ਰਾਗੁ ਆਸਾ ਘਰੁ ੨ ਮਹਲਾ ੩
ੴ ਸਤਿਗੁਰ ਪ੍ਰਸਾਦਿ ॥
ਹਰਿ ਦਰਸਨੁ ਪਾਵੈ ਵਡਭਾਗਿ ॥
ਗੁਰ ਕੈ ਸਬਦਿ ਸਚੈ ਬੈਰਾਗਿ ॥
ਖਟੁ ਦਰਸਨੁ ਵਰਤੈ ਵਰਤਾਰਾ ॥
ਗੁਰ ਕਾ ਦਰਸਨੁ ਅਗਮ ਅਪਾਰਾ ॥੧॥

ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥
ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥

ਗੁਰ ਦਰਸਨਿ ਉਧਰੈ ਸੰਸਾਰਾ ॥
ਜੇ ਕੋ ਲਾਏ ਭਾਉ ਪਿਆਰਾ ॥
ਭਾਉ ਪਿਆਰਾ ਲਾਏ ਵਿਰਲਾ ਕੋਇ ॥
ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥

ਗੁਰ ਕੈ ਦਰਸਨਿ ਮੋਖ ਦੁਆਰੁ ॥
ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥
ਨਿਗੁਰੇ ਕਉ ਗਤਿ ਕਾਈ ਨਾਹੀ ॥
ਅਵਗਣਿ ਮੁਠੇ ਚੋਟਾ ਖਾਹੀ ॥੩॥

ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥
ਗੁਰਮੁਖਿ ਤਾ ਕਉ ਲਗੈ ਨ ਪੀਰ ॥
ਜਮਕਾਲੁ ਤਿਸੁ ਨੇੜਿ ਨ ਆਵੈ ॥
ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥

Sahib Singh
ਦਰਸਨੁ = ਸ਼ਾਸਤ੍ਰ ।
ਹਰਿ ਦਰਸਨੁ = ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ) ਸ਼ਾਸਤ੍ਰ ।
ਵਡਭਾਗਿ = ਵੱਡੇ ਭਾਗ ਨਾਲ, ਵੱਡੀ ਕਿਸਮਤਿ ਨਾਲ ।
ਸਬਦਿ = ਸ਼ਬਦ ਦੀ ਰਾਹੀਂ ।
ਸਚੈ ਬੈਰਾਗਿ = ਸਦਾ = ਥਿਰ ਰਹਿਣ ਵਾਲੇ ਪਰਮਾਤਮਾ ਦੇ ਵੈਰਾਗ ਦੀ ਰਾਹੀਂ ।
ਖਟੁ = ਛੇ ।
ਖਟੁ ਦਰਸਨ = ਛੇ ਸ਼ਾਸਤ੍ਰ {ਸਾਂਖ, ਨਿਆਏ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ} ।
ਵਰਤਾਰਾ = ਰਿਵਾਜ ।
ਗੁਰ ਕਾ ਦਰਸਨੁ = ਗੁਰੂ ਦਾ ਸ਼ਾਸਤ੍ਰ ।
ਅਗਮ = ਅਪਹੁੰਚ ।
ਅਪਾਰਾ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ ।੧ ।
ਦਰਸਨਿ = ਸ਼ਾਸਤ੍ਰ ਦੀ ਰਾਹੀਂ ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ ।
ਗਤਿ = ਉੱਚੀ ਆਤਮਕ ਅਵਸਥਾ ।
ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ ।
ਮਨਿ = ਮਨ ਵਿਚ ।
ਸੋਇ = ਉਹ ਹੀ ।੧।ਰਹਾਉ।ਉਧਰੈ—(ਵਿਕਾਰਾਂ ਤੋਂ) ਬਚ ਜਾਂਦਾ ਹੈ ।
ਕੋ = ਕੋਈ ਮਨੁੱਖ ।
ਭਾਉ = ਪ੍ਰੇਮ ।੨ ।
ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਦਰਵਾਜ਼ਾ ।
ਸਾਧਾਰੁ = ਸ = ਅਦਾਰੁ, ਆਸਰੇ ਵਾਲਾ ।
ਕਾਈ ਗਤਿ = ਉੱਚੀ ਆਤਮਕ ਅਵਸਥਾ ।
ਅਵਗਣਿ = ਅਵਗਣ ਵਿਚ, ਪਾਪ ਵਿਚ ।
ਮੁੱਠੇ = ਲੁੱਟੇ ਜਾ ਰਹੇ ।
ਖਾਹੀ = ਖਾਹਿ, ਖਾਂਦੇ ਹਨ ।੩ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ ।
ਤਾ ਕਉ = ਉਸ (ਮਨੁੱਖ) ਨੂੰ ।
ਪੀਰ = ਪੀੜ, ਦੁੱਖ ।
ਜਮਕਾਲੁ = ਮੌਤ, ਆਤਮਕ ਮੌਤ ।
ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ।
ਸਮਾਵੈ = ਲੀਨ ਹੋ ਜਾਂਦਾ ਹੈ ।੪ ।
    
Sahib Singh
ਗੁਰੂ ਦੇ (ਦਿੱਤੇ ਹੋਏ) ਸ਼ਾਸਤ੍ਰ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ।੧।ਰਹਾਉ ।
(ਜਗਤ ਵਿਚ ਵੇਦਾਂਤ ਆਦਿਕ) ਛੇ ਸ਼ਾਸਤ੍ਰਾਂ (ਦੀ ਵਿਕਾਰ) ਦਾ ਰਿਵਾਜ ਚੱਲ ਰਿਹਾ ਹੈ ਪਰ ਗੁਰੂ ਦਾ (ਦਿੱਤਾ ਹੋਇਆ) ਸ਼ਾਸਤ੍ਰ (ਇਹਨਾਂ ਛੇ ਸ਼ਾਸਤ੍ਰਾਂ ਦੀ) ਪਹੁੰਚ ਤੋਂ ਪਰੇ ਹੈ (ਇਹ ਛੇ ਸ਼ਾਸਤ੍ਰ ਗੁਰੂ ਦੇ ਸ਼ਾਸਤ੍ਰ ਦਾ) ਅੰਤ ਨਹੀਂ ਪਾ ਸਕਦੇ ।
ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਕੇ ਮਨੁੱਖ ਵੱਡੀ ਕਿਸਮਤਿ ਨਾਲ ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ ਗੁਰ-) ਸ਼ਾਸਤ੍ਰ ਪ੍ਰਾਪਤ ਕਰਦਾ ਹੈ ।੨ ।
ਜੇ ਕੋਈ ਮਨੁੱਖ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਜੋੜੇ ਤਾਂ (ਪ੍ਰੇਮ ਜੋੜਨ ਵਾਲਾ) ਜਗਤ ਗੁਰੂ ਦੇ ਸ਼ਾਸਤ੍ਰ ਦੀ ਬਰਕਤਿ ਨਾਲ (ਵਿਕਾਰਾਂ ਤੋਂ) ਬਚ ਜਾਂਦਾ ਹੈ ।
ਪਰ ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਪੈਦਾ ਕਰਦਾ ਹੈ ।
(ਹੇ ਭਾਈ!) ਗੁਰੂ ਦੇ ਸ਼ਾਸਤ੍ਰ ਵਿਚ (ਚਿੱਤ ਜੋੜਿਆਂ) ਸਦਾ ਆਤਮਕ ਆਨੰਦ ਮਿਲਦਾ ਹੈ ।੨ ।
ਗੁਰੂ ਦੇ ਸ਼ਾਸਤ੍ਰ ਵਿਚ (ਸੁਰਤਿ ਟਿਕਾਇਆਂ) ਵਿਕਾਰਾਂ ਤੋਂ ਖ਼ਲਾਸੀ ਪਾਣ ਵਾਲਾ ਰਾਹ ਲੱਭ ਪੈਂਦਾ ਹੈ ।
ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਪਰਵਾਰ ਵਾਸਤੇ ਭੀ (ਵਿਕਾਰਾਂ ਤੋਂ ਬਚਣ ਲਈ) ਸਹਾਰਾ ਬਣ ਜਾਂਦਾ ਹੈ ।
ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਸ ਨੂੰ ਕੋਈ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ ।
(ਹੇ ਭਾਈ!) ਜਿਹੜੇ ਮਨੁੱਖ ਪਾਪ (-ਕਰਮ) ਵਿਚ (ਫਸ ਕੇ ਆਤਮਕ ਜੀਵਨ ਵਲੋਂ) ਲੁੱਟੇ ਜਾ ਰਹੇ ਹਨ, ਉਹ (ਜੀਵਨ-ਸਫ਼ਰ ਵਿਚ) (ਵਿਕਾਰਾਂ ਦੀਆਂ) ਸੱਟਾਂ ਖਾਂਦੇ ਹਨ ।੩ ।
(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜਿਆਂ (ਮਨੁੱਖ ਦੇ) ਸਰੀਰ ਨੂੰ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ, ਗੁਰੂ ਦੀ ਸਰਨ ਪੈਣ ਕਰਕੇ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ ।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕ ਸਕਦੀ ।
ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ ।੪।੧।੪੦ ।

ਨੋਟ: ਅੰਕ ੪ ਦੱਸਦਾ ਹੈ ਕਿ ਸ਼ਬਦ ਦੇ ੪ ਬੰਕ ਹਨ ।
ਅੰਕ ੧ ਦੱਸਦਾ ਹੈ ਕਿ ਗੁਰੂ ਅਮਰਦਾਸ ਜੀ ਦਾ ਇਹ ਪਹਿਲਾ ਸ਼ਬਦ ਹੈ ।
Follow us on Twitter Facebook Tumblr Reddit Instagram Youtube