ਆਸਾ ਮਹਲਾ ੫ ॥
ਕਰਿ ਕਿਰਪਾ ਹਰਿ ਪਰਗਟੀ ਆਇਆ ॥
ਮਿਲਿ ਸਤਿਗੁਰ ਧਨੁ ਪੂਰਾ ਪਾਇਆ ॥੧॥

ਐਸਾ ਹਰਿ ਧਨੁ ਸੰਚੀਐ ਭਾਈ ॥
ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥

ਤੋਟਿ ਨ ਆਵੈ ਨਿਖੁਟਿ ਨ ਜਾਇ ॥
ਖਾਇ ਖਰਚਿ ਮਨੁ ਰਹਿਆ ਅਘਾਇ ॥੨॥

ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥
ਇਸੁ ਧਨ ਤੇ ਸਭੁ ਜਗੁ ਵਰਸਾਣਾ ॥੩॥

ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥
ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥੪॥੧੮॥

Sahib Singh
ਕਰਿ = ਕਰ ਕੇ ।
ਮਿਲਿ = ਮਿਲ ਕੇ ।
ਧਨੁ ਪੂਰਾ = ਕਦੇ ਨਾਹ ਘਟਣ ਵਾਲਾ ਨਾਮ-ਧਨ ।੧ ।
ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ ।
ਭਾਈ = ਹੇ ਭਾਈ !
ਭਾਹਿ = ਅੱਗ ।
ਜਾਲੈ = ਸਾੜੇ ।
ਜਲਿ = ਪਾਣੀ ਵਿਚ ।
ਸੰਗੁ = ਸਾਥ ।
ਛੋਡਿ ਕਰਿ = ਛੱਡ ਕੇ ।
ਕਤਹੂ = ਕਿਸੇ ਹੋਰ ਥਾਂ ।੧।ਰਹਾਉ ।
ਤੋਟਿ = ਘਾਟਾ ।
ਖਾਇ = ਖਾ ਕੇ, ਆਪ ਵਰਤ ਕੇ, ਆਪ ਜਪ ਕੇ ।
ਖਰਚਿ = ਖਰਚ ਕੇ, ਵੰਡ ਕੇ ।
ਰਹਿਆ ਅਘਾਇ = ਰੱਜਿਆ ਰਹਿੰਦਾ ਹੈ ।੨ ।
ਸਚੁ = ਸਦਾ ਕਾਇਮ ਰਹਿਣ ਵਾਲਾ ।
ਸਾਹੁ = ਸਾਹੂਕਾਰ ।
ਘਟਿ = ਹਿਰਦੇ = ਘਰ ਵਿਚ ।
ਸੰਚਾਣਾ = ਜਮ੍ਹਾਂ ਹੋਗਿਆ ।
ਤੇ = ਤੋਂ ।
ਵਰਸਾਣਾ = ਲਾਭ ਉਠਾਂਦਾ ਹੈ ।੩ ।
ਤਿਨਿ = ਉਸ (ਮਨੁੱਖ) ਨੇ ।
ਪੁਰਬ ਲਿਖੇ ਕਾ = ਪੂਰਬਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ।
ਲਹਣਾ = ਪ੍ਰਾਪਤੀ ।
ਅੰਤਿ ਵਾਰ = ਅਖ਼ੀਰ ਸਮੇ ।੪ ।
    
Sahib Singh
ਹੇ ਵੀਰ! ਇਹੋ ਜਿਹਾ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਜੋ ਪਾਣੀ ਵਿਚ ਡੁੱਬਦਾ ਨਹੀਂ ਅਤੇ ਜੋ ਸਾਥ ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦਾ ।੧ ।
(ਹੇ ਵੀਰ!) ਜਿਸ ਮਨੁੱਖ ਨੇ ਸਤਿਗੁਰੂ ਨੂੰ ਮਿਲ ਕੇ ਕਦੇ ਨਾਹ ਘਟਣ ਵਾਲਾ ਨਾਮ-ਧਨ ਹਾਸਲ ਕਰ ਲਿਆ ਪਰਮਾਤਮਾ ਕਿਰਪਾ ਕਰ ਕੇ ਉਸ ਦੇ ਅੰਦਰ ਆਪ ਆ ਪਰਤੱਖ ਹੁੰਦਾ ਹੈ ।੧।ਰਹਾਉ ।
(ਹੇ ਭਾਈ! ਪਰਮਾਤਮਾ ਦਾ ਨਾਮ ਐਸਾ ਧਨ ਹੈ ਜਿਸ ਵਿਚ) ਕਦੇ ਘਾਟਾ ਨਹੀਂ ਪੈਂਦਾ ਜੋ ਕਦੇ ਨਹੀਂ ਮੁੱਕਦਾ ।
ਇਹ ਧਨ ਆਪ ਵਰਤ ਕੇ ਹੋਰਨਾਂ ਨੂੰ ਵੰਡ ਕੇ (ਮਨੱਖ ਦਾ) ਮਨ (ਦੁਨੀਆ ਦੇ ਧਨ ਦੀ ਲਾਲਸਾ ਵਲੋਂ) ਰੱਜਿਆ ਰਹਿੰਦਾ ਹੈ ।੨ ।
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਜਮ੍ਹਾਂ ਹੋ ਜਾਂਦਾ ਹੈ ਉਹੀ ਮਨੁੱਖ ਸਦਾ ਲਈ ਸਾਹੂਕਾਰ ਬਣ ਜਾਂਦਾ ਹੈ ।
ਉਸ ਦੇ ਇਸ ਧਨ ਤੋਂ ਸਾਰਾ ਜਗਤ ਲਾਭ ਉਠਾਂਦਾ ਹੈ ।੩ ।
(ਪਰ, ਹੇ ਭਾਈ!) ਉਸ ਮਨੁੱਖ ਨੇ ਇਹ ਹਰਿ-ਨਾਮ-ਧਨ ਹਾਸਲ ਕੀਤਾ ਹੈ, ਜਿਸ ਦੇ ਭਾਗਾਂ ਵਿਚ ਪੂਰਬਲੇ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ ।
ਹੇ ਦਾਸ ਨਾਨਕ! (ਆਖ—) ਪਰਮਾਤਮਾ ਦਾ ਨਾਮ-ਧਨ (ਮਨੁੱਖ ਦੀ ਜਿੰਦ ਵਾਸਤੇ) ਅਖ਼ੀਰਲੇ ਵੇਲੇ ਦਾ ਗਹਣਾ ਹੈ ।੪।੧੮ ।
Follow us on Twitter Facebook Tumblr Reddit Instagram Youtube