ਆਸਾ ਮਹਲਾ ੫ ॥
ਪਰਦੇਸੁ ਝਾਗਿ ਸਉਦੇ ਕਉ ਆਇਆ ॥
ਵਸਤੁ ਅਨੂਪ ਸੁਣੀ ਲਾਭਾਇਆ ॥
ਗੁਣ ਰਾਸਿ ਬੰਨ੍ਹਿ ਪਲੈ ਆਨੀ ॥
ਦੇਖਿ ਰਤਨੁ ਇਹੁ ਮਨੁ ਲਪਟਾਨੀ ॥੧॥

ਸਾਹ ਵਾਪਾਰੀ ਦੁਆਰੈ ਆਏ ॥
ਵਖਰੁ ਕਾਢਹੁ ਸਉਦਾ ਕਰਾਏ ॥੧॥ ਰਹਾਉ ॥

ਸਾਹਿ ਪਠਾਇਆ ਸਾਹੈ ਪਾਸਿ ॥
ਅਮੋਲ ਰਤਨ ਅਮੋਲਾ ਰਾਸਿ ॥
ਵਿਸਟੁ ਸੁਭਾਈ ਪਾਇਆ ਮੀਤ ॥
ਸਉਦਾ ਮਿਲਿਆ ਨਿਹਚਲ ਚੀਤ ॥੨॥

ਭਉ ਨਹੀ ਤਸਕਰ ਪਉਣ ਨ ਪਾਨੀ ॥
ਸਹਜਿ ਵਿਹਾਝੀ ਸਹਜਿ ਲੈ ਜਾਨੀ ॥
ਸਤ ਕੈ ਖਟਿਐ ਦੁਖੁ ਨਹੀ ਪਾਇਆ ॥
ਸਹੀ ਸਲਾਮਤਿ ਘਰਿ ਲੈ ਆਇਆ ॥੩॥

ਮਿਲਿਆ ਲਾਹਾ ਭਏ ਅਨੰਦ ॥
ਧੰਨੁ ਸਾਹ ਪੂਰੇ ਬਖਸਿੰਦ ॥
ਇਹੁ ਸਉਦਾ ਗੁਰਮੁਖਿ ਕਿਨੈ ਵਿਰਲੈ ਪਾਇਆ ॥
ਸਹਲੀ ਖੇਪ ਨਾਨਕੁ ਲੈ ਆਇਆ ॥੪॥੬॥

Sahib Singh
ਪਰਦੇਸੁ = (ਚੌਰਾਸੀ ਲੱਖ ਜੂਨਾਂ ਵਾਲਾ) ਓਪਰਾ ਦੇਸ ।
ਝਾਗਿ = ਅੌਖਿਆਈਆਂ ਨਾਲ ਲੰਘ ਕੇ ।
ਕਉ = ਵਾਸਤੇ ।
ਅਨੂਪ = ਜਿਸ ਵਰਗੀ ਹੋਰ ਕੋਈ ਨ ਹੋਵੇ, ਅਤਿ ਸੁੰਦਰ ।
ਲਾਭਾਇਆ = ਲਾਹੇਵੰਦੀ ।
ਬੰਨਿ@ = ਬੰਨ੍ਹ ਕੇ ।
ਪਲੈ = ਪੱਲੈ, ਪੱਲੇ ਵਿਚ ।
ਆਨੀ = ਲਿਆਂਦੀ ।
ਦੇਖਿ = ਵੇਖ ਕੇ ।
ਲਪਟਾਨੀ = ਰੀਝ ਪਿਆ ।੧ ।
ਸਾਹ = ਹੇ ਸ਼ਾਹ !
    ਹੇ ਗੁਰੂ !
ਦੁਆਰੈ = ਦੁਆਰੇ ਤੇ ।
ਕਰਾਏ = ਕਰਾਇ ।੧।ਰਹਾਉ ।
ਸਾਹਿ = ਸ਼ਾਹ ਨੇ, ਪਰਮਾਤਮਾ ਨੇ ।
ਪਠਾਇਆ = ਭੇਜਿਆ ।
ਸਾਹੈ ਪਾਸਿ = ਸ਼ਾਹ ਦੇ ਕੋਲ, ਗੁਰੂ ਕੋਲ ।
ਅਮੋਲ = ਜਿਸ ਦੇ ਵੱਟੇ ਵਿਚ ਕੋਈ ਚੀਜ਼ ਬਰਾਬਰ ਦੇ ਮੁੱਲ ਦੀ ਨਾਹ ਹੋਵੇ ।
ਵਿਸਟੁ = ਵਕੀਲ, ਵਿਚੋਲਾ ।
ਸੁਭਾਈ = ਪ੍ਰੇਮ ਕਰਨ ਵਾਲਾ ।
ਨਿਹਚਲ = ਅਡੋਲ ।੨ ।
ਤਸਕਰ = ਚੋਰ ।
ਸਹਜਿ = ਆਤਮਕ ਅਡੋਲਤਾ ਵਿਚ ।
ਸਤ ਕੈ ਖਟਿਐ = ਈਮਾਨਦਾਰੀ ਨਾਲ ਕਮਾਇਆਂ ।
ਘਰਿ = ਹਿਰਦੇ = ਘਰ ਵਿਚ ।੩ ।
ਲਾਹਾ = ਲਾਭ ।
ਧੰਨੁ = ਸਲਾਹਣ = ਜੋਗ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਸਹਲੀ = ਸਫਲੀ ।
ਖੇਪ = ਸੌਦਾ ।੪ ।
    
Sahib Singh
ਹੇ ਸ਼ਾਹ! ਹੇ ਸਤਿਗੁਰੂ! ਤੇਰੇ ਦਰ ਤੇ (ਨਾਮ ਦਾ ਵਣਜ ਕਰਨ ਵਾਲੇ) ਜੀਵ-ਵਪਾਰੀ ਆਏ ਹਨ (ਤੂੰ ਆਪਣੇ ਖ਼ਜ਼ਾਨੇ ਵਿਚੋਂ ਨਾਮ ਦਾ) ਸੌਦਾ ਕੱਢ ਕੇ ਇਹਨਾਂ ਨੂੰ ਸੌਦਾ ਕਰਨ ਦੀ ਜਾਚ ਸਿਖਾ ।੧।ਰਹਾਉ ।
ਹੇ ਸ਼ਾਹ! (ਚੌਰਾਸੀ ਲੱਖ ਜੂਨਾਂ ਵਾਲਾ) ਓਪਰਾ ਦੇਸ ਬੜੀਆਂ ਅੌਖਿਆਈਆਂ ਨਾਲ ਲੰਘ ਕੇ ਮੈਂ (ਤੇਰੇ ਦਰ ਤੇ ਨਾਮ ਦਾ) ਸੌਦਾ ਕਰਨ ਆਇਆ ਹਾਂ, ਮੈਂ ਸੁਣਿਆ ਹੈ ਕਿ ਨਾਮ ਵਸਤ ਬੜੀ ਸੁੰਦਰ ਹੈ ਤੇ ਲਾਭ ਦੇਣ ਵਾਲੀ ਹੈ ।
ਹੇ ਗੁਰੂ! ਮੈਂ ਗੁਣਾਂ ਦਾ ਸਰਮਾਇਆ ਪੱਲੇ ਬੰਨ੍ਹ ਕੇ ਲਿਆਂਦਾ ਹੈ, ਪ੍ਰਭੂ ਦਾ ਨਾਮ-ਰਤਨ ਵੇਖ ਕੇ ਮੇਰਾ ਇਹ ਮਨ (ਇਸ ਨੂੰ ਖਰੀਦਣ ਵਾਸਤੇ) ਰੀਝ ਪਿਆ ਹੈ ।੧ ।
(ਹੇ ਭਾਈ!) ਪਰਮਾਤਮਾ-ਸ਼ਾਹ ਨੇ ਮੈਨੂੰ ਗੁਰੂ ਦੇ ਪਾਸ ਭੇਜਿਆ (ਗੁਰੂ ਦੇ ਦਰ ਤੋਂ ਮੈਨੂੰ ਉਹ) ਰਤਨ ਮਿਲ ਪਿਆ ਹੈ ਉਹ ਸਰਮਾਇਆ ਮਿਲ ਪਿਆ ਹੈ, ਦੁਨੀਆ ਵਿਚ ਜਿਸ ਦੇ ਬਰਾਬਰ ਦੀ ਕੀਮਤ ਦਾ ਕੋਈ ਪਦਾਰਥ ਨਹੀਂ ਹੈ ।
(ਪਰਮਾਤਮਾ ਦੀ ਮੇਹਰ ਨਾਲ ਮੈਨੂੰ) ਪਿਆਰ-ਭਰੇ ਹਿਰਦੇ ਵਾਲਾ ਵਿਚੋਲਾ ਮਿੱਤਰ ਮਿਲ ਪਿਆ ਹੈ, ਉਸ ਪਾਸੋਂ ਪਰਮਾਤਮਾ ਦੇ ਨਾਮ ਦਾ ਸੌਦਾ ਲੱਭਾ ਹੈ ਤੇ ਮੇਰਾ ਮਨ ਦੁਨੀਆ ਦੇ ਪਦਾਰਥਾਂ ਵਲ ਡੋਲਣੋਂ ਹਟ ਗਿਆ ਹੈ ।੨ ।
(ਹੇ ਭਾਈ! ਇਸ ਰਤਨ ਨੂੰ ਇਸ ਸਰਮਾਏ ਨੂੰ) ਚੋਰਾਂ ਤੋਂ ਖ਼ਤਰਾ ਨਹੀਂ, ਹਵਾ ਤੋਂ ਡਰ ਨਹੀਂ, ਪਾਣੀ ਤੋਂ ਡਰ ਨਹੀਂ (ਨਾਹ ਚੋਰ ਚੁਰਾ ਸਕਦੇ ਹਨ ਨਾਹ ਝੱਖੜ ਉਡਾ ਸਕਦੇ ਹਨ ਨਾਹ ਪਾਣੀ ਡੋਬ ਸਕਦਾ ਹੈ) ।
ਆਤਮਕ ਅਡੋਲਤਾ ਦੀ ਬਰਕਤਿ ਨਾਲ ਇਹ ਰਤਨ ਮੈਂ (ਗੁਰੂ ਪਾਸੋਂ) ਖਰੀਦਿਆ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਇਹ ਰਤਨ ਮੈਂ ਆਪਣੇ ਨਾਲ ਲੈ ਜਾਵਾਂਗਾ ।
ਈਮਾਨਦਾਰੀ ਨਾਲ ਖੱਟਣ ਕਰਕੇ ਇਹ ਰਤਨ ਹਾਸਲ ਕਰਨ ਵਿਚ ਮੈਨੂੰ ਕੋਈ ਦੁੱਖ ਨਹੀਂ ਸਹਾਰਨਾ ਪਿਆ, ਤੇ ਇਹ ਨਾਮ-ਸੌਦਾ ਮੈਂ ਸਹੀ ਸਲਾਮਤਿ ਸਾਂਭ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ ।੩।ਹੇ ਪੂਰੀਆਂ ਬਖ਼ਸ਼ਸ਼ਾਂ ਕਰਨ ਵਾਲੇ ਸ਼ਾਹ-ਪ੍ਰਭੂ! ਮੈਂ ਤੈਨੂੰ ਹੀ ਸਲਾਹੁੰਦਾ ਹਾਂ (ਤੇਰੀ ਮੇਹਰ ਨਾਲ ਮੈਨੂੰ ਤੇਰੇ ਨਾਮ ਦਾ) ਲਾਭ ਮਿਲਿਆ ਹੈ ਤੇ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ ਹੈ ।
ਹੇ ਭਾਈ! ਕਿਸੇ ਵਿਰਲੇ ਭਾਗਾਂ ਵਾਲੇ ਨੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੇ ਨਾਮ ਦਾ) ਸੌਦਾ ਪ੍ਰਾਪਤ ਕੀਤਾ ਹੈ (ਗੁਰੂ ਦੀ ਸਰਨ ਪੈ ਕੇ ਹੀ) ਨਾਨਕ ਭੀ ਇਹ ਲਾਹੇਵੰਦਾ ਸੌਦਾ ਖੱਟ ਸਕਿਆ ਹੈ ।੪।੬ ।
Follow us on Twitter Facebook Tumblr Reddit Instagram Youtube