ਆਸਾ ਮਹਲਾ ੪ ॥
ਨਾਮੁ ਸੁਣੀ ਨਾਮੋ ਮਨਿ ਭਾਵੈ ॥
ਵਡੈ ਭਾਗਿ ਗੁਰਮੁਖਿ ਹਰਿ ਪਾਵੈ ॥੧॥

ਨਾਮੁ ਜਪਹੁ ਗੁਰਮੁਖਿ ਪਰਗਾਸਾ ॥
ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥੧॥ ਰਹਾਉ ॥

ਨਾਮੈ ਸੁਰਤਿ ਸੁਨੀ ਮਨਿ ਭਾਈ ॥
ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ॥੨॥

ਨਾਮਹੀਣ ਗਏ ਮੂੜ ਨੰਗਾ ॥
ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥੩॥

ਆਪੇ ਥਾਪੇ ਥਾਪਿ ਉਥਾਪੇ ॥
ਨਾਨਕ ਨਾਮੁ ਦੇਵੈ ਹਰਿ ਆਪੇ ॥੪॥੬॥੫੮॥

Sahib Singh
ਸੁਣੀ = ਸੁਣੀਂ, ਮੈਂ ਸੁਣਦਾ ਹਾਂ ।
ਨਾਮੋ = ਨਾਮ ਹੀ ।
ਮਨਿ = ਮਨ ਵਿਚ ।
ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ।੧ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਪਰਗਾਸਾ = ਚਾਨਣ ।
ਧਰ = ਆਸਰਾ ।
ਮੈ = ਮੈਨੂੰ ।
ਰਵਿਆ = ਸਿਮਰਿਆ ।
ਸਾਸ ਗਿਰਾਸਾ = ਸਾਹ ਤੇ ਗਿਰਾਹੀ ਨਾਲ ।੧।ਰਹਾਉ ।
ਨਾਮੈ ਸੁਰਤਿ = ਨਾਮ ਦੀ ਹੀ ਸ੍ਰੋਤ ।
ਭਾਈ = ਪਿਆਰੀ ਲੱਗੀ ।
ਸਖਾਈ = ਸਾਥੀ ।੨ ।
ਮੂੜ = ਮੂਰਖ ।
ਨੰਗਾ = ਨੰਗੇ, ਕੰਗਾਲ ।
ਪਚਿ ਪਚਿ = ਸੜ ਸੜ ਕੇ, ਖ਼ੁਆਰ ਹੋ ਹੋ ਕੇ ।
ਮੁਏ = ਆਤਮਕ ਮੌਤੇ ਮਰੇ ।
ਬਿਖ = ਜ਼ਹਰ ।
ਦੇਖਿ = ਵੇਖ ਕੇ ।੩ ।
ਥਾਪੇ = ਸਾਜਦਾ ਹੈ ।
ਥਾਪਿ = ਸਾਜ ਕੇ ।
ਉਥਾਪੇ = ਨਾਸ ਕਰਦਾ ਹੈ ।
ਆਪੇ = ਆਪ ਹੀ ।੪ ।
    
Sahib Singh
(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ (ਨਾਮ ਸਿਮਰਨ ਦੀ ਬਰਕਤਿ ਨਾਲ ਅੰਦਰ ਉਚੇ ਆਤਮਕ ਜੀਵਨ ਦਾ) ਚਾਨਣ ਹੋ ਜਾਇਗਾ ।
ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਆਤਮਕ ਜੀਵਨ ਵਾਸਤੇ) ਹੋਰ ਕੋਈ ਆਸਰਾ ਨਹੀਂ ਦਿੱਸਦਾ (ਇਸ ਵਾਸਤੇ) ਮੈਂ ਹਰੇਕ ਸਾਹ ਨਾਲ, ਹਰੇਕ ਗਿਰਾਹੀ ਨਾਲ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹਾਂ ।੧।ਰਹਾਉ ।
(ਹੇ ਭਾਈ!) ਮੈਂ (ਸਦਾ ਪਰਮਾਤਮਾ ਦਾ) ਨਾਮ ਸੁਣਦਾ ਰਹਿੰਦਾ ਹਾਂ, ਨਾਮ ਹੀ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ।
ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਵੱਡੀ ਕਿਸਮਤਿ ਨਾਲ ਇਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ।੧ ।
(ਹੇ ਭਾਈ!) ਜਦੋਂ ਤੋਂ ਮੈਂ ਹਰਿ-ਨਾਮ ਦੀ ਸ੍ਰੋਤ ਸੁਣੀ ਹੈ (ਤਦੋਂ ਤੋਂ ਮੇਰੇ) ਮਨ ਵਿਚ ਪਿਆਰੀ ਲੱਗ ਰਹੀ ਹੈ ।
ਉਹੀ ਮਨੁੱਖ ਮੇਰਾ ਮਿੱਤਰ ਹੈ, ਮੇਰਾ ਸਾਥੀ ਹੈ ਜੇਹੜਾ ਮੈਨੂੰ ਪਰਮਾਤਮਾ ਦਾ ਨਾਮ ਸੁਣਾਂਦਾ ਹੈ ।੨ ।
(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਏ ਮੂਰਖ ਮਨੁੱਖ (ਇਥੋਂ) ਖ਼ਾਲੀ ਹੱਥ ਚਲੇ ਜਾਂਦੇ ਹਨ, (ਜਿਵੇਂ) ਪਤੰਗ (ਬਲਦੇ ਦੀਵੇ ਨੂੰ) ਵੇਖ ਕੇ (ਸੜ ਮਰਦਾ ਹੈ, ਤਿਵੇਂ ਨਾਮ-ਹੀਨ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ) ਜ਼ਹਰ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰਦੇ ਹਨ ।੩ ।
(ਪਰ), ਹੇ ਨਾਨਕ! (ਜੀਵਾਂ ਦੇ ਭੀ ਕੀਹ ਵੱਸ?) ਜੇਹੜਾ ਪਰਮਾਤਮਾ ਆਪ ਹੀ ਜਗਤ-ਰਚਨਾ ਰਚਦਾ ਹੈ ਜੇਹੜਾ ਆਪ ਹੀ ਰਚ ਕੇ ਨਾਸ ਭੀ ਕਰਦਾ ਹੈ ਉਹ ਪਰਮਾਤਮਾ ਆਪ ਹੀ ਹਰਿ-ਨਾਮ ਦੀ ਦਾਤਿ ਦੇਂਦਾ ਹੈ ।੪।੬।੫੮ ।
Follow us on Twitter Facebook Tumblr Reddit Instagram Youtube