ੴ ਸਤਿਗੁਰ ਪ੍ਰਸਾਦਿ ॥
ਰਾਗੁ ਆਸਾ ਘਰੁ ੮ ਕੇ ਕਾਫੀ ਮਹਲਾ ੪ ॥
ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥
ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥੧॥

ਗੁਰ ਪੂਰੇ ਸਾਬਾਸਿ ਚਲਣੁ ਜਾਣਿਆ ॥
ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥੧॥ ਰਹਾਉ ॥

ਪੂਰਬਿ ਲਿਖੇ ਡੇਹ ਸਿ ਆਏ ਮਾਇਆ ॥
ਚਲਣੁ ਅਜੁ ਕਿ ਕਲ੍ਹਿ ਧੁਰਹੁ ਫੁਰਮਾਇਆ ॥੨॥

ਬਿਰਥਾ ਜਨਮੁ ਤਿਨਾ ਜਿਨ੍ਹੀ ਨਾਮੁ ਵਿਸਾਰਿਆ ॥
ਜੂਐ ਖੇਲਣੁ ਜਗਿ ਕਿ ਇਹੁ ਮਨੁ ਹਾਰਿਆ ॥੩॥

ਜੀਵਣਿ ਮਰਣਿ ਸੁਖੁ ਹੋਇ ਜਿਨ੍ਹਾ ਗੁਰੁ ਪਾਇਆ ॥
ਨਾਨਕ ਸਚੇ ਸਚਿ ਸਚਿ ਸਮਾਇਆ ॥੪॥੧੨॥੬੪॥

Sahib Singh
ਨੋਟ: = ਆਸਾ ਘਰੁ ੮ ਕੇ ਕਾਫੀ—ਲਫ਼ਜ਼ ‘ਕੇ’ ਪੁਲਿੰਗ ਹੈ ।
    ਜੇ ਲਫ਼ਜ਼ ‘ਕਾਫੀ’ ‘ਕਾਫ਼ੀਆਂ’ ਵਾਸਤੇ ਹੁੰਦਾ ਤਾਂ ‘ਕੇ’ ਦੇ ਥਾਂ ‘ਕੀਆਂ’ ਹੁੰਦਾ ।
    ਸੋ, ‘ਕਾਫੀ’ ਰਾਗ ਦਾ ਨਾਮ ਹੈ ।
    ਆਸਾ ਘਰ ਅਠਵੇਂ ਦੇ ਦੋ ਸ਼ਬਦ ਰਾਗ ਕਾਫੀ ਨਾਲ ਮਿਲਾ ਕੇ ਗਾਏ ਜਾਣ ਵਾਲੇ ।
ਧੁਰਾਹੁ = ਧੁਰ ਦਰਗਾਹ ਤੋਂ ।
ਮਰਣੁ = ਮੌਤ, ਮਰਣਾ ।
ਰੋਈਐ = ਰੋਈਦਾ ਹੈ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ।
ਅਸਥਿਰੁ = ਅਡੋਲ = ਚਿੱਤ ।੧ ।
ਗੁਰ ਪੂਰੇ = ਪੂਰੇ ਗੁਰੂ ਦੀ ਰਾਹੀਂ ।
ਲਾਹਾ = ਲਾਭ ।
ਸਾਰੁ = ਸ੍ਰੇਸ਼ਟ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।੧।ਰਹਾਉ ।
ਪੂਰਬਿ = ਪਹਿਲੇ ਜਨਮ ਵਿਚ ।
ਡੇਹ = ਦਿਨ ।
ਸਿ = ਉਹ ਦਿਨ ।
ਮਾਇਆ = ਹੇ ਮਾਂ !
ਕਿ = ਜਾਂ ।੨ ।
ਜੂਐ = ਜੂਏ ਵਿਚ ।
ਜਗਿ = ਜਗ ਵਿਚ ।੩ ।
ਜੀਵਣਿ ਮਰਣਿ = ਜੀਵਨ ਵਿਚ ਭੀ ਤੇ ਮਰਨ ਵਿਚ ਭੀ ।
ਸਚੇ = ਸਦਾ = ਥਿਰ ਪ੍ਰਭੂ ਦਾ ਰੂਪ ।
ਸਚਿ = ਸਦਾ = ਥਿਰ ਰਹਿਣ ਵਾਲੇ ਪ੍ਰਭੂ ਵਿਚ ।੪ ।
    
Sahib Singh
ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੀ ਰਾਹੀਂ ਜਾਣ ਲਿਆ ਕਿ ਜਗਤ ਤੋਂ ਆਖਿ਼ਰ ਚਲੇ ਜਾਣਾ ਹੈ ਉਹਨਾਂ ਨੇ ਸ਼ਾਬਾਸ਼ੇ ਖੱਟੀ, ਉਹਨਾਂ ਨੇ ਪਰਮਾਤਮਾ ਦਾ ਨਾਮ (-ਰੂਪ) ਸ੍ਰੇਸ਼ਟ ਲਾਭ ਖੱਟ ਲਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਏ ਰਹੇ ।੧।ਰਹਾਉ ।
(ਹੇ ਭਾਈ!) ਧੁਰ ਦਰਗਾਹ ਤੋਂ ਹੀ (ਹਰੇਕ ਜੀਵ ਵਾਸਤੇ) ਮੌਤ (ਦਾ ਪਰਵਾਨਾ) ਆਇਆ ਹੋਇਆ ਹੈ (ਧੁਰ ਤੋਂ ਹੀ ਇਹ ਰਜ਼ਾ ਹੈ ਕਿ ਜੇਹੜਾ ਜੰਮਿਆ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ) ਹਉਮੈ ਦੇ ਕਾਰਨ ਹੀ (ਕਿਸੇ ਦੇ ਮਰਨ ਤੇ) ਰੋਈਦਾ ਹੈ ।
ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਕੇ ਅਡੋਲ-ਚਿੱਤ ਹੋ ਜਾਈਦਾ ਹੈ (ਮੌਤ ਆਉਣ ਤੇ ਡੋਲਣੋਂ ਹਟ ਜਾਈਦਾ ਹੈ) ।੧ ।
ਹੇ ਮਾਂ! ਪੂਰਬਲੇ ਜਨਮ ਵਿਚ (ਧੁਰੋਂ) ਲਿਖੇ ਅਨੁਸਾਰ (ਜਿਨ੍ਹਾਂ ਨੂੰ ਜ਼ਿੰਦਗੀ ਦੇ) ਦਿਨ ਮਿਲਦੇ ਹਨ ਉਹ ਜਗਤ ਵਿਚ ਆ ਜਾਂਦੇ ਹਨ (ਜੰਮ ਪੈਂਦੇ ਹਨ, ਇਸੇ ਤ੍ਰਹਾਂ ਹੀ) ਧੁਰੋਂ ਇਹ ਫ਼ੁਰਮਾਨ ਭੀ ਹੈ ਕਿ ਇਥੋਂ ਅੱਜ ਭਲਕ ਤੁਰ ਭੀ ਜਾਣਾ ਹੈ ।੨ ।
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ (ਜਗਤ ਵਿਚ ਆ ਕੇ) ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹਨਾਂ ਦਾ ਮਨੁੱਖਾ ਜਨਮ ਵਿਅਰਥ ਚਲਾ ਗਿਆ ।
ਉਹਨਾਂ ਨੇ ਜਗਤ ਵਿਚ (ਆ ਕੇ) ਜੂਏ ਦੀ ਖੇਡ ਹੀ ਖੇਡੀ (ਤੇ ਇਸ ਖੇਡ ਵਿਚ) ਆਪਣਾ ਮਨ (ਵਿਕਾਰਾਂ ਦੀ ਹੱਥੀਂ) ਹਾਰ ਦਿੱਤਾ ।੩ ।
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹਨਾਂ ਨੇ (ਸਾਰੇ) ਜੀਵਨ ਵਿਚ (ਭੀ) ਆਤਮਕ ਆਨੰਦ ਮਾਣਿਆ, ਤੇ ਮਰਨ ਵਿਚ ਭੀ (ਮਰਨ ਵੇਲੇ ਭੀ) ਸੁਖ ਹੀ ਪ੍ਰਤੀਤ ਕੀਤਾ, (ਕਿਉਂਕਿ) ਹੇ ਨਾਨਕ! ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਹੀ ਸਦਾ ਲੀਨ ਰਹੇ ਅਤੇ ਸਦਾ-ਥਿਰ ਪ੍ਰਭੂ ਦਾ ਰੂਪ ਬਣੇ ਰਹੇ (ਸਦਾ-ਥਿਰ ਪ੍ਰਭੂ ਨਾਲ ਇਕ-ਇਕ ਹੋਏ ਰਹੇ) ।੪।੧੨।੬੪ ।
Follow us on Twitter Facebook Tumblr Reddit Instagram Youtube