ਆਸਾ ਮਹਲਾ ੩ ॥
ਸਤਿਗੁਰ ਵਿਚਿ ਵਡੀ ਵਡਿਆਈ ॥
ਚਿਰੀ ਵਿਛੁੰਨੇ ਮੇਲਿ ਮਿਲਾਈ ॥
ਆਪੇ ਮੇਲੇ ਮੇਲਿ ਮਿਲਾਏ ॥
ਆਪਣੀ ਕੀਮਤਿ ਆਪੇ ਪਾਏ ॥੧॥

ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥
ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ ॥

ਗੁਰਮੁਖਿ ਕੀਮਤਿ ਜਾਣੈ ਕੋਇ ॥
ਵਿਰਲੇ ਕਰਮਿ ਪਰਾਪਤਿ ਹੋਇ ॥
ਊਚੀ ਬਾਣੀ ਊਚਾ ਹੋਇ ॥
ਗੁਰਮੁਖਿ ਸਬਦਿ ਵਖਾਣੈ ਕੋਇ ॥੨॥

ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥
ਸਤਿਗੁਰੁ ਭੇਟੇ ਤਾ ਉਤਰੈ ਪੀਰ ॥
ਬਿਨੁ ਗੁਰ ਭੇਟੇ ਦੁਖੁ ਕਮਾਇ ॥
ਮਨਮੁਖਿ ਬਹੁਤੀ ਮਿਲੈ ਸਜਾਇ ॥੩॥

ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥
ਪੀਵਤ ਰਹੈ ਪੀਆਏ ਸੋਇ ॥
ਗੁਰ ਕਿਰਪਾ ਤੇ ਹਰਿ ਰਸੁ ਪਾਏ ॥
ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥

Sahib Singh
ਮੇਲਿ = (ਪ੍ਰਭੂ ਦੇ) ਮਿਲਾਪ ਵਿਚ ।
ਆਪੇ = (ਪ੍ਰਭੂ) ਆਪ ਹੀ ।
ਕੀਮਤਿ = ਕਦਰ ।੧ ।
ਕਿਨ ਬਿਧਿ = ਕਿਸ ਤਰੀਕੇ ਨਾਲ ?
ਅਪਰੰਪਰੁ = ਪਰੇ ਤੋਂ ਪਰੇ ।
ਅਗਮ = ਅਪਹੁੰਚ ।
ਅਗੋਚਰੁ = {ਅ = ਗੋ-ਚਰੁ ।
ਗੋ = ਗਿਆਨ = ਇੰਦ੍ਰੇ ।
ਚਰੁ = ਪਹੁੰਚ} ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ ।
ਕੋਇ = ਕੋਈ ਵਿਰਲਾ ।੧।ਰਹਾਉ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਕਰਮਿ = ਮੇਹਰ ਨਾਲ ।
ਊਚਾ = ਉੱਚੇ ਜੀਵਨ ਵਾਲਾ ।੨ ।
ਸਰੀਰਿ = ਸਰੀਰ ਵਿਚ, ਹਿਰਦੇ ਵਿਚ ।
ਭੇਟੇ = ਮਿਲੇ ।
ਤਾ = ਤਦੋਂ ।
ਬਿਨੁ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ ।
ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ ।੩ ।
ਅਤਿ ਰਸੁ = ਬਹੁਤ ਰਸ ਵਾਲਾ ।
ਪੀਆਏ = ਪਿਲਾਂਦਾ ਹੈ ।
ਸੋਇ = ਉਹ (ਪ੍ਰਭੂ) ਹੀ ।
ਤੇ = ਤੋਂ ।
ਨਾਮਿ = ਨਾਮ ਵਿਚ ।
ਰਤੇ = ਰੰਗੀਜ ਕੇ ।
ਗਤਿ = ਉੱਚੀ ਆਤਮਕ ਅਵਸਥਾ ।੪ ।
    
Sahib Singh
(ਹੇ ਭਾਈ!) ਕਿਸ ਤਰੀਕੇ ਨਾਲ (ਮਨੁੱਖ ਦੇ ਮਨ ਵਿਚ) ਪਰਮਾਤਮਾ (ਦੇ ਨਾਮ) ਦੀ ਕਦਰ ਪੈਦਾ ਹੋਵੇ ?
ਪਰਮਾਤਮਾ ਪਰੇ ਤੋਂ ਪਰੇ ਹੈ, ਪਰਮਾਤਮਾ ਅਪਹੁੰਚ ਹੈ, ਪਰਮਾਤਮਾ ਤਕ ਗਿਆਨ-ਇੰਦਿ੍ਰਆਂ ਦੀ ਰਾਹੀਂ ਪਹੁੰਚ ਨਹੀਂ ਹੋ ਸਕਦੀ ।
(ਬੱਸ!) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਕੋਈ ਵਿਰਲਾ ਮਨੁੱਖ ਪ੍ਰਭੂ ਨੂੰ ਮਿਲਦਾ ਹੈ (ਤੇ ਉਸ ਦੇ ਅੰਦਰ ਪ੍ਰਭੂ ਦੇ ਨਾਮ ਦੀ ਕਦਰ ਪੈਦਾ ਹੁੰਦੀ ਹੈ) ।੧।ਰਹਾਉ ।
(ਹੇ ਭਾਈ!) ਸਤਿਗੁਰੂ ਵਿਚ ਇਹ ਵੱਡਾ ਭਾਰਾ ਗੁਣ ਹੈ ਕਿ ਉਹ ਅਨੇਕਾਂ ਜਨਮਾਂ ਦੇ ਵਿਛੁੜੇ ਹੋਏ ਜੀਵਾਂ ਨੂੰਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ ।
ਪ੍ਰਭੂ ਆਪ ਹੀ (ਗੁਰੂ) ਮਿਲਾਂਦਾ ਹੈ, ਗੁਰੂ ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ ਤੇ (ਇਸ ਤ੍ਰਹਾਂ ਜੀਵਾਂ ਦੇ ਹਿਰਦੇ ਵਿਚ) ਆਪਣੇ ਨਾਮ ਦੀ ਕਦਰ ਆਪ ਹੀ ਪੈਦਾ ਕਰਦਾ ਹੈ ।੧ ।
ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦੀ ਕਦਰ ਸਮਝਦਾ ਹੈ ਕਿਸੇ ਵਿਰਲੇ ਨੂੰ ਪਰਮਾਤਮਾ ਦੀ ਮੇਹਰ ਨਾਲ (ਪਰਮਾਤਮਾ ਦਾ ਨਾਮ) ਮਿਲਦਾ ਹੈ ।
ਸਭ ਤੋਂ ਉੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ ।
ਕੋਈ (ਵਿਰਲਾ ਭਾਗਾਂ ਵਾਲਾ ਮਨੁੱਖ) ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ ।੨ ।
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੇ ਸਰੀਰ ਵਿਚ (ਵਿਕਾਰਾਂ ਦਾ) ਦੁੱਖ ਰੋਗ ਪੈਦਾ ਹੋਇਆ ਰਹਿੰਦਾ ਹੈ, ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ, ਤਦੋਂ ਉਸ ਦਾ ਇਹ ਦੁੱਖ ਦੂਰ ਹੋ ਜਾਂਦਾ ਹੈ ।
ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਉਹੀ ਕਰਮ ਕਮਾਂਦਾ ਹੈ ਜੋ ਦੁੱਖ ਪੈਦਾ ਕਰਨ, (ਇਸ ਤ੍ਰਹਾਂ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਬਹੁਤ ਸਜ਼ਾ ਮਿਲਦੀ ਰਹਿੰਦੀ ਹੈ ।੩ ।
(ਹੇ ਭਾਈ!) ਪਰਮਾਤਮਾ ਦਾ ਨਾਮ (ਇਕ ਐਸਾ ਅੰਮਿ੍ਰਤ ਹੈ ਜੋ) ਮਿੱਠਾ ਹੈ, ਬੜੇ ਰਸ ਵਾਲਾ ਹੈ ।
ਪਰ ਉਹੀ ਮਨੁੱਖ ਇਹ ਨਾਮ-ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਉਹ ਪਰਮਾਤਮਾ ਆਪ ਪਿਲਾਏ ।
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਨਾਮ-ਜਲ ਦਾ ਆਨੰਦ ਮਾਣਦਾ ਹੈ, ਨਾਮ-ਰੰਗਿ ਵਿਚ ਰੰਗੀਜ ਕੇ ਮਨੁੱਖ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ।੪।੩।੪੨ ।
Follow us on Twitter Facebook Tumblr Reddit Instagram Youtube