ਆਸਾ ਮਹਲਾ ੧ ॥
ਤਾਲ ਮਦੀਰੇ ਘਟ ਕੇ ਘਾਟ ॥
ਦੋਲਕ ਦੁਨੀਆ ਵਾਜਹਿ ਵਾਜ ॥
ਨਾਰਦੁ ਨਾਚੈ ਕਲਿ ਕਾ ਭਾਉ ॥
ਜਤੀ ਸਤੀ ਕਹ ਰਾਖਹਿ ਪਾਉ ॥੧॥

ਨਾਨਕ ਨਾਮ ਵਿਟਹੁ ਕੁਰਬਾਣੁ ॥
ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥

ਗੁਰੂ ਪਾਸਹੁ ਫਿਰਿ ਚੇਲਾ ਖਾਇ ॥
ਤਾਮਿ ਪਰੀਤਿ ਵਸੈ ਘਰਿ ਆਇ ॥
ਜੇ ਸਉ ਵਰ੍ਹਿਆ ਜੀਵਣ ਖਾਣੁ ॥
ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥

ਦਰਸਨਿ ਦੇਖਿਐ ਦਇਆ ਨ ਹੋਇ ॥
ਲਏ ਦਿਤੇ ਵਿਣੁ ਰਹੈ ਨ ਕੋਇ ॥
ਰਾਜਾ ਨਿਆਉ ਕਰੇ ਹਥਿ ਹੋਇ ॥
ਕਹੈ ਖੁਦਾਇ ਨ ਮਾਨੈ ਕੋਇ ॥੩॥

ਮਾਣਸ ਮੂਰਤਿ ਨਾਨਕੁ ਨਾਮੁ ॥
ਕਰਣੀ ਕੁਤਾ ਦਰਿ ਫੁਰਮਾਨੁ ॥
ਗੁਰ ਪਰਸਾਦਿ ਜਾਣੈ ਮਿਹਮਾਨੁ ॥
ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥

Sahib Singh
ਤਾਲ = ਛੈਣੇ ।
ਮਦੀਰੇ = ਘੁੰਘਰੂ, ਝਾਂਝਰਾਂ ।
ਘਟ = ਹਿਰਦਾ ।
ਘਾਟ = ਰਸਤਾ ।
ਘਟ ਕੇ ਘਾਟ = ਮਨ ਦੇ ਰਸਤੇ, ਸੰਕਲਪ ਵਿਕਲਪ ।
ਦੋਲਕ = ਢੋਲਕੀ ।
ਦੁਨੀਆ = ਦੁਨੀਆ ਦਾ ਮੋਹ ।
ਵਾਜਹਿ = ਵੱਜ ਰਹੇ ਹਨ ।
ਵਾਜ = ਵਾਜੇ, ਸਾਜ ।
ਨਾਰਦੁ = ਮਨ ।
ਕਲਿ = ਕਲਿਜੁਗ ।
ਭਾਉ = ਪ੍ਰਭਾਉ ।
ਕਹ = ਕਿਥੇ ?
ਪਾਉ = ਪੈਰ ।
ਜਤੀ...ਪਾਉ = ਜਤੀ ਸਤੀ ਕਿਥੇ ਪੈਰ ਰੱਖਣ ?
    ਜਤ ਸਤ ਨੂੰ ਸੰਸਾਰ ਵਿਚ ਥਾਂ ਨਹੀਂ ਰਿਹਾ ।੧ ।
ਨਾਨਕ = ਹੇ ਨਾਨਕ !
ਵਿਟਹੁ = ਤੋਂ ।
ਅੰਧੀ = ਅੰਨ੍ਹੀ ।
ਜਾਣੁ = ਸੁਜਾਣ, ਸੁਜਾਖਾ ।੧।ਰਹਾਉ ।
ਪਾਸਹੁ = ਤੋਂ ।
ਫਿਰਿ = ਉਲਟਾ, ਸਗੋਂ ।
ਖਾਇ = ਖਾਂਦਾ ਹੈ ।
ਤਾਮਿ = ਤੁਆਮ, ਰੋਟੀ ।
ਘਰਿ = ਘਰ ਵਿਚ, ਗੁਰੂ ਦੇ ਘਰ ਵਿਚ ।
ਵਸੈ ਘਰਿ ਆਇ = (ਗੁਰੂ ਦੇ) ਘਰ ਵਿਚ ਆ ਵੱਸਦਾ ਹੈ, ਗੁਰੂ ਦਾ ਚੇਲਾ ਆ ਬਣਦਾ ਹੈ ।
ਪਰਵਾਣੁ = ਕਬੂਲ, ਭਾਗਾਂ ਵਾਲਾ ।੨ ।
ਦਰਸਨਿ = ਦਰਸਨ ਦੀ ਰਾਹੀਂ ।
ਦਰਸਨਿ ਦੇਖਿਐ = ਦਰਸਨ ਕਰਨ ਨਾਲ, ਇਕ ਦੂਜੇ ਨੂੰ ਵੇਖ ਕੇ ।
ਲਏ ਦਿਤੇ ਵਿਣੁ = ਮਾਇਆ ਲੈਣ ਦੇਣ ਤੋਂ ਬਿਨਾ, ਰਿਸ਼ਵਤ ਤੋਂ ਬਿਨਾ ।
ਨਿਆਉ = ਇਨਸਾਫ਼ ।
ਹਥਿ ਹੋਇ = ਹੱਥ ਵਿਚ ਹੋਵੇ, ਕੁਝ ਦੇਣ ਨੂੰ ਪੱਲੇ ਹੋਵੇ ।
ਕਹੈ ਖੁਦਾਇ = ਜੇ ਕੋਈ ਰੱਬ ਦਾ ਵਾਸਤਾ ਪਾਏ ।੩ ।
ਮਾਣਸ ਮੂਰਤਿ = ਮਨੁੱਖ ਦੀ ਸ਼ਕਲ ਹੈ ।
ਨਾਨਕੁ = ਨਾਨਕ (ਆਖਦਾ ਹੈ) ।
ਨਾਮੁ = ਨਾਮ = ਮਾਤ੍ਰ ।
ਕਰਣੀ = ਕਰਣੀ ਵਿਚ, ਆਚਰਨ ਵਿਚ ।
ਦਰਿ = (ਮਾਲਕ ਦੇ) ਦਰ ਤੇ ।
ਫੁਰਮਾਨੁ = ਹੁਕਮ ।੪ ।
    
Sahib Singh
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਸਦਕੇ ਹੋ ।
(ਨਾਮ ਤੋਂ ਬਿਨਾ) ਦੁਨੀਆ (ਮਾਇਆ ਵਿਚ) ਅੰਨ੍ਹੀ ਹੋ ਰਹੀ ਹੈ, ਇਕ ਮਾਲਕ ਪ੍ਰਭੂ ਆਪ ਹੀ ਸੁਜਾਖਾ ਹੈ (ਉਸ ਦੀ ਸਰਨ ਪਿਆਂ ਹੀ ਜ਼ਿੰਦਗੀ ਦਾ ਸਹੀਰਸਤਾ ਦਿੱਸ ਸਕਦਾ ਹੈ) ।੧।ਰਹਾਉ ।
(ਮਨੁੱਖ ਦੇ) ਮਨ ਦੇ ਸੰਕਲਪ ਵਿਕਲਪ (ਮਾਨੋ) ਛੈਣੇ ਤੇ ਪੈਰਾਂ ਦੇ ਘੁੰਘਰੂ ਹਨ, ਦੁਨੀਆ ਦਾ ਮੋਹ ਢੋਲਕੀ ਹੈ—ਇਹ ਵਾਜੇ ਵੱਜ ਰਹੇ ਹਨ, ਤੇ (ਪ੍ਰਭੂ ਦੇ ਨਾਮ ਤੋਂ ਸੁੰਞਾ) ਮਨ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ ।
(ਇਸ ਨੂੰ ਕਹੀਦਾ ਹੈ) ਕਲਿਜੁਗ ਦਾ ਪ੍ਰਭਾਵ ।
ਜਤ ਸਤ ਨੂੰ ਸੰਸਾਰ ਵਿਚ ਕਿਤੇ ਥਾਂ ਨਹੀਂ ਰਿਹਾ ।੧ ।
(ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ, ਹੁਣ) ਸਗੋਂ ਚੇਲਾ ਹੀ ਗੁਰੂ ਤੋਂ ਉਦਰ-ਪੂਰਨਾ ਕਰਦਾ ਹੈ, ਰੋਟੀ ਦੀ ਖ਼ਾਤਰ ਹੀ ਚੇਲਾ ਆ ਬਣਦਾ ਹੈ ।
(ਇਸ ਹਾਲਤ ਵਿਚ) ਜੇ ਸੌ ਸਾਲ ਮਨੁੱਖ ਜੀਊ ਲਏ, ਤੇ ਸੌਖਾ ਖਾਣ-ਪੀਣ ਬਣਿਆ ਰਹੇ (ਤਾਂ ਭੀ ਇਹ ਉਮਰ ਵਿਅਰਥ ਹੀ ਸਮਝੋ) ।
(ਜ਼ਿੰਦਗੀ ਦਾ ਸਿਰਫ਼) ਉਹੀ ਦਿਨ ਭਾਗਾਂ ਵਾਲਾ ਹੈ ਜਦੋਂ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਸਾਂਝ ਪਾਂਦਾ ਹੈ ।੨ ।
ਮਨੁੱਖ ਇਕ ਦੂਜੇ ਨੂੰ ਵੇਖ ਕੇ (ਆਪਣਾ ਭਰਾ ਜਾਣ ਕੇ ਆਪੋ ਵਿਚ) ਪਿਆਰ ਦਾ ਜਜ਼ਬਾ ਨਹੀਂ ਵਰਤ ਰਹੇ (ਕਿਉਂਕਿ ਸੰਬੰਧ ਹੀ ਮਾਇਆ ਦਾ ਬਣ ਰਿਹਾ ਹੈ), ਰਿਸ਼ਵਤ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ ।
(ਇਥੋਂ ਤਕ ਕਿ) ਰਾਜਾ ਭੀ (ਹਾਕਮ ਭੀ) ਤਦੋਂ ਹੀ ਇਨਸਾਫ਼ ਕਰਦਾ ਹੈ ਜੇ ਉਸ ਨੂੰ ਦੇਣ ਲਈ (ਸਵਾਲੀ ਦੇ) ਹੱਥ ਪੱਲੇ ਮਾਇਆ ਹੋਵੇ ।
ਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ ।੩ ।
ਨਾਨਕ (ਆਖਦਾ ਹੈ—ਵੇਖਣ ਨੂੰ ਹੀ) ਮਨੁੱਖ ਦੀ ਸ਼ਕਲ ਹੈ, ਨਾਮ-ਮਾਤ੍ਰ ਹੀ ਮਨੁੱਖ ਹੈ, ਪਰ ਆਚਰਨ ਵਿਚ ਮਨੁੱਖ (ਉਹ) ਕੁੱਤਾ ਹੈ ਜੋ (ਮਾਲਕ ਦੇ) ਦਰ ਤੇ (ਰੋਟੀ ਦੀ ਖ਼ਾਤਰ) ਹੁਕਮ (ਮੰਨ ਰਿਹਾ ਹੈ) ।
ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਤਦੋਂ ਹੀ ਕੁਝ ਇੱਜ਼ਤ-ਮਾਣ ਲੈ ਸਕਦਾ ਹੈ ਜੇ ਗੁਰੂ ਦੀ ਮਿਹਰ ਨਾਲ (ਸੰਸਾਰ ਵਿਚ ਆਪਣੇ ਆਪ ਨੂੰ) ਪਰਾਹੁਣਾ ਸਮਝੇ (ਤੇ ਮਾਇਆ ਨਾਲ ਇਤਨੀ ਪਕੜ ਨਾਹ ਰੱਖੇ ।੪।੪ ।
Follow us on Twitter Facebook Tumblr Reddit Instagram Youtube