ਆਸਾ ਮਹਲਾ ੫ ॥
ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥
ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥
ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥
ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥

ਮਹਾ ਅਨੰਦ ਅਚਿੰਤ ਸਹਜਾਇਆ ॥
ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥

ਸਤਿਗੁਰਿ ਮੋ ਕਉ ਦੀਆ ਉਪਦੇਸੁ ॥
ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥
ਜੋ ਕਿਛੁ ਕਰੀ ਸੁ ਤੇਰਾ ਤਾਣੁ ॥
ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥

ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥
ਆਨ ਨ ਬੀਆ ਤੇਰੀ ਸਮਸਰਿ ॥
ਤੇਰੇ ਸੇਵਕ ਕਉ ਕਿਸ ਕੀ ਕਾਣਿ ॥
ਸਾਕਤੁ ਭੂਲਾ ਫਿਰੈ ਬੇਬਾਣਿ ॥੩॥

ਤੇਰੀ ਵਡਿਆਈ ਕਹੀ ਨ ਜਾਇ ॥
ਜਹ ਕਹ ਰਾਖਿ ਲੈਹਿ ਗਲਿ ਲਾਇ ॥
ਨਾਨਕ ਦਾਸ ਤੇਰੀ ਸਰਣਾਈ ॥
ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥

Sahib Singh
ਨੋਟ: = ਸਿੱਖ-ਇਤਿਹਾਸ ਦੱਸਦਾ ਹੈ ਕਿ ਦੋਖੀ ਸੁਲਹੀ ਖ਼ਾ ਵਾਲੀ ਬਲਾ ਟਲਣ ਤੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਸੀ ।
ਮਤਾ = ਸਲਾਹ ।
ਜਿ = ਕਿ ।
ਪਤ੍ਰੀ = ਚਿੱਠੀ ।
ਚਲਾਵਉ = ਮੈਂ ਭੇਜਾਂ, ਚਲਾਵਊਂ ।
ਦੁਇ = ਦੋ ।
ਪਹੁਚਾਵਉ = ਪਹੁਚਾਵਉਂ, ਮੈਂ ਅਪੜਾਵਾਂ ।
ਕਰਉ = ਮੈਂ ਕਰਾਂ ।
ਉਪਾਇਆ = ਉਪਾਉ ।
ਪ੍ਰਭ = ਹੇ ਪ੍ਰਭੂ !
ਤੁਹੀ = ਤੈਨੂੰ ਹੀ ।੧।ਅਚਿੰਤ—ਨਿਸਚਿੰਤਤਾ ।
ਸਹਜਾਇਆ = ਸਹਜ, ਆਤਮਕ ਅਡੋਲਤਾ ।
ਦੂਤ = ਵੈਰੀ ।੧।ਰਹਾਉ ।
ਸਤਿਗੁਰਿ = ਗੁਰੂ ਨੇ ।
ਮੋ ਕਉ = ਮੈਨੂੰ ।
ਕਉ = ਨੂੰ ।
ਜੀਉ = ਜਿੰਦ ।
ਪਿੰਡੁ = ਸਰੀਰ ।
ਕਰੀ = ਕਰੀਂ, ਮੈਂ ਕਰਦਾ ਹਾਂ ।
ਤਾਣੁ = ਬਲ ।
ਦੀਬਾਣੁ = ਆਸਰਾ ।੨ ।
ਨੋ = ਨੂੰ ।
ਕੈਂ ਧਰਿ = ਕੇਹੜੇ ਪਾਸੇ ?
ਆਨ = ਹੋਰ ।
ਬੀਆ = ਦੂਜਾ ।
ਸਮਸਰਿ = ਬਰਾਬਰ ।
ਕਾਣਿ = ਮੁਥਾਜੀ ।
ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ ।
ਬੇਬਾਣਿ = ਜੰਗਲ ਵਿਚ ।੩ ।
ਜਹ ਕਹ = ਜਿਥੇ ਕਿਥੇ, ਹਰ ਥਾਂ ।
ਗਲਿ = ਗਲ ਨਾਲ ।
ਲਾਇ = ਲਾ ਕੇ ।
ਪ੍ਰਭਿ = ਪ੍ਰਭੂ ਨੇ ।
ਪੈਜ = ਇੱਜ਼ਤ ।
ਵਾਧਾਈ = ਵਧੀ ਹੋਈ ਅਵਸਥਾ, ਚੜ੍ਹਦੀ ਕਲਾ, ਆਤਮਕ ਤਾਕਤ ।
ਵਜੀ = ਵੱਜ ਪਈ, ਜ਼ੋਰ ਵਿਚ ਆ ਗਈ ।੪ ।
    
Sahib Singh
(ਪਰਮਾਤਮਾ ਦਾ ਆਸਰਾ ਲਿਆਂ) ਬੜਾ ਆਤਮਕ ਆਨੰਦ ਮਿਲਦਾ ਹੈ, ਨਿਸਚਿੰਤਤਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਸਾਰੇ ਵੈਰੀ ਦੁਸ਼ਮਨ ਮੁੱਕ ਜਾਂਦੇ ਹਨ (ਕੋਈ ਦੁਸ਼ਮਨ ਨਹੀਂ ਜਾਪਦਾ, ਕੋਈ ਵੈਰੀ ਨਹੀਂ ਜਾਪਦਾ), (ਇਸ ਤ੍ਰਹਾਂ) ਅੰਤਰ ਆਤਮੇ ਸੁਖ ਮਿਲਦਾ ਹੈ ।੧।ਰਹਾਉ ।
ਪਹਿਲਾਂ ਮੈਨੂੰ ਸਲਾਹ ਦਿੱਤੀ ਗਈ ਕਿ (ਵੈਰੀ ਬਣ ਕੇ ਆ ਰਹੇ ਨੂੰ) ਚਿੱਠੀ ਲਿਖ ਭੇਜਾਂ, ਫਿਰ ਸਲਾਹ ਮਿਲੀ ਕਿ ਮੈਂ (ਉਸ ਪਾਸ) ਦੋ ਮਨੁੱਖ ਅਪੜਾਵਾਂ, ਤੀਜੀ ਸਲਾਹ ਮਿਲੀ ਕਿ ਮੈਂ ਕੋਈ ਨ ਕੋਈ ਉਪਾਉ ਜ਼ਰੂਰ ਕਰਾਂ, ਪਰ ਹੇ ਪ੍ਰਭੂ! ਹੋਰ ਸਾਰੇ ਜਤਨ ਛੱਡ ਕੇ ਮੈਂ ਸਿਰਫ਼ ਤੈਨੂੰ ਹੀ ਸਿਮਰਿਆ ।੧ ।
ਸਤਿਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਪਰਮਾਤਮਾ ਦੇ ਰਹਿਣ ਲਈ ਥਾਂ ਹੈ ।
(ਇਸ ਵਾਸਤੇ) ਮੈਂ ਜੋ ਕੁਝ ਭੀ ਕਰਦਾ ਹਾਂ ਤੇਰਾ ਸਹਾਰਾ ਲੈ ਕੇ ਕਰਦਾ ਹਾਂ, ਤੂੰ ਹੀ ਮੇਰੀ ਓਟ ਹੈਂ ਤੂੰ ਹੀ ਆਸਰਾ ਹੈਂ ।੨ ।
ਹੇ ਪ੍ਰਭੂ! ਤੈਨੂੰ ਛੱਡ ਕੇ ਹੋਰ ਜਾਈਏ ਭੀ ਕਿਹੜੇ ਪਾਸੇ ?
(ਕਿਉਂਕਿ) ਤੇਰੇ ਬਰਾਬਰ ਦਾ ਦੂਜਾ ਕੋਈ ਹੈ ਹੀ ਨਹੀਂ (ਜਿਸ ਨੂੰ ਨਿਸ਼ਚਾ ਹੋਵੇ ਉਸ) ਤੇਰੇ ਸੇਵਕ ਨੂੰ ਹੋਰ ਕਿਸ ਦੀ ਮੁਥਾਜੀ ਹੋ ਸਕਦੀ ਹੈ ?
(ਪਰ ਹੇ ਪ੍ਰਭੂ!) ਤੈਥੋਂ ਟੁੱਟਾ ਹੋਇਆ ਮਨੁੱਖ ਕੁਰਾਹੇ ਪੈ ਕੇ (ਮਾਨੋ) ਉਜਾੜ ਵਿਚ ਭਟਕਦਾ ਫਿਰਦਾ ਹੈ ।੩ ।
ਹੇ ਪ੍ਰਭੂ! ਤੂੰ ਕੇਡਾ ਵੱਡਾ ਹੈਂ ਇਹ ਗੱਲ ਮੈਥੋਂ ਬਿਆਨ ਨਹੀਂ ਕੀਤੀ ਜਾ ਸਕਦੀ, ਤੂੰ ਹਰ ਥਾਂ (ਮੈਨੂੰ ਆਪਣੇ) ਗਲ ਨਾਲ ਲਾ ਕੇ ਬਚਾ ਲੈਂਦਾ ਹੈਂ ।
ਹੇ ਦਾਸ ਨਾਨਕ! (ਆਖ—ਹੇ ਪ੍ਰਭੂ!) ਮੈਂ ਤੇਰੀ ਸਰਨ ਹੀ ਪਿਆ ਰਹਿੰਦਾ ਹਾਂ ।
(ਹੇ ਭਾਈ!) ਪ੍ਰਭੂ ਨੇ ਮੇਰੀ ਇੱਜ਼ਤ ਰੱਖ ਲਈ ਹੈ (ਮੁਸੀਬਤਾਂ ਦੇ ਵੇਲੇ ਭੀ ਉਸ ਦੀ ਮੇਹਰ ਨਾਲ) ਮੇਰੇ ਅੰਦਰ ਚੜ੍ਹਦੀ ਕਲਾ ਪ੍ਰਬਲ ਰਹਿੰਦੀ ਹੈ ।੪।੫ ।
Follow us on Twitter Facebook Tumblr Reddit Instagram Youtube