਹੇ ਰੰਗ ਵਿਚ ।
ਨਿਹਾਲ = ਵੇਖਿਆ, ਤੱਕਿਆ ।੪ ।
ਘਾਲ = ਮੇਹਨਤ ।
ਪ੍ਰਭ ਆਪਿ = ਪ੍ਰਭੂ ਨੇ ਆਪ ਹੀ ।
ਸੀਗਾਰਿ = ਸਿੰਗਾਰ ਕੇ, ਸਜਾ ਕੇ ।
ਰਹਾਉ ਦੂਜਾ ।ਨੋਟ: = ‘ਰਹਾਉ ਦੂਜਾ’ ਵਿਚ ਪਹਿਲੇ ‘ਰਹਾਉ’ ਵਿਚ ਕੀਤੇ ਪ੍ਰਸ਼ਨ ਦਾ ਉੱਤਰ ਹੈ ।
    
Sahib Singh
ਹੇ ਭੈਣ! (ਦੱਸ,) ਤੇਰੇ ਚੇਹਰੇ ਉਤੇ ਲਾਲੀ ਕਿਵੇਂ ਆ ਬਣੀ ਹੈ ?
ਕਿਸ ਰੰਗ ਦੀ ਬਰਕਤਿ ਨਾਲ ਤੂੰ ਸੋਹਣੇ ਗੂੜ੍ਹੇ ਰੰਗ ਵਾਲੀ ਬਣ ਗਈ ਹੈਂ ?
।੧।ਰਹਾਉ ।
(ਹੇ ਭੈਣ!) ਤੇਰੇ ਸਰੀਰ ਉਤੇ ਲਾਲ ਰੰਗ ਦਾ ਚੋਲਾ ਸੋਹਣਾ ਲੱਗ ਰਿਹਾ ਹੈ (ਤੇਰੇ ਮੂੰਹ ਦੀ ਲਾਲੀ ਸੋਹਣੀ ਡਲ੍ਹਕ ਮਾਰ ਰਹੀ ਹੈ ।
ਸ਼ਾਇਦ) ਤੂੰ ਸੱਜਣ-ਹਰੀ ਨੂੰ ਪਿਆਰੀ ਲੱਗ ਰਹੀ ਹੈਂ, ਤਾਹੀਏਂ ਤੂੰ ਮੇਰਾ ਮਨ (ਭੀ) ਮੋਹ ਲਿਆ ਹੈ ।੧ ।
ਹੇ ਭੈਣ! ਤੂੰ ਬੜੀ ਸੋਹਣੀ ਦਿੱਸ ਰਹੀ ਹੈਂ, ਤੇਰਾ ਸੁਹਾਗ-ਭਾਗ ਉੱਘੜ ਆਇਆ ਹੈ (ਇਉਂ ਜਾਪਦਾ ਹੈ ਕਿ) ਤੇਰੇ ਹਿਰਦੇ-ਘਰ ਵਿਚ ਪ੍ਰੀਤਮ-ਪ੍ਰਭੂ ਆ ਵੱਸਿਆ ਹੈ; ਤੇਰੇ ਹਿਰਦੇ-ਘਰ ਵਿਚ ਕਿਸਮਤ ਜਾਗ ਪਈ ਹੈ ।੨ ।
ਹੇ ਭੈਣ! ਤੂੰ ਸੁੱਚੇ ਆਚਰਨ ਵਾਲੀ ਹੋ ਗਈ ਹੈਂ ਤੂੰ ਹੁਣ ਸਭ ਥਾਂ ਆਦਰ-ਮਾਣ ਪਾ ਰਹੀ ਹੈਂ ।
(ਜੇ) ਤੂੰ ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਰਹੀ ਹੈਂ (ਤਾਂ) ਤੂੰ ਸ੍ਰੇਸ਼ਟ ਗਿਆਨ ਵਾਲੀ ਬਣ ਗਈ ਹੈਂ ।੩ ।
ਹੇ ਨਾਨਕ! ਆਖ—(ਹੇ ਭੈਣ! ਮੈਂ) ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਗਈ ਹਾਂ, ਤਾਹੀਏਂ, ਮੈਂ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀ ਗਈ ਹਾਂ, ਉਹ ਪ੍ਰੀਤਮ-ਪ੍ਰਭੂ ਮੈਨੂੰ ਚੰਗੀ (ਪਿਆਰ-ਭਰੀ) ਨਿਗਾਹ ਨਾਲ ਤੱਕਦਾ ਹੈ ।੪ ।
(ਪਰ) ਹੇ ਸਹੇਲੀ! ਤੂੰ ਪੁੱਛਦੀ ਹੈਂ (ਮੈਂ ਕੇਹੜੀ ਮੇਹਨਤ ਕੀਤੀ, ਬੱਸ!) ਇਹੀ ਹੈ ਮੇਹਨਤ ਜੋ ਮੈਂ ਕੀਤੀ ਕਿ ਉਸ ਸੁੰਦਰਤਾ ਦੀ ਦਾਤਿ ਦੇਣ ਵਾਲੇ ਪ੍ਰਭੂ ਨੇ ਆਪ ਹੀ ਮੈਨੂੰ (ਆਪਣੇ ਪਿਆਰ ਦੀ ਦਾਤਿ ਦੇ ਕੇ) ਸੋਹਣੀ ਬਣਾ ਲਿਆ ਹੈ ।੧।ਰਹਾਉ ਦੂਜਾ।੧।੫੨ ।

ਨੋਟ: ਅਖ਼ੀਰਲਾ ਅੰਕ ੧ ਦੱਸਦਾ ਹੈ ਕਿ ‘ਘਰੁ’ ੮ ਦਾ ਇਹ ਪਹਿਲਾ ਸ਼ਬਦ ਹੈ ।
ਹੁਣ ਤਕ ਮ: ੫ ਦੇ ਕੁੱਲ ੫੨ ਸ਼ਬਦ ਆ ਚੁਕੇ ਹਨ ।
Follow us on Twitter Facebook Tumblr Reddit Instagram Youtube