ਆਸਾ ਮਹਲਾ ੩ ॥
ਦੂਜੈ ਭਾਇ ਲਗੇ ਦੁਖੁ ਪਾਇਆ ॥
ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥
ਸਤਿਗੁਰੁ ਸੇਵੈ ਸੋਝੀ ਹੋਇ ॥
ਦੂਜੈ ਭਾਇ ਨ ਲਾਗੈ ਕੋਇ ॥੧॥

ਮੂਲਿ ਲਾਗੇ ਸੇ ਜਨ ਪਰਵਾਣੁ ॥
ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥

ਡਾਲੀ ਲਾਗੈ ਨਿਹਫਲੁ ਜਾਇ ॥
ਅੰਧੀਂ ਕੰਮੀ ਅੰਧ ਸਜਾਇ ॥
ਮਨਮੁਖੁ ਅੰਧਾ ਠਉਰ ਨ ਪਾਇ ॥
ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥

ਗੁਰ ਕੀ ਸੇਵਾ ਸਦਾ ਸੁਖੁ ਪਾਏ ॥
ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥
ਨਾਮੇ ਨਾਮਿ ਕਰੇ ਵੀਚਾਰੁ ॥
ਆਪਿ ਤਰੈ ਕੁਲ ਉਧਰਣਹਾਰੁ ॥੩॥

ਗੁਰ ਕੀ ਬਾਣੀ ਨਾਮਿ ਵਜਾਏ ॥
ਨਾਨਕ ਮਹਲੁ ਸਬਦਿ ਘਰੁ ਪਾਏ ॥
ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥
ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥

Sahib Singh
ਭਾਇ = ਪਿਆਰ ਵਿਚ ।
ਭਾਉ = ਪਿਆਰ ।
ਦੂਜੈ ਭਾਇ = ਹੋਰ ਦੇ ਪਿਆਰ ਵਿਚ ।
ਬਿਰਥਾ = ਵਿਅਰਥ ।
ਸੇਵੈ = ਸਰਨ ਪੈਂਦਾ ਹੈ ।
ਕੋਇ = ਕੋਈ ਭੀ ਮਨੁੱਖ ।੧ ।
ਮੂਲਿ = (ਜਗਤ ਦੇ) ਮੂਲ ( = ਪ੍ਰਭੂ) ਵਿਚ ।
ਸੇ ਜਨ = ਉਹ ਬੰਦੇ ।
ਅਨਦਿਨੁ = {æਅਨੁਦਿਨ} ਹਰ ਰੋਜ਼, ਹਰ ਵੇਲੇ ।
ਜਪਿ = ਜਪ ਕੇ ।
ਜਾਣੁ = ਜਾਣੂ, ਪਛਾਣੂ ।੧।ਰਹਾਉ ।
ਨਿਹਫਲੁ = ਅੱਫਲ ।
ਅੰਧ = (ਮਾਇਆ ਵਿਚ) ਅੰਨ੍ਹੇ ਹੋਏ ਮਨੁੱਖ ਨੂੰ ।
ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ।
ਪਚਾਇ = ਸੜਦਾ ਹੈ ।੧ ।
ਮਿਲਿ = ਮਿਲ ਕੇ ।
ਨਾਮੇ = ਨਾਮਿ ਹੀ, ਨਾਮ ਵਿਚ ਹੀ ।
ਉਧਰਣਹਾਰੁ = ਬਚਾਣ = ਜੋਗਾ ।੩ ।
ਵਜਾਏ = (ਵਾਜਾ) ਵਜਾਂਦਾ ਹੈ ।
ਮਹਲੁ = ਟਿਕਾਣਾ, ਪ੍ਰਭੂ = ਚਰਨ ।
ਘਰੁ = ਪ੍ਰਭੂ ਦਾ ਘਰ ।
ਸਤਸਰਿ = ਸਾਧ ਸੰਗਤਿ = ਰੂਪ ਸਰੋਵਰ ਵਿਚ ।
ਸਰਿ = ਸਰੋਵਰ ਵਿਚ ।
ਜਲਿ = ਜਲ ਨਾਲ, ਪਾਣੀ ਨਾਲ ।
ਨਾਇਆ = ਨ੍ਹਾਤਾ ।
ਦੁਰਤੁ = ਪਾਪ ।੪ ।
    
Sahib Singh
(ਹੇ ਭਾਈ! ਜੇਹੜੇ ਮਨੁੱਖ) ਜਗਤ ਦੇ ਰਚਨਹਾਰ ਪਰਮਾਤਮਾ (ਦੀ ਯਾਦ) ਵਿਚ ਜੁੜਦੇ ਹਨ ਉਹ ਮਨੁੱਖ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦੇ ਹਨ ।
ਪਰਮਾਤਮਾ ਦਾ ਨਾਮ ਹਰ ਵੇਲੇ ਆਪਣੇ ਹਿਰਦੇ ਵਿਚ ਜਪ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ।੧।ਰਹਾਉ ।
(ਜੇਹੜੇ ਮਨੁੱਖ ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੇ ਪਿਆਰ ਵਿਚ ਮੱਤੇ ਰਹਿੰਦੇ ਹਨ ਉਹਨਾਂ ਨੇ ਦੁੱਖ ਹੀ ਦੁੱਖ ਸਹੇੜਿਆ, ਗੁਰੂ ਦੇ ਸ਼ਬਦ ਤੋਂ ਵਾਂਜੇ ਰਹਿ ਕੇ ਉਹਨਾਂ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ।
ਜੇਹੜਾ ਕੋਈ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਸ ਨੂੰ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ, ਉਹ ਫਿਰ ਮਾਇਆ ਦੇ ਪਿਆਰ ਵਿਚ ਨਹੀਂ ਲੱਗਦਾ ।੧ ।
(ਜੇਹੜਾ ਮਨੁੱਖ ਜਗਤ ਦੇ ਮੂਲ-ਪ੍ਰਭੂ-ਰੁੱਖ ਨੂੰ ਛੱਡ ਕੇ ਉਸ ਦੀ ਰਚੀ ਮਾਇਆ-ਰੂਪ) ਟਹਣੀ ਨੂੰ ਚੰਬੜਿਆ ਰਹਿੰਦਾ ਹੈ ਉਹ ਅੱਫਲ ਹੀ ਜਾਂਦਾ ਹੈ (ਜੀਵਨ-ਫਲ ਪ੍ਰਾਪਤ ਨਹੀਂ ਕਰ ਸਕਦਾ), ਬੇ-ਸਮਝੀ ਦੇ ਕੰਮਾਂ ਵਿਚ ਪੈ ਕੇ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ (ਮਾਇਆ ਦੀ ਭਟਕਣਾ ਤੋਂ ਬਚਣ ਦਾ) ਟਿਕਾਣਾ ਨਹੀਂ ਲੱਭ ਸਕਦਾ (ਉਹ ਮਨੁੱਖ ਮਾਇਆ ਦੇ ਮੋਹ ਵਿਚ ਇਉਂ ਹੀ) ਖ਼ੁਆਰ ਹੁੰਦਾ ਹੈ (ਜਿਵੇਂ) ਗੰਦ ਦਾ ਕੀੜਾ ਗੰਦ ਵਿਚ ।੨ ।
ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਸਦਾ ਆਤਮਕ ਆਨੰਦ ਮਾਣਦਾ ਹੈ (ਕਿਉਂਕਿ) ਸਾਧ ਸੰਗਤਿ ਵਿਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ) ।
ਉਹ ਸਦਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਦਾ ਹੈ ।
(ਇਸ ਤ੍ਰਹਾਂ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਪਾਰ ਲੰਘਾਣ ਜੋਗਾ ਹੋ ਜਾਂਦਾ ਹੈ ।੩ ।
ਪਰਮਾਤਮਾ ਦੇ ਨਾਮ ਵਿਚ ਜੁੜ ਕੇ ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ (ਦਾ ਵਾਜਾ) ਵਜਾਂਦਾ ਹੈ (ਆਪਣੇ ਅੰਦਰ ਗੁਰੂ ਦੀ ਬਾਣੀ ਦਾ ਪੂਰਨ ਪ੍ਰਭਾਵ ਪਾਈ ਰੱਖਦਾ ਹੈ), ਹੇ ਨਾਨਕ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਘਰ ਮਹਲ ਹਾਸਲ ਕਰ ਲੈਂਦਾ ਹੈ ।
ਗੁਰੂ ਦੀ ਮਤਿ ਲੈ ਕੇ ਜਿਸ ਮਨੁੱਖ ਨੇ ਸਤਸੰਗ-ਸਰੋਵਰ ਵਿਚ ਪਰਮਾਤਮਾ ਦੇ ਨਾਮ-ਜਲ ਨਾਲ ਇਸ਼ਨਾਨ ਕੀਤਾ,ਉਸ ਨੇ ਭੈੜੀ ਖੋਟੀ ਮਤਿ ਦੀ ਮੈਲ ਧੋ ਲਈ ਉਸ ਨੇ (ਆਪਣੇ ਅੰਦਰੋਂ) ਸਾਰਾ ਪਾਪ ਦੂਰ ਕਰ ਲਿਆ ।੪।੫।੪੪ ।
Follow us on Twitter Facebook Tumblr Reddit Instagram Youtube