ਆਸਾ ਮਹਲਾ ੫ ॥
ਨਉ ਨਿਧਿ ਤੇਰੈ ਸਗਲ ਨਿਧਾਨ ॥
ਇਛਾ ਪੂਰਕੁ ਰਖੈ ਨਿਦਾਨ ॥੧॥

ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥
ਤੂੰ ਮਨਿ ਵਸਿਆ ਲਗੈ ਨ ਦੂਖਾ ॥੧॥ ਰਹਾਉ ॥

ਜੋ ਤੂੰ ਕਰਹਿ ਸੋਈ ਪਰਵਾਣੁ ॥
ਸਾਚੇ ਸਾਹਿਬ ਤੇਰਾ ਸਚੁ ਫੁਰਮਾਣੁ ॥੨॥

ਜਾ ਤੁਧੁ ਭਾਵੈ ਤਾ ਹਰਿ ਗੁਣ ਗਾਉ ॥
ਤੇਰੈ ਘਰਿ ਸਦਾ ਸਦਾ ਹੈ ਨਿਆਉ ॥੩॥

ਸਾਚੇ ਸਾਹਿਬ ਅਲਖ ਅਭੇਵ ॥
ਨਾਨਕ ਲਾਇਆ ਲਾਗਾ ਸੇਵ ॥੪॥੨੦॥

Sahib Singh
ਤੇਰੈ = ਤੇਰੇ ਘਰ ਵਿਚ (ਹੇ ਪ੍ਰਭੂ!) ।
ਸਗਲ = ਸਾਰੇ ।
ਨਿਧਿ = ਖ਼ਜ਼ਾਨਾ ।
ਨਿਧਾਨ = ਖ਼ਜ਼ਾਨੇ ।
ਇਛਾ ਪੂਰਕੁ = ਇੱਛਾ ਪੂਰੀ ਕਰਨ ਵਾਲਾ ।
ਰਖੈ = ਰਾਖੀ ਕਰਦਾ ਹੈ ।
ਨਿਦਾਨ = ਅੰਤ ਨੂੰ (ਜਦੋਂ ਹੋਰ ਆਸਰੇ ਛੱਡ ਕੇ ਜੀਵ ਉਸ ਦੀ ਸਰਨ ਪੈਂਦਾ ਹੈ) ।੧ ।
ਭੂਖਾ = ਭੁੱਖ, ਤ੍ਰਿਸ਼ਨਾ ।
ਮਨਿ = ਮਨ ਵਿਚ ।੧।ਰਹਾਉ ।
ਪਰਵਾਣੁ = ਕਬੂਲ ।
ਸਾਚੇ ਸਾਹਿਬ = ਹੇ ਸਦਾ = ਥਿਰ ਰਹਿਣ ਵਾਲੇ ਮਾਲਕ !
ਸਚੁ = ਸਦਾ ਕਾਇਮ ਰਹਿਣ ਵਾਲਾ ।
ਫੁਰਮਾਣੁ = ਹੁਕਮ ।੨ ।
ਤੁਧੁ = ਤੈਨੂੰ ।
ਗਾਉ = ਗਾਉਂ, ਮੈਂ ਗਾਂਦਾ ਹਾਂ ।
ਘਰਿ = ਘਰ ਵਿਚ ।
ਨਿਆਉ = ਇਨਸਾਫ਼ ।੩ ।
ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ ।
ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ ।੪ ।
    
Sahib Singh
(ਹੇ ਪ੍ਰਭੂ!) ਜਦੋਂ ਤੂੰ ਮੇਰੇ ਨਾਲ ਪਿਆਰ ਕਰਨ ਵਾਲਾ ਹੈਂ (ਤੇ ਮੈਨੂੰ ਸਭ ਕੁਝ ਦੇਣ ਵਾਲਾ ਹੈਂ) ਤਾਂ ਮੈਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਸਕਦੀ ।
ਜੇ ਤੂੰ ਮੇਰੇ ਮਨ ਵਿਚ ਟਿਕਿਆ ਰਹੇਂ ਤਾਂ ਕੋਈ ਭੀ ਦੁੱਖ ਮੈਨੂੰ ਪੋਹ ਨਹੀਂ ਸਕਦਾ ।੧।ਰਹਾਉ ।
(ਹੇ ਪ੍ਰਭੂ!) ਤੇਰੇ ਘਰ ਵਿਚ (ਜਗਤ ਦੀਆਂ) ਨੌ ਹੀ ਨਿਧੀਆਂ ਮੌਜੂਦ ਹਨ ਸਾਰੇ ਖ਼ਜ਼ਾਨੇ ਮੌਜੂਦ ਹਨ ।
ਤੂੰ ਐਸਾ ਇੱਛਾ-ਪੂਰਕ ਹੈਂ (ਤੂੰ ਹਰੇਕ ਜੀਵ ਦੀ ਇੱਛਾ ਪੂਰੀ ਕਰਨ ਦੀ ਅਜੇਹੀ ਤਾਕਤ ਰੱਖਦਾ ਹੈਂ) ਜੇਹੜਾ ਅੰਤ ਨੂੰ ਰਾਖੀ ਕਰਦਾ ਹੈ (ਜਦੋਂ ਮਨੁੱਖ ਹੋਰ ਸਾਰੇ ਮਿਥੇ ਹੋਏ ਆਸਰੇ ਛੱਡ ਬੈਠਦਾ ਹੈ) ।੧।ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ (ਜੀਵਾਂ ਨੂੰ) ਉਹੀ (ਸਿਰ-ਮੱਥੇ ਉੱਤੇ) ਕਬੂਲ ਹੁੰਦਾ ਹੈ ।
ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰਾ ਹੁਕਮ ਭੀ ਅਟੱਲ ਹੈ ।੨ ।
ਹੇ ਪ੍ਰਭੂ! ਜਦੋਂ ਤੈਨੂੰ ਮਨਜ਼ੂਰ ਹੁੰਦਾ ਹੈ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਸਕਦਾ ਹਾਂ ।
ਤੇਰੇ ਘਰ ਵਿਚ ਸਦਾ ਹੀ ਇਨਸਾਫ਼ ਹੈ, ਸਦਾ ਹੀ ਇਨਸਾਫ਼ ਹੈ ।੩ ।
ਹੇ ਨਾਨਕ! (ਆਖ—) ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਅਲੱਖ ਤੇ ਅਭੇਵ! ਤੇਰਾ ਪ੍ਰੇਰਿਆ ਹੋਇਆ ਹੀ ਜੀਵ ਤੇਰੀ ਸੇਵਾ-ਭਗਤੀ ਵਿਚ ਲੱਗ ਸਕਦਾ ਹੈ ।੪।੨੦ ।
Follow us on Twitter Facebook Tumblr Reddit Instagram Youtube