ਆਸਾ ਮਹਲਾ ੧ ॥
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥

ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥

ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥

ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥
ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥

ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥
ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥

Sahib Singh
ਗਿਆਨੁ = ਅਕਾਲ ਪੁਰਖ ਨਾਲ ਡੂੰਘੀ ਸਾਂਝ ।
ਧਿਆਨੁ = ਪ੍ਰਭੂ ਦੀ ਯਾਦ ਵਿਚ ਸੁਰਤਿ ਜੁੜੀ ਰਹਿਣੀ ।
ਧਾਵੈ = ਮਹੂਏ ਦੇ ਫੁੱਲ ।
ਕਰਣੀ = ਉੱਚਾ ਆਚਰਨ ।
ਕਸੁ = ਕਿੱਕਰ ਦੇ ਸੱਕ ।
ਭਵਨੁ = ਸਰੀਰ, ਦੇਹ = ਅੱਧਿਆਸ ।
ਭਾਠੀ = ਸ਼ਰਾਬ ਕੱਢਣ ਵਾਸਤੇ ਭੱਠੀ, (ਲਾਹਣ ਵਾਲਾ ਭਾਂਡਾ, ਭਾਂਡੇ ਦੇ ਉਪਰ ਨਾਲ, ਭਾਂਡੇ ਦੇ ਹੇਠ ਅੱਗ—ਇਸ ਸਾਰੇ ਦਾ ਸਮੂਹ) ।
ਪੋਚਾ = ਠੰਡੇ ਪਾਣੀ ਦਾ ਪੋਚਾ ਉਸ ਨਾਲੀ ਉਤੇ ਜਿਸ ਵਿਚੋਂ ਅਰਕ ਦੀ ਭਾਫ਼ ਨਿਕਲਦੀ ਹੈ, ਤਾਕਿ ਭਾਫ਼ ਠੰਡੀ ਹੋ ਕੇ ਅਰਕ ਬਣਦੀ ਜਾਏ ।
ਇਤੁ = ਇਸ ਦੀ ਰਾਹੀਂ ।
ਇਤੁ ਰਸਿ = ਇਸ (ਤਿਆਰ ਹੋਏ) ਰਸ ਦੀ ਰਾਹੀਂ ।
ਅਮਿਉ = ਅੰਮਿ੍ਰਤ ।੧।ਬਾਬਾ—ਜੇ ਜੋਗੀ !
ਮਤਵਾਰੋ = ਮਸਤ ।
ਸਹਜ = ਅਡੋਲਤਾ ।
ਅਹਿ = ਦਿਨ ।
ਨਿਸਿ = ਰਾਤ ।
ਅਨਾਹਦ = ਇਕ = ਰਸ, ਲਗਾਤਾਰ ।
ਗਹਿਆ = ਪਕੜਿਆ, ਗ੍ਰਹਣ ਕੀਤਾ ।੧।ਰਹਾਉ ।
ਪੂਰਾ = ਸਭ ਗੁਣਾਂ ਦਾ ਮਾਲਕ ਪ੍ਰਭੂ ।
ਸਾਚੁ = ਸਦਾ ਟਿਕੇ ਰਹਿਣ ਵਾਲਾ ।
ਸਹਜੇ = ਅਡੋਲ ਅਵਸਥਾ ਵਿਚ (ਰੱਖ ਕੇ) ।
ਮਦਿ = ਸ਼ਰਾਬ ਵਿਚ ।
ਛੂਛੈ = ਫੋਕੇ ਵਿਚ ।
ਭਾਉ = ਪਿਆਰ ।੨ ।
ਸਾਖੀ = ਸਿੱਖਿਆ, ਉਪਦੇਸ਼ ।
ਅੰਮਿ੍ਰਤ = ਅਟੱਲ ਆਤਮਕ ਜੀਵਨ ਦੇਣ ਵਾਲੀ ।
ਪਰਵਾਣੁ = ਕਬੂਲ ।੨ ।
ਰਤਾ = ਰੰਗਿਆ ਹੋਇਆ ।
ਜੂਐ = ਜੂਏ ਵਿਚ ।
ਖੀਵਾ = ਮਸਤ ।
ਧਾਰ = ਲਿਵ, ਬਿ੍ਰਤੀ ।੪।ਨੋਟ:- ਜੋਗੀ ਸਮਾਧੀ ਵੇਲੇ ਸੁਰਤਿ ਦੀ ਇਕਾਗ੍ਰਤਾ ਵਾਸਤੇ ਸ਼ਰਾਬ ਪੀਂਦੇ ਸਨ ।
    ਸਤਿਗੁਰੂ ਜੀ ਉਸ ਸ਼ਰਾਬ ਦੀ ਨਿਖੇਧੀ ਕਰਦੇ ਹਨ ।
    
Sahib Singh
ਜੇ ਜੋਗੀ! (ਤੁਸੀਂ ਸੁਰਤਿ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ; ਤੇ ਸੁਰਤਿ ਮੁੜ ਉੱਖੜ ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ (ਸਿਮਰਨ ਦਾ ਆਨੰਦ ਮਾਣਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ, ਜਿਸ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ ।੧।ਰਹਾਉ ।
(ਹੇ ਜੋਗੀ!) ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿਚ) ਰਲਾ ਦੇ ।
ਸਰੀਰਕ ਮੋਹ ਨੂੰ ਸਾੜ—ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ—ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ ।
ਇਸ ਸਾਰੇ ਮਿਲਵੇਂ ਰਸ ਵਿਚੋਂ (ਅਟੱਲ ਆਤਮਕ ਜੀਵਨ ਦਾਤਾ) ਅੰਮਿ੍ਰਤ ਨਿਕਲੇਗਾ ।੧ ।
(ਹੇ ਜੋਗੀ!) ਇਹ ਹੈ ਉਹ ਪਿਆਲਾ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ, ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿਚ ਰੱਖ ਕੇ ਉਸ ਮਨੁੱਖ ਨੂੰ (ਇਹ ਪਿਆਲਾ) ਪਿਲਾਂਦਾ ਹੈ ਜਿਸ ਉਤੇ ਆਪ ਮੇਹਰ ਦੀ ਨਜ਼ਰ ਕਰਦਾ ਹੈ ।
ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਲੇ ਇਸ) ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ ।੨ ।
ਜਿਸ ਮਨੁੱਖ ਨੇ ਅਟੱਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਨਾਹ ਮੁਕਤੀ ਦੀ ਲੋੜ ਰਹਿੰਦੀ ਹੈ ਨਾਹ ਬੈਕੁੰਠ ਦੀ ।੩ ।
ਹੇ ਨਾਨਕ! (ਆਖ—) ਹੇ ਭਰਥਰੀ ਜੋਗੀ! ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਰੰਗਿਆ ਗਿਆ ਹੈ ਉਹ ਸਦਾ (ਮਾਇਆ ਦੇ ਮੋਹ ਤੋਂ) ਵਿਰਕਤ ਰਹਿੰਦਾ ਹੈ, ਉਹ ਆਤਮਕ ਮਨੁੱਖਾ ਜੀਵਨ ਜੂਏ ਵਿਚ (ਭਾਵ, ਅਜਾਈਂ) ਨਹੀਂ ਗਵਾਂਦਾ, ਉਹ ਤਾਂ ਅਟੱਲ ਆਤਮਕ ਜੀਵਨ ਦਾਤੇ ਆਨੰਦ ਵਿਚ ਮਸਤ ਰਹਿੰੰਦਾ ਹੈ ।੪।੪।੩੮ ।
Follow us on Twitter Facebook Tumblr Reddit Instagram Youtube