ਆਸਾ ਮਹਲਾ ੫ ॥
ਗੁਰ ਕੈ ਸਬਦਿ ਬਨਾਵਹੁ ਇਹੁ ਮਨੁ ॥
ਗੁਰ ਕਾ ਦਰਸਨੁ ਸੰਚਹੁ ਹਰਿ ਧਨੁ ॥੧॥

ਊਤਮ ਮਤਿ ਮੇਰੈ ਰਿਦੈ ਤੂੰ ਆਉ ॥
ਧਿਆਵਉ ਗਾਵਉ ਗੁਣ ਗੋਵਿੰਦਾ ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥੧॥ ਰਹਾਉ ॥

ਤ੍ਰਿਪਤਿ ਅਘਾਵਨੁ ਸਾਚੈ ਨਾਇ ॥
ਅਠਸਠਿ ਮਜਨੁ ਸੰਤ ਧੂਰਾਇ ॥੨॥

ਸਭ ਮਹਿ ਜਾਨਉ ਕਰਤਾ ਏਕ ॥
ਸਾਧਸੰਗਤਿ ਮਿਲਿ ਬੁਧਿ ਬਿਬੇਕ ॥੩॥

ਦਾਸੁ ਸਗਲ ਕਾ ਛੋਡਿ ਅਭਿਮਾਨੁ ॥
ਨਾਨਕ ਕਉ ਗੁਰਿ ਦੀਨੋ ਦਾਨੁ ॥੪॥੨੫॥

Sahib Singh
ਸਬਦਿ = ਸ਼ਬਦ ਦੀ ਰਾਹੀਂ ।
ਬਨਾਵਹੁ = ਨਵੇਂ ਸਿਰੇ ਘੜੋ, ਸੋਹਣਾ ਬਣਾ ਲਵੋ ।
ਸੰਚਹੁ = ਇਕੱਠਾ ਕਰੋ ।੧।ਮਤਿ—ਹੇ ਮਤਿ !
ਮੇਰੈ ਰਿਦੈ = ਮੇਰੇ ਹਿਰਦੇ ਵਿਚ, ਮੇਰੇ ਅੰਦਰ ।
ਧਿਆਵਉ = ਮੈਂ ਧਿਆਵਾਂ ।
ਗਾਵਉ = ਮੈਂ ਗਾਵਾਂ ।
ਅਤਿ ਪ੍ਰੀਤਮ = ਬਹੁਤ ਪਿਆਰਾ ।
ਮੋਹਿ = ਮੈਨੂੰ ।੧।ਰਹਾਉ ।
ਤਿ੍ਰਪਤਿ = ਰੱਜ ।
ਅਘਾਵਨੁ = ਰੱਜ ।
ਨਾਇ = ਨਾਮ ਦੀ ਰਾਹੀਂ ।
ਅਠਸਠਿ = ਅਠਾਹਠ ।
ਮਜਨੁ = ਇਸ਼ਨਾਨ ।
ਧੂਰਾਇ = ਧੂੜ ।੨ ।
ਜਾਨਉ = ਮੈਂ ਜਾਣਦਾ ਹਾਂ, ਜਾਨਉਂ ।
ਮਿਲਿ = ਮਿਲ ਕੇ ।
ਬਿਬੇਕ = ਚੰਗੇ ਮੰਦੇ ਦੀ ਪਰਖ ।੩ ।
ਕਉ = ਨੂੰ ।
ਗੁਰਿ = ਗੁਰੂ ਨੇ ।੪ ।
    
Sahib Singh
ਹੇ ਸ੍ਰੇਸ਼ਟ ਮਤਿ! (ਜੇ ਗੁਰੂ ਮੇਹਰ ਕਰੇ ਤਾਂ) ਤੂੰ ਮੇਰੇ ਅੰਦਰ ਆ ਵੱਸ ਤਾ ਕਿ ਮੈਂ ਪਰਮਾਤਮਾ ਦੇ ਗੁਣ ਗਾਵਾਂ ਪਰਮਾਤਮਾ ਦਾ ਧਿਆਨ ਧਰਾਂ ਤੇ ਪਰਮਾਤਮਾ ਦਾ ਨਾਮ ਮੈਨੂੰ ਬਹੁਤ ਪਿਆਰਾ ਲੱਗ ਪਏ ।੧।ਰਹਾਉ ।
(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਇਸ ਮਨ ਨੂੰ ਨਵੇਂ ਸਿਰੇ ਘੜੋ ।
(ਗੁਰੂ ਦਾ ਸ਼ਬਦ ਹੀ) ਗੁਰੂ ਦਾ ਦੀਦਾਰ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ ।੧ ।
(ਹੇ ਭਾਈ!) ਗੁਰੂ ਦੇ ਚਰਨਾਂ ਦੀ ਧੂੜ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ ।
(ਗੁਰੂ ਦੀ ਰਾਹੀਂ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਨ ਰੱਜ ਜਾਂਦਾ ਹੈ ।੨ ।
(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਪ੍ਰਾਪਤ ਕਰ ਲਈ ਹੈ ਤੇ ਮੈਂ ਹੁਣ ਸਭਨਾਂ ਵਿਚ ਇਕ ਕਰਤਾਰ ਨੂੰ ਹੀ ਵੱਸਦਾ ਪਛਾਣਦਾ ਹਾਂ ।੩ ।
(ਹੇ ਭਾਈ! ਮੈਨੂੰ) ਨਾਨਕ ਨੂੰ ਗੁਰੂ ਨੇ (ਬਿਬੇਕ ਬੁਧਿ ਦੀ ਅਜੇਹੀ) ਦਾਤਿ ਬਖ਼ਸ਼ੀ ਹੈ ਕਿ ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ ।੪।੨੫ ।
Follow us on Twitter Facebook Tumblr Reddit Instagram Youtube