ਆਸਾ ਮਹਲਾ ੫ ॥
ਹਰਿ ਸੇਵਾ ਮਹਿ ਪਰਮ ਨਿਧਾਨੁ ॥
ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ ॥੧॥

ਹਰਿ ਮੇਰਾ ਸਾਥੀ ਸੰਗਿ ਸਖਾਈ ॥
ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥੧॥ ਰਹਾਉ ॥

ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥
ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥੨॥

ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥
ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ ॥੩॥

ਗੁਰ ਕਿਰਪਾ ਤੇ ਇਹ ਮਤਿ ਆਵੈ ॥
ਜਨ ਨਾਨਕੁ ਹਰਿ ਕੈ ਅੰਕਿ ਸਮਾਵੈ ॥੪॥੧੬॥

Sahib Singh
ਪਰਮ ਨਿਧਾਨੁ = ਸਭ ਤੋਂ ਉੱਚਾ (ਆਤਮਕ) ਖ਼ਜ਼ਾਨਾ {ਲਫ਼ਜ਼ ‘ਨਿਧਾਨੁ’ ਇਕ-ਵਚਨ ਹੈ} ।
ਮੁਖਿ = ਮੂੰਹ ਨਾਲ ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲਾ ।੧ ।
ਸੰਗਿ = ਨਾਲ ।
ਸਖਾਈ = ਮਿੱਤਰ ।
ਦੁਖਿ = ਦੁੱਖ ਵਿਚ, ਦੁੱਖ ਵੇਲੇ ।
ਸੁਖਿ = ਸੁਖ ਵਿਚ, ਸੁਖ ਵੇਲੇ ।
ਸਿਮਰੀ = ਸਿਮਰੀਂ, (ਜਦੋਂ) ਮੈਂ ਸਿਮਰਦਾ ਹਾਂ ।
ਤਹ = ਉਥੇ ।
ਬਪੁਰਾ = ਵਿਚਾਰਾ, ਨਿਮਾਣਾ ।੧।ਰਹਾਉ ।
ਤਾਣੁ = ਬਲ, ਜ਼ੋਰ ।
ਮੈ = ਮੈਨੂੰ ।
ਦੀਬਾਣੁ = ਆਸਰਾ ।੨ ।
ਵੇਸਾਹੁ = ਇਤਬਾਰ, ਸਾਖ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਖਟੀ = ਖੱਟੀ, ਮੈਂ ਖੱਟਦਾ ਹਾਂ ।੩ ।
    
Sahib Singh
(ਹੇ ਭਾਈ!) ਪਰਮਾਤਮਾ ਮੇਰਾ ਸਾਥੀ ਹੈ ਮਿੱਤਰ ਹੈ ।
ਦੁੱਖ ਵੇਲੇ ਸੁਖ ਵੇਲੇ (ਜਦੋਂ ਭੀ) ਮੈਂ ਉਸ ਨੂੰ ਯਾਦ ਕਰਦਾ ਹਾਂ, ਉਹ ਉਥੇ ਹਾਜ਼ਰ ਹੁੰਦਾ ਹੈ ।
ਸੋ, ਵਿਚਾਰਾ ਜਮ ਮੈਨੂੰ ਕਿਥੇ ਡਰਾ ਸਕਦਾ ਹੈ ?
।੧।ਰਹਾਉ ।
(ਹੇ ਭਾਈ!) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੂੰਹ ਨਾਲ ਉਚਾਰਨਾ—ਇਹ ਪਰਮਾਤਮਾ ਦੀ ਸੇਵਾ ਹੈ, ਤੇ, ਪਰਮਾਤਮਾ ਦੀ ਸੇਵਾ ਵਿਚ ਸਭ ਤੋਂ ਉੱਚਾ (ਆਤਮਕ ਜੀਵਨ ਦਾ) ਖ਼ਜ਼ਾਨਾ (ਲੁਕਿਆ ਪਿਆ ਹੈ) ।੧ ।
(ਹੇ ਭਾਈ!) ਪਰਮਾਤਮਾ ਹੀ ਮੇਰੀ ਓਟ ਹੈ, ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ, ਪਰਮਾਤਮਾ ਮੇਰਾ ਮਿੱਤਰ ਹੈ, ਮੈਨੂੰ ਆਪਣੇ ਮਨ ਵਿਚ ਪਰਮਾਤਮਾ ਦਾ ਹੀ ਆਸਰਾ ਹੈ ।੨ ।
ਪਰਮਾਤਮਾ (ਦਾ ਨਾਮ ਹੀ) ਮੇਰੀ ਰਾਸਿ-ਪੂੰਜੀ ਹੈ, ਪਰਮਾਤਮਾ (ਦਾ ਨਾਮ ਹੀ) ਮੇਰੇ ਵਾਸਤੇ (ਆਤਮਕ ਜੀਵਨ ਦਾ ਵਪਾਰ ਕਰਨ ਲਈ) ਸਾਖ ਹੈ (ਇਤਬਾਰ ਦਾ ਵਸੀਲਾ ਹੈ) ।
ਗੁਰੂ ਦੀ ਸਰਨ ਪੈ ਕੇ ਮੈਂ ਨਾਮ-ਧਨ ਕਮਾ ਰਿਹਾ ਹਾਂ, ਪਰਮਾਤਮਾ ਹੀ ਮੇਰਾ ਸ਼ਾਹ ਹੈ (ਜੋ ਮੈਨੂੰ ਨਾਮ-ਧਨ ਦਾ ਸਰਮਾਇਆ ਦੇਂਦਾ ਹੈ) ।੩ ।
ਦਾਸ ਨਾਨਕ (ਆਖਦਾ ਹੈ ਕਿ ਜਿਸ ਮਨੁੱਖ ਨੂੰ) ਗੁਰੂ ਦੀ ਕਿਰਪਾ ਨਾਲ ਇਸ ਵਪਾਰ ਦੀ ਸਮਝ ਆ ਜਾਂਦੀ ਹੈ ਉਹ ਸਦਾ ਪਰਮਾਤਮਾ ਦੀ ਗੋਦ ਵਿਚ ਲੀਨ ਰਹਿੰਦਾ ਹੈ ।੪।੧੬ ।
Follow us on Twitter Facebook Tumblr Reddit Instagram Youtube