ਆਸਾ ਮਹਲਾ ੫ ॥
ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥
ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥੧॥

ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹਾਰੇ ॥੧॥ ਰਹਾਉ ॥

ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥
ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਖੈ ॥੨॥

ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥
ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥

ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥

Sahib Singh
ਸਭੁ ਕੋ = ਹਰੇਕ ਜੀਵ ।
ਲਾਗੂ = ਵੈਰੀ ।
ਚੀਤਿ = ਚਿੱਤ ਵਿਚ ।
ਆਵਹਿ = ਜੇ ਤੂੰ ਆ ਵੱਸੇਂ ।
ਸੇਵਾ = ਆਦਰ ।
ਅਵਰੁ = ਹੋਰ ।
ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ !
ਅਲਖ = ਹੇ ਅਲੱਖ ।
    (ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ) ।
ਅਭੇਵ = ਜਿਸ ਦਾ ਭੇਦ ਨਾਹ ਪਾਇਆ ਜਾ ਸਕੇ ।੧ ।
ਆਵੈ ਚੀਤਿ = ਜੇ ਪਰਮਾਤਮਾ ਚਿੱਤ ਵਿਚ ਆ ਵੱਸੇ ।
ਵੇਚਾਰੇ = ਨਿਮਾਣੇ ।
ਕਹੁ = ਦੱਸ ।
ਜੀਅ = {ਲਫ਼ਜ਼ ‘ਜੀਵ’ ਤੋਂ ਬਹੁ-ਵਚਨ} ।੧।ਰਹਾਉ ।
ਆਧਾਰਾ = ਆਸਰਾ ।
ਦੇਇ = ਦੇ ਕੇ ।
ਕਉ = ਨੂੰ ।
ਬਿਪੁ = {ਵਿਪ੍ਰੇਯ} ਮੰਦਾ ਬਚਨ ।
ਭਾਖੈ = ਆਖਦਾ ।੨ ।
ਓਹੋ = ਉਹ ਹੀ ।
ਓਹਾ = ਉਹ ਹੀ {ਇਸਤ੍ਰੀਲਿੰਗ ਲਫ਼ਜ਼ “ਓਹੋ” ਦਾ} ।
ਮਨਿ = ਮਨ ਵਿਚ ।
ਭਾਣੀ = ਪਸੰਦ ਆਉਂਦੀ ।
ਦਾਨਾ = ਜਾਣਨ ਵਾਲਾ ।
ਮਾਣੀ = ਮੈਂ ਮਾਣਾਂ ।
ਸਦ = ਸਦਾ ।੩ ।
ਜੀਉ = ਜਿੰਦ ।
ਪਿੰਡੁ = ਸਰੀਰ ।
ਨਾਨਕ = ਹੇ ਨਾਨਕ !
    ।੪ ।
    
Sahib Singh
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ ਉਸ ਉਤੇ ਪਰਮਾਤਮਾ ਸਦਾ ਦਇਆਵਾਨ ਰਹਿੰਦਾ ਹੈ, ਦੁਨੀਆ ਦੇ ਵਿਚਾਰੇ ਲੋਕ ਉਸ ਦਾ ਕੁਝ ਵਿਗਾੜ ਨਹੀਂ ਸਕਦੇ ।
ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ।
ਫਿਰ ਦੱਸ, ਕਿਸ ਨੂੰ ਚੰਗਾ ਆਖਿਆ ਜਾ ਸਕਦਾ ਹੈ ਤੇ ਕਿਸ ਨੂੰ ਮੰਦਾ ਕਿਹਾ ਜਾ ਸਕਦਾ ਹੈ ?
(ਭਾਵ, ਪਰਮਾਤਮਾ ਦੀ ਯਾਦ ਮਨ ਵਿਚ ਵਸਾਣ ਵਾਲੇ ਮਨੁੱਖ ਨੂੰ ਸਭ ਜੀ ਪਰਮਾਤਮਾ ਦੇ ਪੈਦਾ ਕੀਤੇ ਦਿੱਸਦੇ ਹਨ, ਉਹ ਕਿਸੇ ਨੂੰ ਮਾੜਾ ਨਹੀਂ ਸਮਝਦਾ) ।੧।ਰਹਾਉ।ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚੋਂ ਭੁੱਲ ਜਾਏਂ ਤਾਂ ਹਰੇਕ ਜੀਵ ਮੈਨੂੰ ਵੈਰੀ ਜਾਪਦਾ ਹੈ, ਪਰ ਜੇ ਤੂੰ ਮੇਰੇ ਚਿੱਤ ਵਿਚ ਆ ਵੱਸੇਂ ਤਾਂ ਹਰ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ ।
ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਅਭੇਵ ਪ੍ਰਭੂ! ਮੈਨੂੰ (ਜਗਤ ਵਿਚ) ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ।੧ ।
ਹੇ ਪ੍ਰਭੂ! ਮੈਨੂੰ ਤੇਰੀ ਹੀ ਓਟ ਹੈ, ਤੇਰਾ ਹੀ ਆਸਰਾ ਹੈ, ਤੂੰ ਆਪਣਾ ਹੱਥ ਦੇ ਕੇ ਆਪ (ਸਾਡੀ) ਰੱਖਿਆ ਕਰਦਾ ਹੈਂ ।
ਜਿਸ ਮਨੁੱਖ ਉਤੇ ਤੇਰੀ (ਮੇਹਰ ਦੀ) ਨਜ਼ਰ ਹੋਵੇ ਉਸ ਨੂੰ ਕੋਈ ਮਨੁੱਖ ਮੰਦਾ ਬਚਨ ਨਹੀਂ ਆਖਦਾ ।੨ ।
ਹੇ ਪ੍ਰਭੂ ਜੀ! ਜੇਹੜੀ ਗੱਲ ਤੈਨੂੰ ਆਪਣੇ ਮਨ ਵਿਚ ਚੰਗੀ ਲੱਗਦੀ ਹੈ ਉਹੀ ਮੇਰੇ ਵਾਸਤੇ ਸੁਖ ਹੈ, ਉਹੀ ਮੇਰੇ ਵਾਸਤੇ ਆਦਰ ਸਤਕਾਰ ਹੈ ।
ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਦਾ ਸਭ ਜੀਵਾਂ ਤੇ ਦਇਆਵਾਨ ਰਹਿੰਦਾ ਹੈਂ ।
ਮੈਂ ਤਦੋਂ ਹੀ ਅਨੰਦ ਪ੍ਰਤੀਤ ਕਰ ਸਕਦਾ ਹਾਂ ਜਦੋਂ ਮੈਨੂੰ ਤੇਰਾ ਨਾਮ ਮਿਲਿਆ ਰਹੇ ।੩ ।
ਹੇ ਪ੍ਰਭੂ! ਤੇਰੇ ਅੱਗੇ ਮੇਰੀ ਅਰਦਾਸ ਹੈ—ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ।
ਹੇ ਨਾਨਕ! ਆਖ—(ਜੇ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ ਤਾਂ) ਇਹ ਤੇਰੀ ਹੀ ਬਖ਼ਸ਼ੀ ਹੋਈ ਵਡਿਆਈ ਹੈ ।
(ਜੇ ਮੈਂ ਤੈਨੂੰ ਭੁਲਾ ਬੈਠਾਂ ਤਾਂ) ਕੋਈ ਜੀਵ ਮੇਰਾ ਨਾਮ ਪਤਾ ਕਰਨ ਦੀ ਭੀ ਪਰਵਾਹ ਨਾਹ ਕਰੇ ।੪।੧੦।੪੯ ।
Follow us on Twitter Facebook Tumblr Reddit Instagram Youtube