ਆਸਾ ਮਹਲਾ ੧ ਤਿਤੁਕਾ ॥
ਕੋਈ ਭੀਖਕੁ ਭੀਖਿਆ ਖਾਇ ॥
ਕੋਈ ਰਾਜਾ ਰਹਿਆ ਸਮਾਇ ॥
ਕਿਸ ਹੀ ਮਾਨੁ ਕਿਸੈ ਅਪਮਾਨੁ ॥
ਢਾਹਿ ਉਸਾਰੇ ਧਰੇ ਧਿਆਨੁ ॥
ਤੁਝ ਤੇ ਵਡਾ ਨਾਹੀ ਕੋਇ ॥
ਕਿਸੁ ਵੇਖਾਲੀ ਚੰਗਾ ਹੋਇ ॥੧॥

ਮੈ ਤਾਂ ਨਾਮੁ ਤੇਰਾ ਆਧਾਰੁ ॥
ਤੂੰ ਦਾਤਾ ਕਰਣਹਾਰੁ ਕਰਤਾਰੁ ॥੧॥ ਰਹਾਉ ॥

ਵਾਟ ਨ ਪਾਵਉ ਵੀਗਾ ਜਾਉ ॥
ਦਰਗਹ ਬੈਸਣ ਨਾਹੀ ਥਾਉ ॥
ਮਨ ਕਾ ਅੰਧੁਲਾ ਮਾਇਆ ਕਾ ਬੰਧੁ ॥
ਖੀਨ ਖਰਾਬੁ ਹੋਵੈ ਨਿਤ ਕੰਧੁ ॥
ਖਾਣ ਜੀਵਣ ਕੀ ਬਹੁਤੀ ਆਸ ॥
ਲੇਖੈ ਤੇਰੈ ਸਾਸ ਗਿਰਾਸ ॥੨॥

ਅਹਿਨਿਸਿ ਅੰਧੁਲੇ ਦੀਪਕੁ ਦੇਇ ॥
ਭਉਜਲ ਡੂਬਤ ਚਿੰਤ ਕਰੇਇ ॥
ਕਹਹਿ ਸੁਣਹਿ ਜੋ ਮਾਨਹਿ ਨਾਉ ॥
ਹਉ ਬਲਿਹਾਰੈ ਤਾ ਕੈ ਜਾਉ ॥
ਨਾਨਕੁ ਏਕ ਕਹੈ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥

ਜਾਂ ਤੂੰ ਦੇਹਿ ਜਪੀ ਤੇਰਾ ਨਾਉ ॥
ਦਰਗਹ ਬੈਸਣ ਹੋਵੈ ਥਾਉ ॥
ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ ॥
ਗਿਆਨ ਰਤਨੁ ਮਨਿ ਵਸੈ ਆਇ ॥
ਨਦਰਿ ਕਰੇ ਤਾ ਸਤਿਗੁਰੁ ਮਿਲੈ ॥
ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥

Sahib Singh
ਨੋਟ: = ਇਸ ਸ਼ਬਦ ਦਾ ਸਿਰਲੇਖ ਵੇਖੋ ।
    ਲਫ਼ਜ਼ ‘ਤਿਤੁਕਾ’ ਦੱਸਦਾ ਹੈ ਕਿ ਸ਼ਬਦ ਦੇ ਹਰੇਕ ਬੰਦ ਦੀਆਂ ਤਿੰਨ ਤਿੰਨ ਤੁਕਾਂ ਹਨ ।
    ਸਾਰੀਆਂ ਤੁਕਾਂ ਛੋਟੀਆਂ ਹਨ, ਚੌਪਈ ਦੇ ਮੇਲ ਦੀਆਂ ।
    ਦੋ ਦੋ ਨੂੰ ਰਲਾ ਕੇ ਇਕ ਤੁਕ ਗਿਣਨੀ ਹੈ ।
ਭੀਖਕੁ = ਮੰਗਤਾ ।
ਰਹਿਆ ਸਮਾਇ = ਮਸਤ ਹੋ ਰਿਹਾ ਹੈ ।
ਮਾਨੁ = ਇੱਜ਼ਤ ।
ਅਪਮਾਨੁ = ਨਿਰਾਦਰੀ ।
ਢਾਹਿ ਉਸਾਰੇ = ਢਾਹ ਕੇ ਉਸਾਰਦਾ ਹੈ, ਖਿ਼ਆਲਾਂ ਦੇ ਲੱਡੂ ਭੋਰਦਾ ਹੈ ਬਣਾਂਦਾ ਹੈ ।
ਤੇ = ਤੋਂ ।
ਕਿਸੁ ਵੇਖਾਲੀ = ਮੈਂ ਕੋਈ ਐਸਾ ਬੰਦਾ ਵਿਖਾ ਨਹੀਂ ਸਕਦਾ ।੧ ।
ਆਧਾਰੁ = ਆਸਰਾ ।
ਦਾਤਾ = ਦੇਣ ਵਾਲਾ ।
ਕਰਣਹਾਰੁ = ਕਰਨ ਦੇ ਸਮਰੱਥ ।੧।ਰਹਾਉ ।
ਨਾ ਪਾਵਉ = ਮੈਨੂੰ ਨਹੀਂ ਲੱਭਦਾ ।
ਵਾਟ = ਰਸਤਾ ।
ਵੀਗਾ = ਵਿੰਗਾ, ਕੁਰਾਹੇ ।
ਬੈਸਣ = ਬੈਠਣ ਲਈ ।
ਬੰਧੁ = ਬੱਧਾ ਹੋਇਆ ।
ਖੀਨ = ਕਮਜ਼ੋਰ ।
ਕੰਧੁ = ਸਰੀਰ ।
ਗਿਰਾਸ = ਗਿਰਾਹੀ ।੨ ।
ਅਹਿ = ਦਿਨ ।
ਨਿਸਿ = ਰਾਤ ।
ਦੀਪਕੁ = ਦੀਵਾ ।
ਦੇਇ = ਦੇਂਦਾ ਹੈ ।
ਚਿੰਤ = ਫ਼ਿਕਰ, ਧਿਆਨ ।
ਕਰੇਇ = ਕਰਦਾ ਹੈ ।
ਕਹਹਿ = ਜੋ ਆਖਦੇ ਹਨ ।
ਤਾ ਕੈ ਬਲਿਹਾਰੈ = ਉਹਨਾਂ ਤੋਂ ਕੁਰਬਾਨ ।
ਜੀਉ = ਜਿੰਦ ।
ਪਿੰਡੁ = ਸਰੀਰ ।
ਤੇਰੈ ਪਾਸਿ = ਤੇਰੇ ਹਵਾਲੇ, ਤੇਰੇ ਆਸਰੇ ।੩ ।
ਦੇਹਿ = ਦੇਂਦਾ ਹੈਂ {ਨੋਟ:- ਲਫ਼ਜ਼ ‘ਦੇਇ’ ਅਤੇ ‘ਦੇਹਿ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ} ।
ਮਨਿ = ਮਨ ਵਿਚ ।
ਪ੍ਰਣਵਤਿ = ਬੇਨਤੀ ਕਰਦਾ ਹੈ ।੪ ।
    
Sahib Singh
ਮੇਰੇ ਲਈ ਸਿਰਫ਼ ਤੇਰਾ ਨਾਮ ਹੀ ਆਸਰਾ ਹੈ (ਕਿਉਂਕਿ) ਤੂੰ ਹੀ (ਸਭ ਦਾਤਾਂ) ਦੇਣ ਵਾਲਾ ਹੈਂ, ਤੂੰ ਸਭ ਕੁਝ ਕਰਨ ਦੇ ਸਮਰੱਥ ਹੈਂ, ਤੂੰ ਸਾਰੀ ਸਿ੍ਰਸ਼ਟੀ ਦੇ ਪੈਦਾ ਕਰਨ ਵਾਲਾ ਹੈਂ ।੧।ਰਹਾਉ।(ਤੇਰਾ ਆਸਰਾ ਭੁਲਾ ਕੇ ਹੀ) ਕੋਈ ਮੰਗਤਾ ਭਿੱਛਿਆ (ਮੰਗ ਮੰਗ ਕੇ) ਖਾਂਦਾ ਹੈ (ਤੇ ਗਰੀਬੀ ਵਿਚ ਨਿਢਾਲ ਹੋ ਰਿਹਾ ਹੈ), (ਤੈਨੂੰ ਭੁਲਾ ਕੇ ਹੀ) ਕੋਈ ਮਨੁੱਖ ਰਾਜਾ ਬਣ ਕੇ (ਰਾਜ ਵਿਚ) ਮਸਤ ਹੋ ਰਿਹਾ ਹੈ ।
ਕਿਸੇ ਨੂੰ ਆਦਰ ਮਿਲ ਰਿਹਾ ਹੈ (ਉਹ ਇਸ ਆਦਰ ਵਿਚ ਅਹੰਕਾਰੀ ਹੈ) ਕਿਸੇ ਦੀ ਨਿਰਾਦਰੀ ਹੋ ਰਹੀ ਹੈ (ਜਿਸ ਕਰਕੇ ਉਹ ਆਪਣੀ ਮਨੁੱਖਤਾ ਦਾ ਕੌਡੀ ਮੁੱਲ ਨਹੀਂ ਸਮਝਦਾ) (ਕੋਈ ਮਨੁੱਖ ਮਨ ਦੇ ਲੱਡੂ ਭੋਰ ਰਿਹਾ ਹੈ, ਆਪਣੇ ਮਨ ਵਿਚ) ਕਈ ਸਲਾਹਾਂ ਬਣਾਂਦਾ ਹੈ ਤੇ ਢਾਂਹਦਾ ਹੈ, ਬੱਸ! ਇਹੀ ਸੋਚਾਂ ਸੋਚਦਾ ਰਹਿੰਦਾ ਹੈ; ਪਰ ਹੇ ਪ੍ਰਭੂ! ਤੈਥੋਂ ਕੋਈ ਵੱਡਾ ਨਹੀਂ (ਜਿਸ ਨੂੰ ਵਡਿਆਈ ਮਿਲਦੀ ਹੈ, ਤੈਥੋਂ ਹੀ ਮਿਲਦੀ ਹੈ) ।
ਮੈਂ ਕੋਈ ਅਜਿਹਾ ਆਦਮੀ ਨਹੀਂ ਵਿਖਾ ਸਕਦਾ ਜੋ (ਆਪਣੇ ਆਪ ਤੋਂ ਹੀ) ਚੰਗਾ ਬਣ ਗਿਆ ਹੋਵੇ ।੧ ।
(ਹੇ ਪ੍ਰਭੂ! ਤੇਰੀ ਓਟ ਤੋਂ ਬਿਨਾ) ਮੈਂ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ, ਕੁਰਾਹੇ ਹੀ ਜਾਂਦਾ ਹਾਂ, ਤੇਰੀ ਹਜ਼ੂਰੀ ਵਿਚ ਭੀ ਮੈਨੂੰ ਥਾਂ ਨਹੀਂ ਮਿਲ ਸਕਦੀ ।
(ਜਦ ਤਕ ਮੈਨੂੰ ਤੇਰੇ ਪਾਸੋਂ ਗਿਆਨ-ਚਾਨਣ ਨਾ ਮਿਲੇ) ਮੈਂ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹਾਂ, ਮਨ ਦਾ ਅੰਨ੍ਹਾ ਹੀ ਰਹਿੰਦਾ ਹਾਂ, ਮੇਰਾ ਸਰੀਰ (ਵਿਕਾਰਾਂ ਵਿਚ) ਸਦਾ ਖਚਿਤ ਤੇ ਖ਼ੁਆਰ ਹੁੰਦਾ ਹੈ ।
ਮੈਂ ਸਦਾ ਹੋਰ ਹੋਰ ਖਾਣ ਤੇ ਜੀਊਣ ਦੀਆਂ ਆਸਾਂ ਬਣਾਂਦਾ ਹਾਂ (ਮੈਨੂੰ ਇਹ ਚੇਤਾ ਹੀ ਨਹੀਂ ਰਹਿੰਦਾ ਕਿ) ਮੇਰਾ ਇਕ ਇਕ ਸਾਹ ਤੇ ਇਕ ਇਕ ਗਿਰਾਹੀ ਤੇਰੇ ਹਿਸਾਬ ਵਿਚ ਹੈ (ਤੇਰੀ ਮੇਹਰ ਨਾਲ ਹੀ ਮਿਲ ਰਿਹਾ ਹੈ) ।੨ ।
ਪ੍ਰਭੂ (ਇਤਨਾ ਦਿਆਲ ਹੈ ਕਿ ਮੇਰੇ ਵਰਗੇ) ਅੰਨ੍ਹੇ ਨੂੰ ਦਿਨ ਰਾਤ (ਗਿਆਨ ਦਾ) ਦੀਵਾ ਬਖ਼ਸ਼ਦਾ ਹੈ, ਸੰਸਾਰ-ਸਮੁੰਦਰ ਵਿਚ ਡੁਬਦੇ ਦਾ ਫ਼ਿਕਰ ਰੱਖਦਾ ਹੈ ।
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ ਜੋ ਪ੍ਰਭੂ ਦਾ ਨਾਮ ਜਪਦੇ ਹਨ, ਸੁਣਦੇ ਹਨ, ਉਸ ਵਿਚ ਸਰਧਾ ਰੱਖਦੇ ਹਨ ।
ਹੇ ਪ੍ਰਭੂ! ਨਾਨਕ ਤੇਰੇ ਦਰ ਤੇ ਇਹ ਅਰਦਾਸ ਕਰਦਾ ਹੈ ਕਿ ਸਾਡੀ ਜਿੰਦ ਤੇ ਸਾਡਾ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ ।੩ ।
ਹੇ ਪ੍ਰਭੂ! ਜਦੋਂ ਤੂੰ (ਆਪਣੇ ਨਾਮ ਦੀ ਦਾਤਿ ਮੈਨੂੰ) ਦੇਂਦਾ ਹੈਂ, ਤਦੋਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ ਤੇ ਤੇਰੀ ਹਜ਼ੂਰੀ ਵਿਚ ਮੈਨੂੰ ਬੈਠਣ ਲਈ ਥਾਂ ਮਿਲ ਸਕਦੀ ਹੈ ।
ਜਦੋਂ ਤੇਰੀ ਰਜ਼ਾ ਹੋਵੇ ਤਦੋਂ ਹੀ ਮੇਰੀ ਭੈੜੀ ਮਤਿ ਦੂਰ ਹੋ ਸਕਦੀ ਹੈ, ਤੇ ਤੇਰਾ ਬਖ਼ਸ਼ਿਆ ਸ੍ਰੇਸ਼ਟ ਗਿਆਨ ਮੇਰੇ ਮਨ ਵਿਚ ਆ ਕੇ ਵੱਸ ਸਕਦਾ ਹੈ ।
ਨਾਨਕ ਬੇਨਤੀ ਕਰਦਾ ਹੈ ਕਿ ਜਿਸ ਮਨੁੱਖ ਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ, ਤੇ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।੪।੧੮ ।
Follow us on Twitter Facebook Tumblr Reddit Instagram Youtube