ੴ ਸਤਿਗੁਰ ਪ੍ਰਸਾਦਿ ॥
ਰਾਗੁ ਆਸਾ ਘਰੁ ੬ ਮਹਲਾ ੫ ॥
ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥
ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥੧॥

ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥
ਮਸਲਤਿ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵਹਿ ॥੧॥ ਰਹਾਉ ॥

ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ ਸਾਧਸੰਗਿ ਰਸੁ ਪਾਇਆ ॥
ਤ੍ਰਿਪਤਿ ਅਘਾਇ ਸੇਈ ਜਨ ਪੂਰੇ ਸੁਖ ਨਿਧਾਨੁ ਹਰਿ ਗਾਇਆ ॥੨॥

ਜਾ ਕਉ ਟੇਕ ਤੁਮ੍ਹਾਰੀ ਸੁਆਮੀ ਤਾ ਕਉ ਨਾਹੀ ਚਿੰਤਾ ॥
ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ॥੩॥

ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ ॥
ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ ॥੪॥੧॥੪੦॥

Sahib Singh
ਪਰਵਾਨਾ = ਕਬੂਲ ।
ਸਹਜੁ = ਆਤਮਕ ਅਡੋਲਤਾ ।
ਮਨਿ = ਮਨ ਵਿਚ ।
ਸੋਈ = ਉਹੀ, (ਪਰਮਾਤਮਾ ਦੀ ਰਜ਼ਾ ਮੰਨਣਾ ਹੀ) ।
ਰੇ = ਹੇ ਭਾਈ !
    ।੧ ।
ਰਸਕਿ = ਰਸ ਲੈ ਲੈ ਕੇ, ਸੁਆਦ ਨਾਲ ।
ਗਾਵਹਿ = ਗਾਂਦੇ ਹਨ ।
ਮਸਲਤਿ = ਸਲਾਹ = ਮਸ਼ਵਰਾ ।
ਮਤਾ = ਫ਼ੈਸਲਾ ।੧।ਰਹਾਉ ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ।
ਤਿ੍ਰਪਤਿ = ਤਿ੍ਰਪਤੀ, ਸੰਤੋਖ, ਰੱਜ ।
ਅਘਾਇ = ਰੱਜ ਕੇ ।
ਨਿਧਾਨੁ = ਖ਼ਜ਼ਾਨਾ ।੨ ।
ਕਉ = ਨੂੰ ।
ਟੇਕ = ਆਸਰਾ ।
ਭਗਵੰਤਾ = ਭਾਗਾਂ ਵਾਲੇ ।੩ ।
ਭਰਮ = ਭਟਕਣ ।
ਧ੍ਰੋਹ = ਠੱਗੀ ।
ਸਭਿ = ਸਾਰੇ ।
ਨਿਕਸੇ = ਨਿਕਲ ਗਏ ।
ਸਚੁ = ਸਦਾ ਕਾਇਮ ਰਹਿਣ ਵਾਲਾ ।
ਨਾਮੇ = ਨਾਮ ਵਿਚ ਹੀ ।
ਰੰਗਿ = ਪ੍ਰੇਮ ਨਾਲ ।੪ ।
    
Sahib Singh
(ਹੇ ਪ੍ਰਭੂ!) ਤੇਰੇ ਦਾਸ ਮੁੜ ਮੁੜ ਸੁਆਦ ਨਾਲ ਤੇਰੇ ਗੁਣ ਗਾਂਦੇ ਰਹਿੰਦੇ ਹਨ ।
ਜੋ ਕੁਝ ਤੂੰ ਆਪਕਰਦਾ ਹੈਂ ਜੋ ਕੁਝ ਜੀਵਾਂ ਪਾਸੋਂ ਕਰਾਂਦਾ ਹੈਂ (ਉਸ ਨੂੰ ਸਿਰ-ਮੱਥੇ ਤੇ ਮੰਨਣਾ ਹੀ) ਤੇਰੇ ਦਾਸਾਂ ਵਾਸਤੇ ਸਿਆਣਪ ਹੈ (ਆਤਮਕ ਜੀਵਨ ਦੀ ਅਗਵਾਈ ਲਈ) ਸਲਾਹ-ਮਸ਼ਵਰਾ ਤੇ ਫ਼ੈਸਲਾ ਹੈ ।੧।ਰਹਾਉ ।
ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਤੇਰੇ ਸੇਵਕਾਂ ਨੂੰ (ਸਿਰ-ਮੱਥੇ ਉੱਤੇ) ਪਰਵਾਨ ਹੁੰਦਾ ਹੈ, ਤੇਰੀ ਰਜ਼ਾ ਹੀ ਉਹਨਾਂ ਦੇ ਮਨ ਵਿਚ ਆਨੰਦ ਤੇ ਆਤਮਕ ਅਡੋਲਤਾ ਪੈਦਾ ਕਰਦੀ ਹੈ ।
ਹੇ ਪ੍ਰਭੂ! ਤੈਨੂੰ ਹੀ ਤੇਰੇ ਦਾਸ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਾਣ ਦੀ ਤਾਕਤ ਰੱਖਣ ਵਾਲਾ ਮੰਨਦੇ ਹਨ, ਤੂੰ ਹੀ ਉਹਨਾਂ ਦੀ ਨਿਗਾਹ ਵਿਚ ਬੇਅੰਤ ਹੈਂ ।
ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ।੧ ।
ਹੇ ਪਿਆਰੇ ਪ੍ਰਭੂ! ਤੇਰੇ ਦਾਸਾਂ ਵਾਸਤੇ ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਸਾਧ ਸੰਗਤਿ ਵਿਚ ਬੈਠ ਕੇ ਉਹ (ਤੇਰੇ ਨਾਮ ਦਾ) ਰਸ ਮਾਣਦੇ ਹਨ ।
(ਹੇ ਭਾਈ!) ਜਿਨ੍ਹਾਂ ਨੇ ਸੁਖਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕੀਤੀ ਉਹ ਮਨੁੱਖ ਗੁਣਾਂ ਨਾਲ ਭਰਪੂਰ ਹੋ ਗਏ ਉਹੀ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ ਤਿ੍ਰਪਤ ਹੋ ਗਏ ।੨ ।
ਹੇ ਪ੍ਰਭੂ! ਹੇ ਸੁਆਮੀ! ਜਿਨ੍ਹਾਂ ਮਨੁੱਖਾਂ ਨੂੰ ਤੇਰਾ ਆਸਰਾ ਹੈ ਉਹਨਾਂ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ ।
ਹੇ ਸੁਆਮੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ ਉਹ (ਨਾਮ-ਧਨ ਨਾਲ) ਸਾਹੂਕਾਰ ਬਣ ਗਏ ਉਹ ਭਾਗਾਂ ਵਾਲੇ ਬਣ ਗਏ ।੩ ।
ਹੇ ਨਾਨਕ! (ਆਖ—) ਜਦੋਂ ਹੀ ਕੋਈ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ (ਉਸ ਦੇ ਅੰਦਰੋਂ) ਭਟਕਣਾ ਮੋਹ, ਠੱਗੀਆਂ ਆਦਿਕ ਸਾਰੇ ਵਿਕਾਰ ਨਿਕਲ ਜਾਂਦੇ ਹਨ ।
ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਾਮਤਮਾ ਦੇ ਨਾਮ ਨੂੰ ਆਪਣੀ ਰੋਜ਼ ਦੀ ਵਰਤਣ ਬਣਾ ਲੈਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ।੪।੧।੪੦ ।

ਨੋਟ: ‘ਘਰੁ ੬’ ਦੇ ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ ।
Follow us on Twitter Facebook Tumblr Reddit Instagram Youtube