ਆਸਾ ਮਹਲਾ ੧ ॥
ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥

ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥
ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥

ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥
ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥

ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥
ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥

ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥
ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥

Sahib Singh
ਮਨੈ ਮਹਿ = ਮਨ ਵਿਚ ।
ਮੁੰਦ੍ਰਾ = ਵਾਲੇ (ਕੱਚ ਆਦਿਕ ਦੇ) ਜੋ ਜੋਗੀ ਲੋਕ ਕੰਨਾਂ ਵਿਚ ਪਾਂਦੇ ਹਨ ।
ਖਿੰਥਾ = ਗੋਦੜੀ ।
ਹਢਾਵਉ = ਮੈਂ ਹੰਢਾਂਦਾ ਹਾਂ, ਮੈਂ ਪਹਿਨਦਾ ਹਾਂ ।
ਮਾਨਉ = ਮੈਂ ਮੰਨਦਾ ਹਾਂ ।
ਸਹਜ = ਮਨ ਦੀ ਅਡੋਲਤਾ, ਸ਼ਾਂਤੀ ।
ਜੋਗ ਨਿਧਿ = ਜੋਗ (ਦੀ ਕਮਾਈ) ਦਾ ਖ਼ਜ਼ਾਨਾ ।
ਪਾਵਉ = ਮੈਂ ਪ੍ਰਾਪਤ ਕਰਦਾ ਹਾਂ ।੧ ।
ਜੁਗਤਾ = ਜੁੜਿਆ ਹੋਇਆ ।
ਜੁਗਹ ਜੁਗ = ਹਰੇਕ ਜੁਗ ਤਕ, ਸਦਾ ਲਈ ।
ਪਰਮ ਤੰਤ = ਪਰਮਾਤਮਾ ।
ਜੋਗੰ = ਮਿਲਾਪ ।
ਅੰਮਿ੍ਰਤੁ = ਅਟੱਲ ਆਤਮਕ ਜੀਵਨ ਦੇਣ ਵਾਲਾ ।
ਨਿਰੰਜਨ = {ਨਿਰ = ਅੰਜਨ ।
ਅੰਜਨ = ਕਾਲਖ, ਮਾਇਆ ਦੀ ਕਾਲਖ, ਮਾਇਆ ਦਾ ਪ੍ਰਭਾਵ} ਜਿਸ ਤੇ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਉਸ ਦਾ ।
ਨਿਰੰਜਨ ਨਾਮੁ = ਨਿਰੰਜਨ ਦਾ ਨਾਮ ।
ਗਿਆਨ ਰਸ = ਪਰਮਾਤਮਾ ਨਾਲ ਡੂੰਘੀ ਸਾਂਝ ਦੇ ਆਤਮਕ ਆਨੰਦ ।
ਕਾਇਆ = ਸਰੀਰ ਵਿਚ, ਹਿਰਦੇ ਵਿਚ ।
ਭੋਗੰ = ਮਾਣਦਾ ਹੈ ।੧।ਰਹਾਉ ।
ਸਿਵ = ਪਰਮਾਤਮਾ, ਕਲਿਆਣ = ਸਰੂਪ ।
ਆਸਣਿ = ਆਸਣ ਉਤੇ ।
ਬੈਸਉ = ਮੈਂ ਬੈਠਦਾ ਹਾਂ ।
ਕਲਪ = ਕਲਪਣਾ ।
ਬਾਦੰ = ਝਗੜੇ, ਧੰਧੇ ।
ਧੁਨਿ = ਆਵਾਜ਼, ਸੁਰੀਲੀ ਸੁਰ ।
ਅਹਿ = ਦਿਨ ।
ਨਿਸਿ = ਰਾਤ ।
ਪੂਰੈ = ਪੂਰਦਾ ਹੈ, ਵਜਾਂਦਾ ਹੈ ।੨ ।
ਪਤੁ = ਪਾਤ੍ਰ, ਪੱਖਰ, ਚਿੱਪੀ ।
ਵਰਤਮਾਨ = ਹਰ ਥਾਂ ਮੌਜੂਦ ।
ਬਿਭੂਤ = ਸੁਆਹ ।
ਰਹਰਾਸਿ = ਮਰਯਾਦਾ ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ ।
ਅਤੀਤ ਪੰਥੁ = ਵਿਰਕਤ ਪੰਥ ।੩ ।
ਸੰਮਿਆ = ਬੈਰਾਗਣ, ਲੱਕੜ ਆਦਿਕ ਦੀ ਟਿਕਟਿਕੀ ਜਿਸ ਤੇ ਬਾਹਾਂ ਟਿਕਾ ਕੇ ਜੋਗੀ ਸਮਾਧੀ ਵਿਚ ਬੈਠਦਾ ਹੈ ।
ਨਾਨਾ = ਕਈ ਕਿਸਮਾਂ ਦੇ ।
ਭਰਥਰਿ ਜੋਗੀ = ਹੇ ਭਰਥਰ ਜੋਗੀ !
।੪।ਨੋਟ: = ਗੋਰਖ ਭਰਥਰੀ ਆਦਿਕ ਪ੍ਰਸਿੱਧ ਜੋਗੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਸਨ ।
    ਸ਼ਰਧਾਲੂ ਲੋਕ ਆਪਣੇ ਇਸ਼ਟ ਗੁਰੂ ਰਾਹਬਰ ਦੇ ਨਾਮ ਤੇ ਆਪਣੇ ਘਰਾਂ ਵਿਚ ਨਾਮ ਰੱਖਦੇ ਰਹਿੰਦੇ ਹਨ ।
    ਮੁਸਲਮਾਨ ਮੁਹੰਮਦ ਅਲੀ ਆਦਿਕ ਨਾਮ ਵਰਤਦੇ ਆ ਰਹੇ ਹਨ; ਹਿੰਦੂ ਰਾਮ ਕਿ੍ਰਸ਼ਨ ਆਦਿਕ ਵਰਤ ਰਹੇ ਹਨ; ਸਿੱਖ ਭੀ ਨਾਨਕ ਅਮਰ ਰਾਮ ਆਦਿਕ ਵਰਤਦੇ ਹਨ ।
    ਇਸੇ ਤ੍ਰਹਾਂ ਜੋਗੀ ਵੀ ਆਪਣੇ ਪ੍ਰਸਿੱਧ ਜੋਗੀਆਂ ਦੇ ਨਾਮ ਵਰਤਦੇ ਰਹੇ ਹਨ ।
    ਭਰਥਰੀ ਨਾਮ ਵਾਲਾ ਜੋਗੀ ਭੀ ਕੋਈ ਇਸੇ ਸ਼੍ਰੇਣੀ ਵਿਚੋਂ ਹੀ ਸੀ ।ਨੋਟ:- ਜੋਗੀ ਲੋਕ ਆਪਣੇ ਭੇਖ ਦੇ ਚਿੰਨ੍ਹ ਧਾਰਦੇ ਹਨ ।
    ਮੁੰਦ੍ਰਾ, ਖਿੰਥਾ, ਬਿਭੂਤ, ਸਿੰਗੀ, ਡੰਡਾ, ਬੈਰਾਗਣ (ਸੰਮਿਆ) ਜੋਗ-ਭੇਖ ਦੀਆਂ ਪ੍ਰਸਿੱਧ ਚੀਜ਼ਾਂ ਹਨ ।
    ਲਫ਼ਜ਼ ਜੋਗ ਦਾ ਅਰਥ ਹੈ ‘ਮਿਲਾਪ’, ‘ਜੋਗੀ’ ਦਾ ਅਰਥ ਹੈ ਉਹ ਜੀਵ ਜੋ ਪਰਮਾਤਮਾ ਨਾਲ ਮਿਲਿਆ ਹੋਇਆ ਹੈ ।
    ਗੁਰੂ ਨਾਨਕ ਦੇਵ ਜੀ ਜੋਗ-ਭੇਖ ਦੇ ਚਿੰਨ੍ਹਾਂ ਦਾ ਟਾਕਰਾ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਮਨੁੱਖ ਦੇ ਆਤਮਕ ਜੀਵਨ ਦੇ ਵਖ ਵਖ ਪਹਿਲੂਆਂ ਨਾਲ ਕਰਦੇ ਹਨ ।
    
Sahib Singh
ਹੇ ਭਾਈ! ਜਿਸ ਮਨੁੱਖ ਦਾ ਪਰਮੇਸਰ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ ਉਹੀ ਜੁੜਿਆ ਹੋਇਆ ਹੈ ਉਹੀ ਅਸਲ ਜੋਗੀ ਹੈ ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ ।
ਜਿਸ ਮਨੁੱਖ ਨੇ ਮਾਇਆ-ਰਹਿਤ ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੇ ਆਤਮਕ ਆਨੰਦ ਆਪਣੇ ਹਿਰਦੇ ਵਿਚ (ਸਦਾ) ਮਾਣਦਾ ਹੈ ।੧।ਰਹਾਉ।(ਹੇ ਜੋਗੀ!) ਗੁਰੂ ਦਾ ਸ਼ਬਦ ਮੈਂ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ ਇਹ ਹਨ ਮੁੰਦ੍ਰਾਂ (ਜੋ ਮੈਂ ਕੰਨਾਂ ਵਿਚ ਨਹੀਂ, ਮਨ ਵਿਚ ਪਾਈਆਂ ਹੋਈਆਂ ਹਨ) ।
ਮੈਂ ਖਿਮਾ ਦਾ ਸੁਭਾਉ (ਪਕਾ ਰਿਹਾ ਹਾਂ, ਇਹ ਮੈਂ) ਗੋਦੜੀ ਪਹਿਨਦਾ ਹਾਂ ।
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮੈਂ ਜੀਵਾਂ ਦੀ ਭਲਾਈ ਵਾਸਤੇ ਹੀ ਮੰਨਦਾ ਹਾਂ, ਇਸ ਤ੍ਰਹਾਂ ਮੇਰਾ ਮਨ ਡੋਲਣੋਂ ਬਚਿਆ ਰਹਿੰਦਾ ਹੈ—ਇਹ ਹੈ ਜੋਗ-ਸਾਧਨਾਂ ਦਾ ਖ਼ਜ਼ਾਨਾ, ਜੋ ਮੈਂ ਇਕੱਠਾ ਕਰ ਰਿਹਾ ਹਾਂ ।੧ ।
(ਹੇ ਜੋਗੀ!) ਮੈਂ ਭੀ ਆਸਣ ਤੇ ਬੈਠਦਾ ਹਾਂ, ਮੈਂ ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਕਲਿਆਨ-ਸਰੂਪ ਪ੍ਰਭੂ ਦੇ ਦੇਸ ਵਿਚ (ਪ੍ਰਭੂ ਦੇ ਚਰਨਾਂ ਵਿਚ) ਟਿਕ ਕੇ ਬੈਠਦਾ ਹਾਂ (ਇਹ ਹੈ ਮੇਰਾ ਆਸਣ ਉਤੇ ਬੈਠਣਾ) ।
ਹੇ ਜੋਗੀ! ਤੂੰ ਸਿੰ|ੀ ਵਜਾਂਦਾ ਹੈਂ) ਮੇਰੇ ਅੰਦਰ ਗੁਰੂ ਦਾ ਸ਼ਬਦ (ਗੱਜ ਰਿਹਾ) ਹੈ; ਇਹ ਹੈ ਸਿੰ|ੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ ।
ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ ।੨ ।
(ਹੇ ਜੋਗੀ! ਤੂੰ ਹੱਥ ਵਿਚ ਖੱਪਰ ਲੈ ਕੇ ਘਰ ਘਰ ਤੋਂ ਭਿੱਛਿਆ ਮੰਗਦਾ ਹੈਂ ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ) ਵਿਚਾਰ (ਮੰਗਦਾ ਹਾਂ, ਇਹ) ਹੈ ਮੇਰਾ ਖੱਪਰ ।
ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮਤਿ (ਮੇਰੇ ਹੱਥ ਵਿਚ) ਡੰਡਾ ਹੈ (ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਢੁਕਣ ਦੇਂਦਾ) ।
ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ ।
ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ ।
ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ ।੩ ।
ਹੇ ਨਾਨਕ! (ਆਖ—) ਹੇ ਭਰਥਰੀ ਜੋਗੀ! ਸੁਣ, ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤਿ ਨੂੰ ਵੇਖਣਾ—ਇਹ ਹੈ ਸਾਡੀ ਬੈਰਾਗਣ ਜੋ ਸਾਨੂੰ ਪ੍ਰਭੂ-ਚਰਨਾਂ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ ।੪।੩।੩੭ ।
Follow us on Twitter Facebook Tumblr Reddit Instagram Youtube