ਆਸਾ ਮਹਲਾ ੩ ॥
ਨਿਰਤਿ ਕਰੇ ਬਹੁ ਵਾਜੇ ਵਜਾਏ ॥
ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥
ਅੰਤਰਿ ਲੋਭੁ ਭਰਮੁ ਅਨਲ ਵਾਉ ॥
ਦੀਵਾ ਬਲੈ ਨ ਸੋਝੀ ਪਾਇ ॥੧॥

ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥
ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥

ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥
ਪੂਰੇ ਤਾਲ ਵਿਚਹੁ ਆਪੁ ਗਵਾਇ ॥
ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥
ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥

ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥
ਗੁਰ ਕਾ ਸਬਦੁ ਸਹਜਿ ਵੀਚਾਰੁ ॥
ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥
ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥

ਏਹਾ ਭਗਤਿ ਜਨੁ ਜੀਵਤ ਮਰੈ ॥
ਗੁਰ ਪਰਸਾਦੀ ਭਵਜਲੁ ਤਰੈ ॥
ਗੁਰ ਕੈ ਬਚਨਿ ਭਗਤਿ ਥਾਇ ਪਾਇ ॥
ਹਰਿ ਜੀਉ ਆਪਿ ਵਸੈ ਮਨਿ ਆਇ ॥੪॥

ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥
ਨਿਹਚਲ ਭਗਤਿ ਹਰਿ ਸਿਉ ਚਿਤੁ ਲਾਏ ॥
ਭਗਤਿ ਰਤੇ ਤਿਨ੍ਹ ਸਚੀ ਸੋਇ ॥
ਨਾਨਕ ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥

Sahib Singh
ਨਿਰਤਿ = ਨਾਚ ।
ਕਿਸੁ = ਕਿਸ ਨੂੰ ?
ਆਖਿ = ਆਖ ਕੇ ।
ਅਨਲ = {ਅਨਲ} ਅੱਗ ।
ਵਾਉ = ਹਵਾ, ਝੱਖੜ ।੧ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਘਟਿ = ਹਿਰਦੇ ਵਿਚ ।
ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ ।
ਪਛਾਣਿ = ਪਛਾਣੈ, ਪਛਾਣ ਲੈਂਦਾ ਹੈ ।੧।ਰਹਾਉ ।
ਭਾਉ = ਪ੍ਰੇਮ ।
ਆਪੁ = ਆਪਾ = ਭਾਵ, ਹਉਮੈ ।
ਜਾਣੁ = ਜਾਣੂ ।
ਸਬਦਿ = ਸ਼ਬਦ ਦੀ ਰਾਹੀਂ ।
ਪਛਾਣੁ = ਪਛਾਣੂ ।੨ ।
ਸਹਜਿ = ਆਤਮਕ ਅਡੋਲਤਾ ਵਿਚ ।
ਸਚੁ = ਸਦਾ = ਥਿਰ ਰਹਿਣ ਵਾਲਾ ਪ੍ਰਭੂ ।
ਪਾਖੰਡਿ = ਪਖੰਡ ਨਾਲ ।੩ ।
ਪਰਸਾਦੀ = ਪਰਸਾਦਿ, ਕਿਰਪਾ ਨਾਲ ।
ਭਵਜਲੁ = ਸੰਸਾਰ = ਸਮੁੰਦਰ ।
ਥਾਇ ਪਾਇ = ਕਬੂਲ ਹੋ ਜਾਂਦੀ ਹੈ ।
ਥਾਇ = ਥਾਂ ਵਿਚ, ਲੇਖੇ ਵਿਚ ।
ਮਨਿ = ਮਨ ਵਿਚ ।੪ ।
ਨਿਹਚਲ = ਨਾਹ ਡੋਲਣ ਵਾਲੀ ।
ਸਿਉ = ਨਾਲ ।
ਸੋਇ = ਸੋਭਾ ।
ਸਚੀ = ਸਦਾ = ਥਿਰ ।
ਨਾਮਿ = ਨਾਮ ਵਿਚ ।੫ ।
    
Sahib Singh
(ਹੇ ਭਾਈ!) ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਦੀ ਬਰਕਤਿ ਨਾਲ ਹਿਰਦੇ ਵਿਚ (ਆਤਮਕ ਗਿਆਨ ਦਾ) ਚਾਨਣ ਹੋ ਜਾਂਦਾ ਹੈ ।
(ਇਸ ਭਗਤੀ ਨਾਲ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ (ਤੇ ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ।੧।ਰਹਾਉ।(ਪਰ ਜਿਤਨਾ ਚਿਰ ਮਨੁੱਖ ਦਾ) ਇਹ ਆਪਣਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਬੋਲਾ ਹੋਇਆ ਪਿਆ ਹੈ (ਉਹ ਜੇ ਭਗਤੀ ਵਜੋਂ) ਨਾਚ ਕਰਦਾ ਹੈ ਤੇ ਕਈ ਸਾਜ ਭੀ ਵਜਾਂਦਾ ਹੈ ਤਾਂ ਭੀ ਉਹ ਕਿਸੇ ਨੂੰ ਭੀ ਆਖ ਕੇ ਨਹੀਂ ਸੁਣਾ ਰਿਹਾ (ਕਿਉਂਕਿ ਉਹ ਤਾਂ ਆਪ ਹੀ ਨਹੀਂ ਸੁਣ ਰਿਹਾ) ।
ਉਸ ਦੇ ਆਪਣੇ ਅੰਦਰ ਤ੍ਰਿਸ਼ਨਾ-ਅੱਗ ਬਲ ਰਹੀ ਹੈ ਭਟਕਣਾ (ਦਾ) ਝੱਖੜ ਝੁੱਲ ਰਿਹਾ ਹੈ (ਅਜੇਹੀ ਹਾਲਤ ਵਿਚ ਉਸ ਦੇ ਅੰਦਰ ਗਿਆਨ ਦਾ) ਦੀਵਾ ਨਹੀਂ ਜਗ ਸਕਦਾ, ਉਹ (ਸਹੀ ਜੀਵਨ ਦੀ) ਸਮਝ ਨਹੀਂ ਹਾਸਲ ਕਰ ਸਕਦਾ ।੧ ।
ਗੁਰੂ ਦੇ ਸਨਮੁਖ ਰਹਿਣਾ ਹੀ ਨਾਚ ਹੈ (ਇਸ ਤ੍ਰਹਾਂ) ਪਰਮਾਤਮਾ ਨਾਲ ਪਿਆਰ ਬਣਦਾ ਹੈ (ਇਸ ਤ੍ਰਹਾਂ ਮਨੁੱਖ ਆਪਣੇ) ਅੰਦਰੋਂ ਹਉਮੈ ਦੂਰ ਕਰਦਾ ਹੈ ਇਹੀ ਹੈ ਤਾਲ ਸਿਰ ਨਾਚ ਕਰਨਾ ।
(ਜੋ ਮਨੁੱਖ ਇਹ ਨਾਚ ਨੱਚਦਾ ਹੈ) ਸਦਾ-ਥਿਰ ਪ੍ਰਭੂ ਆਪ ਹੀ ਉਸ ਦਾ ਮਿੱਤਰ ਬਣ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਵੱਸਦਾ ਪ੍ਰਭੂ ਉਸ ਦਾ ਪਛਾਣੂ ਹੋ ਜਾਂਦਾ ਹੈ ।੨ ।
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਭਗਤੀ ਨਾਲ ਮਨੁੱਖ ਦੇ ਅੰਦਰ ਪ੍ਰੀਤਿ ਪੈਦਾ ਹੁੰਦੀ ਹੈ ਪਿਆਰ ਪੈਦਾ ਹੁੰਦਾ ਹੈ ।
ਗੁਰੂ ਦਾ ਸ਼ਬਦ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੈ ਜਾਂਦਾ ਹੈ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਬਖ਼ਸ਼ਦਾ ਹੈ ।
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਹੀ (ਸਹੀ) ਤਰੀਕਾ ਹੈ (ਜਿਸ ਨਾਲ) ਉਹ ਪਰਮਾਤਮਾ ਮਿਲਦਾ ਹੈ ।
ਵਿਖਾਵੇ ਦੀ ਭਗਤੀ ਦੇ ਨਾਚ ਦੀ ਰਾਹੀਂ ਦੁੱਖ ਹੁੰਦਾ ਹੈ ।੩ ।
ਅਸਲ ਭਗਤੀ ਇਹੀ ਹੈ ਕਿ (ਜਿਸ ਦੀ ਬਰਕਤਿ ਨਾਲ) ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ (ਦੀਆਂ ਵਿਕਾਰਾਂ ਦੀਆਂ ਲਹਿਰਾਂ) ਤੋਂ ਪਾਰ ਲੰਘ ਜਾਂਦਾ ਹੈ ।
ਗੁਰੂ ਦੇ ਉਪਦੇਸ਼ ਅਨੁਸਾਰ ਕੀਤੀ ਹੋਈ ਭਗਤੀ (ਪ੍ਰਭੂ ਦੇ ਦਰ ਤੇ) ਪਰਵਾਨ ਹੁੰਦੀ ਹੈ, ਪ੍ਰਭੂ ਆਪ ਹੀ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ।੪ ।
(ਪਰ ਜੀਵ ਦੇ ਕੀਹ ਵੱਸ ?
ਜਿਸ ਮਨੁੱਖ ਉਤੇ) ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ (ਗੁਰੂ ਦੀ ਸਹਾਇਤਾ ਨਾਲ) ਉਹ ਨਾਹ ਡੋਲਣ ਵਾਲੀ ਭਗਤੀ ਕਰਦਾ ਹੈ ਤੇ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ ।
ਹੇ ਨਾਨਕ! ਜੇਹੜੇ ਮਨੁੱਖ (ਪਰਮਾਤਮਾ ਦੀ) ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ।
ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਹੋਇਆਂ ਨੂੰ ਆਤਮਕ ਆਨੰਦ ਮਿਲਦਾ ਹੈ ।੫।੧੨।੫੧ ।
Follow us on Twitter Facebook Tumblr Reddit Instagram Youtube