ੴ ਸਤਿਗੁਰ ਪ੍ਰਸਾਦਿ ॥
ਆਸਾ ਘਰੁ ੬ ਮਹਲਾ ੧ ॥
ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥
ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥

ਲਾਲ ਬਹੁ ਗੁਣਿ ਕਾਮਣਿ ਮੋਹੀ ॥
ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥

ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥
ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥

ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥
ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥

ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥
ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥

Sahib Singh
ਪਉਣੁ = ਹਵਾ, ਸੁਆਸ ।
ਸੂਤ = ਧਾਗਾ ।
ਕਾਮਣਿ = ਇਸਤ੍ਰੀ ।
ਤਨਿ = ਤਨ ਉਤੇ ।
ਰਾਵੇ = ਮਾਣਦੀ ਹੈ, ਮਿਲਦੀ ਹੈ ।੧ ।
ਲਾਲ = ਹੇ ਲਾਲ !
ਬਹੁ ਗੁਣਿ = ਬਹੁਤ ਗੁਣਾਂ ਵਾਲੇ ।
ਹੋਹਿ ਨ = ਨਹੀਂ ਹਨ ।
ਅਵਰੀ = ਕਿਸੇ ਹੋਰ ਵਿਚ ।੧।ਰਹਾਉ ।
ਕੰਠਿ = ਗਲ ਵਿਚ ।
ਦਾਮੋਦਰੁ = {ਦਾਮ ਉਦਰ—ਜਿਸ ਦੇ ਲੱਕ ਦੁਆਲੇ ਤੜਾਗੀ ਹੈ} ਪਰਮਾਤਮਾ ।
ਦੰਤੁ = ਦੰਦਾਸਾ ।
ਕਰ = ਹੱਥਾਂ ਵਿਚ ।
ਕਰਿ = ਕਰ ਕੇ ।
ਚਿਤ ਧਰੇਈ = ਚਿੱਤ ਨੂੰ ਟਿਕਾਏ ।੨ ।
ਮਧੁਸੂਦਨੁ = ਪਰਮਾਤਮਾ ।
ਕਰ = ਹੱਥਾਂ (ਦੀਆਂ ਉਂਗਲੀਆਂ) ਤੇ ।
ਪਟੁ = ਰੇਸ਼ਮੀ ਕੱਪੜਾ ।
ਧੜੀ = ਮਾਂਗ, ਪੱਟੀ ।
ਸ੍ਰੀਰੰਗੁ = ਲੱਛਮੀ ਦਾ ਪਤੀ, ਪਰਮਾਤਮਾ ।੩ ।
ਮੰਦਰਿ = ਮੰਦਰ ਵਿਚ ।
ਦੀਪਕੁ = ਦੀਵਾ ।
ਕਾਇਆ = ਸਰੀਰ, ਹਿਰਦਾ ।
ਗਿਆਨ ਰਾਉ = ਗਿਆਨ ਦਾ ਰਾਜਾ ।੪।ਨੋਟ:- ਇਸਤ੍ਰੀ ਆਪਣੇ ਪਤੀ ਨੂੰ ਮਿਲਣ ਦੀ ਆਸ ਤੇ ਆਪਣਾ ਸਰੀਰ ਸਿੰਗਾਰਦੀ ਹੈ ਤਾ ਕਿ ਪਤੀ ਨੂੰ ਉਸ ਦਾ ਸਰੀਰ ਚੰਗਾ ਲੱਗੇ ।
ਜੀਵ = ਇਸਤ੍ਰੀ ਤੇ ਪਰਮਾਤਮਾ-ਪਤੀ ਦਾ ਆਤਮਕ ਮੇਲ ਹੀ ਹੋ ਸਕਦਾ ਹੈ, ਇਸ ਮੇਲ ਦੀ ਸੰਭਾਵਨਾ ਤਦੋਂ ਹੀ ਹੋ ਸਕਦੀ ਹੈ, ਜੇ ਜੀਵ-ਇਸਤ੍ਰੀ ਆਪਣੇ ਆਤਮਾ ਨੂੰ ਸੁੰਦਰ ਬਣਾਏ ।
ਆਤਮਾ ਦੀ ਖ਼ੂਬ = ਸੂਰਤੀ ਵਾਸਤੇ ਇਸ ਸ਼ਬਦ ਵਿਚ ਹੇਠ-ਲਿਖੇ ਆਤਮਕ ਗਹਿਣੇ ਦੱਸੇ ਗਏ ਹਨ—ਪਵਿਤ੍ਰ ਆਚਰਨ, ਸੁਆਸ ਸੁਆਸ ਨਾਮ ਦਾ ਜਾਪ, ਖਿਮਾ, ਧੀਰਜ, ਗਿਆਨ, ਆਦਿਕ ।
    
Sahib Singh
ਹੇ ਬਹੁ-ਗੁਣੀ ਲਾਲ ਪ੍ਰਭੂ! ਜੇਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿਚ ਸੁਰਤਿ ਜੋੜਦੀ ਹੈ, ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ (ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ) ।੧।ਰਹਾਉ ।
ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ (ਮੋਤੀਆਂ ਦੀ ਮਾਲਾ ਬਣਾਨ ਲਈ ਧਾਗੇ ਦੀ ਲੋੜ ਪੈਂਦੀ ਹੈ) ਜੇ ਸੁਆਸ ਸੁਆਸ (ਦਾ ਸਿਮਰਨ ਮੋਤੀ ਪ੍ਰੋਣ ਲਈ) ਧਾਗਾ ਬਣੇ, ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤ੍ਰੀ ਸਿੰਗਾਰ ਬਣਾ ਕੇ ਆਪਣੇ ਸਰੀਰ ਉਤੇ ਪਹਿਨ ਲਏ, ਤਾਂ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ ।੧ ।
ਜੇ ਜੀਵ-ਇਸਤ੍ਰੀ ਪਰਮਾਤਮਾ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਏ, ਜੇ ਪ੍ਰਭੂ-ਸਿਮਰਨ ਨੂੰ (ਦੰਦਾਂ ਦਾ) ਦੰਦਾਸਾ ਵਰਤੇ, ਜੇ ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਏ, ਤਾਂ ਇਸ ਤ੍ਰਹਾਂ ਉਸ ਦਾ ਚਿੱਤ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ ।੨ ।
ਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ, (ਸਿਮਰਨ ਦੀ ਬਰਕਤਿ ਨਾਲ ਪ੍ਰਾਪਤ ਕੀਤੀ) ਗੰਭੀਰਤਾ ਨੂੰ ਪੱਟੀਆਂ ਸਜਾਣ ਹਿਤ ਵਰਤੇ, ਲੱਛਮੀ-ਪਤੀ ਪ੍ਰਭੂ ਦੇ ਨਾਮ ਦਾ (ਅੱਖਾਂ ਵਿਚ) ਸੁਰਮਾ ਪਾਏ ।੩ ।
ਜੇ ਜੀਵ-ਇਸਤ੍ਰੀ ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ (ਪ੍ਰਭੂ-ਮਿਲਾਪ ਵਾਸਤੇ) ਸੇਜ ਬਣਾਏ, ਹੇ ਨਾਨਕ! (ਉਸ ਦੇ ਇਸ ਸਾਰੇ ਆਤਮਕ ਸਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ-ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ।੪।੧।੩੫ ।

ਨੋਟ: ‘ਘਰੁ ੬’ ਦੇ ਸ਼ਬਦਾਂ ਦੇ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ ।
ਇਸ ਸੰਗ੍ਰਹ ਵਿਚ ੫ ਸ਼ਬਦ ਹਨ ਵੱਡੇ ਅੰਕ ਤੋਂ ਪਹਿਲਾ ਛੋਟਾ ਅੰਕ ਇਸ ਸੰਗ੍ਰਹ ਦਾ ਹੀ ਹੈ ।
Follow us on Twitter Facebook Tumblr Reddit Instagram Youtube