ਆਸਾ ਮਹਲਾ ੫ ॥
ਕਰਿ ਕਿਰਪਾ ਪ੍ਰਭ ਅੰਤਰਜਾਮੀ ਸਾਧਸੰਗਿ ਹਰਿ ਪਾਈਐ ॥
ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ ॥੧॥

ਮਿਲਉ ਪਰੀਤਮ ਸੁਆਮੀ ਅਪੁਨੇ ਸਗਲੇ ਦੂਖ ਹਰਉ ਰੇ ॥
ਪਾਰਬ੍ਰਹਮੁ ਜਿਨ੍ਹਿ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ ॥੧॥ ਰਹਾਉ ॥

ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ॥
ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ ਜਪਿ ਅੰਮ੍ਰਿਤੁ ਹਰਿ ਰਸਨਾ ॥੨॥

ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥
ਗੁਰ ਪਰਸਾਦਿ ਭਏ ਜਨ ਮੁਕਤੇ ਹਰਿ ਹਰਿ ਨਾਮੁ ਅਰਾਧਿਆ ॥੩॥

ਰਾਖਿ ਲੀਏ ਪ੍ਰਭਿ ਰਾਖਨਹਾਰੈ ਜੋ ਪ੍ਰਭ ਅਪੁਨੇ ਭਾਣੇ ॥
ਜੀਉ ਪਿੰਡੁ ਸਭੁ ਤੁਮ੍ਹਰਾ ਦਾਤੇ ਨਾਨਕ ਸਦ ਕੁਰਬਾਣੇ ॥੪॥੧੧॥੫੦॥

Sahib Singh
ਪ੍ਰਭ ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ !
ਸਾਧ ਸੰਗਤਿ = ਸਾਧ ਸੰਗਤਿ ਵਿਚ ।
ਕਿਵਾਰ = ਕਿਵਾੜ, ਭਿੱਤ ।
ਪੁਨਰਪਿ = {ਪੁਨ: ਅਪਿ—ਫਿਰ ਭੀ} ਮੁੜ ਮੁੜ ।
ਜਨਮਿ = ਜਨਮ ਵਿਚ ।੧ ।
ਮਿਲਉ = ਮੈਂ ਮਿਲਾਂ ।
ਹਰਉ = ਮੈਂ ਦੂਰ ਕਰਾਂ ।
ਹੇ = ਹੇ ਭਾਈ !
ਜਿਨਿ@ = ਜਿਸ ਮਨੁੱਖ ਨੇ ।
ਰਿਦੈ = ਹਿਰਦੇ ਵਿਚ ।
ਤਾ ਕੈ ਸੰਗਿ = ਉਸ ਦੀ ਸੰਗਤਿ ਵਿਚ ।੧।ਰਹਾਉ ।
ਮਹਾ = ਵੱਡਾ ।
ਉਦਿਆਨ = ਜੰਗਲ ।
ਪਾਵਕ = ਅੱਗ ।
ਸਾਗਰ = ਸਮੁੰਦਰ ।
ਹਰਖ = ਖ਼ੁਸ਼ੀ ।
ਸੋਗ = ਗ਼ਮੀ ।
ਭੇਟਿ = ਭੇਟੇ, ਮਿਲਦਾ ਹੈ ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ ।
ਰਸਨਾ = ਜੀਭ (ਨਾਲ) ।੨ ।
ਥਾਪਿ = ਮਿਥ ਕੇ ।
ਕੋਮਲ = ਨਰਮ, ਮਿੱਠੇ ।
ਪਰਸਾਦਿ = ਕਿਰਪਾ ਨਾਲ ।
ਮੁਕਤੇ = ਸੁਤੰਤਰ, ਆਜ਼ਾਦ ।੩ ।
ਪ੍ਰਭਿ = ਪ੍ਰਭੂ ਨੇ ।
ਪ੍ਰਭ ਭਾਣੈ = ਪ੍ਰਭੂ ਨੂੰ ਚੰਗੇ ਲੱਗੇ ।
ਜੀਉ = ਜਿੰਦ ।
ਪਿੰਡੁ = ਸਰੀਰ ।
ਦਾਤੇ = ਹੇ ਦਾਤਾਰ !
ਸਦ = ਸਦਾ ।੪ ।
    
Sahib Singh
ਹੇ ਭਾਈ! (ਜੇ ਮੇਰੇ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ਤਾਂ) ਮੈਂ ਆਪਣੇ ਪਿਆਰੇ ਖਸਮ-ਪ੍ਰਭੂ ਨੂੰ ਮਿਲ ਪਵਾਂ ਤੇ ਆਪਣੇ ਸਾਰੇ ਦੁੱਖ ਦੂਰ ਕਰ ਲਵਾਂ ।
ਹੇ ਭਾਈ! ਜਿਸ ਮਨੁੱਖ ਨੇ ਪਾਰਬ੍ਰਹਮ ਪ੍ਰਭੂ ਨੂੰ ਆਪਣੇ ਹਿਰਦੇਵਿਚ ਸਿਮਰਿਆ ਹੈ, ਮੈਂ ਭੀ ਉਸ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ ।੧।ਰਹਾਉ ।
ਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੇਹਰ ਕਰ (ਤੇ ਮੈਨੂੰ ਗੁਰੂ ਦੀ ਸੰਗਤਿ ਮਿਲਾ) ।
(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ, ਸਾਡੇ (ਮਾਇਆ ਦੇ ਮੋਹ ਦੇ ਵੱਜੇ ਹੋਏ) ਭਿੱਤ ਖੋਲ੍ਹ ਕੇ ਆਪਣਾ ਦਰਸ਼ਨ ਕਰਾਂਦਾ ਹੈ, ਤੇ ਫਿਰ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ ।੧ ।
(ਹੇ ਭਾਈ! ਪ੍ਰਭੂ ਤੋਂ ਵਿਛੁੜਿਆਂ ਇਹ ਜਗਤ ਮਨੁੱਖ ਵਾਸਤੇ) ਇਕ ਵੱਡਾ ਜੰਗਲ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਭਟਕਦਾ ਫਿਰਦਾ ਹੈ) ਅੱਗ ਦਾ ਸਮੁੰਦਰ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਸੜਦਾ ਰਹਿੰਦਾ ਹੈ) ਕਦੇ ਖ਼ੁਸ਼ੀ ਵਿਚ ਵੱਸਦਾ ਹੈ, ਕਦੇ ਗ਼ਮੀ ਵਿਚ ਵੱਸਦਾ ਹੈ ।
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜੀਭ ਨਾਲ ਜਪ ਕੇ ਉਸ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ।੨ ।
(ਹੇ ਭਾਈ!) ਇਸ ਸਰੀਰ ਨੂੰ ਆਪਣਾ ਮਿਥ ਕੇ, ਇਸ ਧਨ ਨੂੰ ਆਪਣਾ ਮੰਨ ਕੇ ਜੀਵ (ਮਾਇਆ ਦੇ ਮੋਹ ਦੇ) ਮਿੱਠੇ ਮਿੱਠੇ ਬੰਧਨਾਂ ਨਾਲ ਬੱਝੇ ਰਹਿੰਦੇ ਹਨ, ਪਰ ਜੇਹੜੇ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਆਰਾਧਨ ਕੀਤਾ ਉਹ ਗੁਰੂ ਦੀ ਕਿਰਪਾ ਨਾਲ (ਇਹਨਾਂ ਕੋਮਲ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ।੩ ।
(ਹੇ ਭਾਈ!) ਜੇਹੜੇ ਮਨੁੱਖ, ਪਿਆਰੇ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ (ਮਾਇਆ ਦੇ ਕੋਮਲ ਬੰਧਨਾਂ ਤੋਂ) ਬਚਾਣ ਦੀ ਤਾਕਤ ਵਾਲੇ ਪ੍ਰਭੂ ਨੇ ਬਚਾ ਲਿਆ ।
ਹੇ ਨਾਨਕ! (ਆਖ—) ਹੇ ਦਾਤਾਰ! ਇਹ ਜਿੰਦ ਤੇ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਮੇਹਰ ਕਰ, ਮੈਂ ਇਹਨਾਂ ਨੂੰ ਆਪਣਾ ਹੀ ਨਾਹ ਮਿਥਦਾ ਰਹਾਂ) ।
ਹੇ ਦਾਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ।੪।੧੧।੫੦ ।
Follow us on Twitter Facebook Tumblr Reddit Instagram Youtube