ਆਸਾ ਮਹਲਾ ੪ ॥
ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ ॥
ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰਾ ਜਾਇ ॥੧॥

ਹਰਿ ਜਨ ਨਾਚਹੁ ਹਰਿ ਹਰਿ ਧਿਆਇ ॥
ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥੧॥ ਰਹਾਉ ॥

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਅਨਦਿਨੁ ਹਰਿ ਲਿਵ ਲਾਇ ॥
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਭੂਖ ਨ ਲਾਗੈ ਆਇ ॥੨॥

ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ ॥
ਸੇਈ ਸੰਤ ਭਲੇ ਤੁਧੁ ਭਾਵਹਿ ਜਿਨ੍ਹ ਕੀ ਪਤਿ ਪਾਵਹਿ ਥਾਇ ॥੩॥

ਨਾਨਕੁ ਆਖਿ ਨ ਰਾਜੈ ਹਰਿ ਗੁਣ ਜਿਉ ਆਖੈ ਤਿਉ ਸੁਖੁ ਪਾਇ ॥
ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ ॥੪॥੧੧॥੬੩॥

Sahib Singh
ਸਾਧੂ = ਗੁਰੂ ।
ਮਿਲਿ = ਮਿਲ ਕੇ ।
ਬਲਿਆ = ਚਮਕ ਪਿਆ ।
ਘਟਿ = ਘਟ ਵਿਚ, ਹਿਰਦੇ ਵਿਚ ।੧ ।
ਹਰਿ ਜਨ = ਹੇ ਹਰਿ ਜਨੋ !
ਪਾਇ = ਪੈਰ ।੧।ਰਹਾਉ ।
ਮਨ = ਹੇ ਮਨ !
ਅਨਦਿਨੁ = ਹਰ ਰੋਜ਼ ।
ਲਿਵ ਲਾਇ = ਸੁਰਤਿ ਜੋੜ ਕੇ ।੨ ।
ਅਪਰੰਪਰੁ = ਪਰੇ ਤੋਂ ਪਰੇ ।
ਬੋਲਿ = ਬੋਲੈ, ਬੋਲਦਾ ਹੈ ।
ਪਾਵਹਿ ਥਾਇ = ਤੂੰ ਪਰਵਾਨ ਕਰਦਾ ਹੈਂ ।੩ ।
ਭੰਡਾਰ = ਖ਼ਜ਼ਾਨੇ ।
ਵਣਜਿ = ਖ਼ਰੀਦ ਕੇ ।੪ ।
    
Sahib Singh
ਹੇ ਹਰੀ ਦੇ ਸੇਵਕੋ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਨੱਚੋ (ਨਾਮ ਸਿਮਰੋ—ਇਹੀ ਨਾਚ ਨੱਚੋ ।
ਸਿਮਰਨ ਕਰੋ, ਮਨ ਨੱਚ ਉੱਠੇਗਾ, ਮਨ ਚਾਉ-ਭਰਪੂਰ ਹੋ ਜਾਇਗਾ) ।
ਹੇ ਮੇਰੇ ਵੀਰ! ਜੇ ਮੈਨੂੰ ਇਹੋ ਜਿਹੇ ਸੰਤ-ਜਨ ਮਿਲ ਪੈਣ, ਤਾਂ ਮੈਂ ਉਹਨਾਂ ਦੇ ਪੈਰ ਧੋਵਾਂ (ਅਸੀ ਉਹਨਾਂ ਦੇ ਪੈਰ ਧੋਵੀਏ—ਲਫ਼ਜ਼ੀ) ।੧।ਰਹਾਉ ।
(ਹੇ ਮੇਰੇ ਵੀਰ!) ਪ੍ਰਭੂ ਦੀ ਗੁਰੂ ਦੀ ਸਾਧ ਸੰਗਤਿ ਵਿਚ ਮਿਲਣਾ ਚਾਹੀਦਾ ਹੈ ।
(ਹੇ ਵੀਰ!) ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਰਹੁ ।
(ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਸ ਦੇ ਅੰਦਰ ਗੁਰੂ ਦੇ ਬਖ਼ਸ਼ੇ)ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਸ ਦੇ ਹਿਰਦੇ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ।੧ ।
ਹੇ ਮੇਰੇ ਮਨ! ਹਰ ਰੋਜ਼ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਜੇਹੜੇ ਫਲ ਦੀ ਇੱਛਾ ਕਰੇਂਗਾ ਉਹੀ ਫਲ ਹਾਸਲ ਕਰ ਲਏਂਗਾ, ਤੇ ਮੁੜ ਤੈਨੂੰ ਕਦੇ ਮਾਇਆ ਦੀ ਭੁੱਖ ਨਹੀਂ ਲੱਗੇਗੀ ।੨ ।
(ਪਰ ਸਿਮਰਨ ਕਰਨਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ) ਸਿਰਜਣਹਾਰ ਬੇਅੰਤ ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੋਲਦਾ ਹੈ ਤੇ ਆਪ ਹੀ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ ।
ਹੇ ਪ੍ਰਭੂ! ਉਹੀ ਮਨੁੱਖ ਚੰਗੇ ਹਨ ਸੰਤ ਹਨ ਜੋ ਤੈਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਦੀ ਇੱਜ਼ਤ ਤੇਰੇ ਦਰ ਤੇ ਕਬੂਲ ਹੁੰਦੀ ਹੈ ।੩ ।
(ਹੇ ਭਾਈ! ਪ੍ਰਭੂ ਦਾ ਦਾਸ) ਨਾਨਕ ਪਰਮਾਤਮਾ ਦੇ ਗੁਣ ਬਿਆਨ ਕਰ ਕਰ ਕੇ ਰੱਜਦਾ ਨਹੀਂ ਹੈ ਜਿਉਂ ਜਿਉਂ ਨਾਨਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤਿਉਂ ਤਿਉਂ ਆਤਮਕ ਆਨੰਦ ਮਾਣਦਾ ਹੈ ।
(ਹੇ ਭਾਈ!) ਪਰਮਾਤਮਾ ਨੇ (ਜੀਵਾਂ ਨੂੰ) ਆਪਣੀ ਭਗਤੀ ਦੇ ਖ਼ਜ਼ਾਨੇ ਦਿੱਤੇ ਹੋਏ ਹਨ, ਪਰ ਇਹਨਾਂ ਗੁਣਾਂ ਦਾ ਗਾਹਕ ਹੀ ਖ਼ਰੀਦ ਕੇ (ਇਸ ਜਗਤ ਤੋਂ ਆਪਣੇ ਨਾਲ) ਲੈ ਜਾਂਦਾ ਹੈ ।੪।੧੧।੬੩ ।
Follow us on Twitter Facebook Tumblr Reddit Instagram Youtube