ਆਸਾ ਮਹਲਾ ੫ ਦੁਪਦੇ ॥
ਭਈ ਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਅਵਰਿ ਕਾਜ ਤੇਰੈ ਕਿਤੈ ਨ ਕਾਮ ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥

ਸਰੰਜਾਮਿ ਲਾਗੁ ਭਵਜਲ ਤਰਨ ਕੈ ॥
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
ਕਹੁ ਨਾਨਕ ਹਮ ਨੀਚ ਕਰੰਮਾ ॥
ਸਰਣਿ ਪਰੇ ਕੀ ਰਾਖਹੁ ਸਰਮਾ ॥੨॥੨੯॥

Sahib Singh
ਦੇਹੁਰੀਆ = ਸੋਹਣੀ ਦੇਹੀ ।
ਮਾਨੁਖ ਦੇਹੁਰੀਆ = ਮਨੁੱਖਾ ਜਨਮ ਦੀ ਸੋਹਣੀ ਦੇਹੀ ।
ਬਰੀਆ = ਵਾਰੀ ।
ਅਵਰਿ = {ਲਫ਼ਜ਼ ‘ਅਵਰ’ ਤੋਂ ਬਹੁ-ਵਚਨ} ਹੋਰ ਹੋਰ ।੧ ।
ਸਰੰਜਾਮਿ = ਸਰੰਜਾਮ ਵਿਚ, ਆਹਰ ਵਿਚ ।
ਲਾਗੁ = ਲੱਗ ।
ਭਵਜਲ = ਸੰਸਾਰ = ਸਮੁੰਦਰ ।
ਤਰਨ ਕੈ ਸਰੰਜਾਮਿ = ਤਰਨ ਦੇ ਆਹਰ ਵਿਚ ।
ਬਿ੍ਰਥਾ ਜਾਤ = ਵਿਅਰਥ ਜਾ ਰਿਹਾ ਹੈ ।
ਰੰਗਿ = ਰੰਗ ਵਿਚ, ਪਿਆਰ ਵਿਚ, ਮੋਹ ਵਿਚ ।੧।ਰਹਾਉ ।
ਸੰਜਮੁ = (ਇੰਦਿ੍ਰਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ) ਜਤਨ ।
ਸਾਧ = ਸੰਤ = ਜਨ ।
ਹਰਿ ਰਾਇਆ = ਹੇ ਪ੍ਰਭੂ ਪਾਤਸ਼ਾਹ !
ਨਾਨਕ = ਹੇ ਨਾਨਕ !
ਨੀਚ ਕਰੰਮਾ = ਮੰਦ = ਕਰਮੀ ।
ਸਰਮਾ = ਸ਼ਰਮ, ਲਾਜ ।੨ ।
    
Sahib Singh
(ਹੇ ਭਾਈ!) ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤਿ ਆਤਮਕ ਜੀਵਨ ਲੈ ਕੇ) ਪਾਰ ਲੰਘਣ ਦੇ ਆਹਰ ਵਿਚ (ਭੀ) ਲੱਗ ।
ਮਾਇਆ ਦੇ ਮੋਹ ਵਿਚ (ਫਸ ਕੇ) ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ।੧।ਰਹਾਉ ।
ਹੇ ਭਾਈ! ਤੈਨੂੰ ਮਨੁੱਖਾ ਜਨਮ ਦੇ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ, ਇਹੀ ਹੈ ਸਮਾ ਪਰਮਾਤਮਾ ਨੂੰ ਮਿਲਣ ਦਾ ।
ਤੇਰੇ ਹੋਰ ਹੋਰ ਕੰਮ (ਪਰਮਾਤਮਾ ਨੂੰ ਮਿਲਣ ਦੇ ਰਸਤੇ ਵਿਚ) ਤੇਰੇ ਕਿਸੇ ਕੰਮ ਨਹੀਂ ਆਉਣਗੇ ।
(ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਬੈਠਿਆ ਕਰ (ਤੇ ਉਥੇ) ਸਿਰਫ਼ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ।੧ ।
ਹੇ ਨਾਨਕ! ਆਖ—ਹੇ ਪ੍ਰਭੂ ਪਾਤਸ਼ਾਹ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ; ਮੈਂ ਇਹੋ ਜਿਹਾ ਕੋਈ ਹੋਰ ਧਰਮ ਭੀ ਨਹੀਂ ਕੀਤਾ (ਮੈਨੂੰ ਕਿਸੇ ਜਪ ਤਪ ਸੰਜਮ ਆਦਿਕ ਦਾ ਸਹਾਰਾ-ਮਾਣ ਨਹੀਂ ਹੈ) ।
ਹੇ ਪ੍ਰਭੂ-ਪਾਤਸ਼ਾਹ! ਮੈਂ ਤਾਂ ਤੇਰੇ ਸੰਤ ਜਨਾਂ ਦੀ ਸੇਵਾ ਕਰਨ ਦੀ ਜਾਚ ਭੀ ਨਾਹ ਸਿੱਖੀ ।
ਮੈਂ ਬੜਾ ਮੰਦ-ਕਰਮੀ ਹਾਂ (ਪਰ ਮੈਂ ਤੇਰੀ ਸਰਨ ਆ ਪਿਆ ਹਾਂ) ਸਰਨ ਪਏ ਦੀ ਮੇਰੀ ਲਾਜ ਰੱਖੀਂ ।੨।੨੯ ।

ਨੋਟ: ਨੰਬਰ ੨੯ ਤੋਂ ਦੋ ਬੰਦਾਂ ਵਾਲੇ ਸ਼ਬਦ ਸ਼ੁਰੂ ਹੋਏ ਹਨ ਜੋ ਨੰਬਰ ੩੪ ਤਕ ਗਿਣਤੀ ਵਿਚ ੬ ਹਨ ।
Follow us on Twitter Facebook Tumblr Reddit Instagram Youtube