ਆਸਾ ਮਹਲਾ ੫ ॥
ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥
ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥

ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥
ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥

ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥
ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥

ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥
ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥

ਗੁਣ ਨਿਧਾਨ ਸਾਹਿਬ ਮਨਿ ਮੇਲਾ ॥
ਸਰਣਿ ਪਇਆ ਨਾਨਕ ਸੋੁਹੇਲਾ ॥੪॥੯॥੪੮॥

Sahib Singh
ਆਗੈ ਹੀ ਤੇ = ਧੁਰ ਦਰਗਾਹ ਤੋਂ ਹੀ ।
ਕਿ = ਕੇਹੜਾ ?
ਭੂਲ ਚੂਕ = ਭੁੱਲਾਂ ਚੁੱਕਾਂ, ਗ਼ਲਤੀਆਂ ।੧ ।
ਮੋਹਿ = ਮੈਨੂੰ ।
ਕਉ = ਨੂੰ ।
ਦੀਨ = ਕੰਗਾਲ ।
ਮੁਖਿ = ਮੂੰਹ ਵਿਚ ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਜਲ ।੧।ਰਹਾਉ ।
ਪਰਹਰਿਆ = ਦੂਰ ਕਰ ਦਿੱਤੇ ।
ਮੁਕਤ = ਸੁਤੰਤਰ ।
ਕੂਪ = ਖੂਹ ।
ਤੇ = ਤੋਂ, ਵਿਚੋਂ ।
ਅੰਧ ਘੋਰ = ਘੁੱਪ ਹਨੇਰਾ ।
ਪਕਰਿ = ਫੜ ਕੇ ।
ਗੁਰਿ = ਗੁਰੂ ਨੇ ।੨ ।
ਰਾਖਨਹਾਰੇ = ਬਚਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਨੇ ।
ਸਗਲ = ਸਾਰੇ ।੩ ।
ਮੁਨਿ = ਮਨ ਵਿਚ ।
ਮੇਲਾ = ਮਿਲਾਪ ।
ਸੁੋਹੇਲਾ = ਸੌਖਾ {ਨੋਟ: = ਅੱਖਰ ‘ਸ’ ਦੇ ਨਾਲ ਦੋ ਲਗਾਂ ਹਨ— ੋ ਅਤੇ ੁ ।
    ਅਸਲ ਲਫ਼ਜ਼ ਹੈ ‘ਸੁਹੇਲਾ’, ਪਰ ਇਥੇ ਇਸ ਨੂੰ ‘ਸੋਹੇਲਾ’ ਪੜ੍ਹਨਾ ਹੈ} ।
    
Sahib Singh
(ਹੇ ਭਾਈ!) ਮੇਰਾ ਸਤਿਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ ਉਸ ਨੇ ਮੈਨੂੰ (ਆਤਮਕ ਜੀਵਨ ਦੇ ਸਰਮਾਏ ਵਲੋਂ) ਕੰਗਾਲ ਨੂੰ (ਆਤਮਕ ਮੌਤ ਲਿਆਉਣ ਵਾਲੇ ਰੋਗ ਤੋਂ) ਬਚਾ ਲਿਆ ।
(ਸਤਿਗੁਰੂ ਨੇ) ਮੇਰੇ ਮੂੰਹ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਇਆ (ਮੇਰਾ ਵਿਕਾਰਾਂ ਦਾ) ਰੋਗ ਕੱਟਿਆ ਗਿਆ, ਮੈਨੂੰ ਬੜਾ ਆਤਮਕ ਆਨੰਦ ਪ੍ਰਾਪਤ ਹੋਇਆ ।੧।ਰਹਾਉ ।
ਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ—ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ ਸਕਦਾ ਹੈ ?
ਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ ਨੂੰ ਬਖ਼ਸ਼ ਲਿਆ ਹੈ ।੧ ।
(ਹੇ ਭਾਈ!) ਗੁਰੂ ਨੇ ਮੇਰੇ ਅਨੇਕਾਂ ਪਾਪ ਦੂਰ ਕਰ ਦਿੱਤੇ ਹਨ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇਹਨ ਮੈਂ (ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ ।
ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ ਕੱਢ ਲਿਆ ਹੈ ।੨ ।
(ਹੇ ਭਾਈ! ਵਿਕਾਰਾਂ ਤੋਂ) ਬਚਾ ਸਕਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ (ਮੈਨੂੰ ਵਿਕਾਰਾਂ ਤੋਂ) ਬਚਾ ਲਿਆ ਹੈ, ਹੁਣ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹਾਂ (ਇਸ ਪਾਸੇ ਵਲੋਂ) ਮੇਰਾ ਹਰੇਕ ਕਿਸਮ ਦਾ ਡਰ-ਖ਼ਤਰਾ ਮੁੱਕ ਗਿਆ ਹੈ ।
ਹੇ ਮੇਰੇ ਪ੍ਰਭੂ! ਤੇਰੀ ਅਜੇਹੀ ਬਖ਼ਸ਼ਸ਼ ਮੇਰੇ ਉੱਤੇ ਹੋਈ ਹੈ ਕਿ ਮੇਰੇ (ਆਤਮਕ ਜੀਵਨ ਦੇ) ਸਾਰੇ ਹੀ ਕਾਰਜ ਸਿਰੇ ਚੜ੍ਹ ਗਏ ਹਨ ।੩ ।
ਹੇ ਨਾਨਕ! (ਆਖ—ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿਚ ਮਿਲਾਪ ਹੋ ਗਿਆ ਹੈ (ਜਦੋਂ ਦਾ ਗੁਰੂ ਦੀ ਕਿਰਪਾ ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ ਮੈਂ ਸੌਖਾ ਹੋ ਗਿਆ ਹਾਂ ।੪।੯।੪੮ ।
Follow us on Twitter Facebook Tumblr Reddit Instagram Youtube