ਆਸਾ ਮਹਲਾ ੧ ॥
ਆਖਾ ਜੀਵਾ ਵਿਸਰੈ ਮਰਿ ਜਾਉ ॥
ਆਖਣਿ ਅਉਖਾ ਸਾਚਾ ਨਾਉ ॥
ਸਾਚੇ ਨਾਮ ਕੀ ਲਾਗੈ ਭੂਖ ॥
ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥

ਸੋ ਕਿਉ ਵਿਸਰੈ ਮੇਰੀ ਮਾਇ ॥
ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥

ਸਾਚੇ ਨਾਮ ਕੀ ਤਿਲੁ ਵਡਿਆਈ ॥
ਆਖਿ ਥਕੇ ਕੀਮਤਿ ਨਹੀ ਪਾਈ ॥
ਜੇ ਸਭਿ ਮਿਲਿ ਕੈ ਆਖਣ ਪਾਹਿ ॥
ਵਡਾ ਨ ਹੋਵੈ ਘਾਟਿ ਨ ਜਾਇ ॥੨॥

ਨਾ ਓਹੁ ਮਰੈ ਨ ਹੋਵੈ ਸੋਗੁ ॥
ਦੇਂਦਾ ਰਹੈ ਨ ਚੂਕੈ ਭੋਗੁ ॥
ਗੁਣੁ ਏਹੋ ਹੋਰੁ ਨਾਹੀ ਕੋਇ ॥
ਨਾ ਕੋ ਹੋਆ ਨਾ ਕੋ ਹੋਇ ॥੩॥

ਜੇਵਡੁ ਆਪਿ ਤੇਵਡ ਤੇਰੀ ਦਾਤਿ ॥
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
ਖਸਮੁ ਵਿਸਾਰਹਿ ਤੇ ਕਮਜਾਤਿ ॥
ਨਾਨਕ ਨਾਵੈ ਬਾਝੁ ਸਨਾਤਿ ॥੪॥੨॥

Sahib Singh
ਆਖਾ = ਆਖਾਂ, ਮੈਂ ਆਖਦਾ ਹਾਂ, ਮੈਂ ਉਚਾਰਦਾ ਹਾਂ ।
ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ।
ਤਿਤੁ ਭੂਖੈ = ਇਸ ਭੁਖ ਦੇ ਕਾਰਨ ।
ਖਾਇ = (ਨਾਮ = ਭੋਜਨ) ਖਾ ਕੇ ।
ਚਲੀਅਹਿ = ਨਾਸ ਕੀਤੇ ਜਾਂਦੇ ਹਨ ।੧ ।
ਮੇਰੀ ਮਾਇ = ਹੇ ਮੇਰੀ ਮਾਂ !
ਸਾਚਾ = ਸਦਾ ਕਾਇਮ ਰਹਿਣ ਵਾਲਾ ।
ਸਾਚੈ = ਸੱਚੇ ਦੀ ਰਾਹੀਂ ।
ਨਾਇ = ਨਾਮ ਦੀ ਰਾਹੀਂ ।
ਸਾਚੈ ਨਾਇ = ਸੱਚੇ ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰੀਏ ।
ਕਿਉ ਵਿਸਰੈ = ਕਦੇ ਨ ਵਿਸਰੇ ।੧।ਰਹਾਉ ।
ਸਭਿ = ਸਾਰੇ ਜੀਵ ।
ਆਖਣ ਪਾਹਿ = ਆਖਣ ਦਾ ਜਤਨ ਕਰਨ ।੨ ।
ਗੁਣੁ ਏਹੋ = ਇਹ ਹੀ (ਉਸ ਦੀ) ਖ਼ੂਬੀ ਹੈ ।
ਹੋਆ = ਹੋਇਆ ਹੈ ।
ਨਾ ਹੋਇ = ਨਹੀਂ ਹੋਵੇਗਾ ।੩ ।
ਜੇਵਡੁ = ਜੇਡਾ ਵੱਡਾ ।
ਤੇਵਡ = ਉਤਨੀ ਵੱਡੀ ।
ਜਿਨਿ = ਜਿਸ (ਤੈਂ) ਨੇ ।
ਕਮਜਾਤਿ = ਭੈੜੀ ਜਾਤਿ ਵਾਲੀਆਂ ।
ਸਨਾਤਿ = ਨੀਚ ।੪ ।
    
Sahib Singh
ਜਿਉਂ ਜਿਉਂ ਮੈਂ ਪ੍ਰਭੂ ਦਾ ਨਾਮ ਉਚਾਰਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ।
ਜਦੋਂ ਮੈਨੂੰ ਨਾਮ ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋਣ ਲੱਗ ਪੈਂਦੀ ਹੈ ।
(ਇਹ ਪਤਾ ਹੁੰਦਿਆਂ ਭੀ ਪ੍ਰਭੂ ਦਾ) ਸਦਾ-ਥਿਰ ਨਾਮ ਸਿਮਰਨਾ (ਇਕ) ਅੌਖਾ ਕੰਮ ਹੈ ।
(ਜਿਸ ਮਨੁੱਖ ਦੇ ਅੰਦਰ) ਪ੍ਰਭੂ ਦਾ ਸਦਾ-ਥਿਰ ਨਾਮ ਸਿਮਰਨ ਦੀ ਭੁੱਖ ਪੈਦਾ ਹੁੰਦੀ ਹੈ, ਇਸ ਭੁੱਖ ਦੀ ਬਰਕਤਿ ਨਾਲ (ਨਾਮ-ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ।੧ ।
ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪ੍ਰਭੂ ਮੈਨੂੰ ਕਦੇ ਨ ਭੁੱਲੇ ।
ਜਿਉਂ ਜਿਉਂ ਉਸ ਸਦਾ-ਥਿਰ ਰਹਿਣ ਵਾਲੇ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ-ਥਿਰ ਰਹਿਣ ਵਾਲਾ ਮਾਲਕ (ਮਨ ਵਿਚ ਵੱਸਦਾ ਹੈ) ।੧।ਰਹਾਉ ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ (ਸਾਰੇ ਜੀਵ) ਬਿਆਨ ਕਰ ਕੇ ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ) ।
ਕੋਈ ਭੀ ਨਹੀਂ ਦੱਸ ਸਕਿਆ ਕਿ ਉਸ ਦੇ ਬਰਾਬਰ ਦੀ ਕੇਹੜੀ ਹੋਰ ਹਸਤੀ ਹੈ ।
ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪਰਮਾਤਮਾ ਦੀ ਮਹਿਮਾ) ਬਿਆਨ ਕਰਨ ਦਾ ਜਤਨ ਕਰਨ, ਤਾਂ ਉਹ ਪਰਮਾਤਮਾ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ) ਤਾਂ ਉਹ (ਅੱਗੇ ਨਾਲੋਂ) ਘਟ ਨਹੀਂ ਜਾਂਦਾ ।੨।ਉਹ ਪਰਮਾਤਮਾ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ ।
ਉਹ ਪ੍ਰਭੂ ਸਦਾ (ਜੀਵਾਂ ਨੂੰ ਰਿਜ਼ਕ) ਦੇਂਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਭਾਵ, ਜੀਵ ਉਸ ਦੀਆਂ ਦਿੱਤੀਆਂ ਦਾਤਾਂ ਸਦਾ ਵਰਤਦੇ ਹਨ ਪਰ ਉਹ ਮੁੱਕਦੀਆਂ ਨਹੀਂ) ।
ਉਸ ਪ੍ਰਭੂ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ, (ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ।੩ ।
(ਹੇ ਪ੍ਰਭੂ!) ਜੇਡਾ (ਬੇਅੰਤ ਤੂੰ) ਆਪ ਹੈਂ, ਉਤਨੀ (ਬੇਅੰਤ) ਤੇਰੀ ਬਖ਼ਸ਼ਸ਼ ਹੈ, (ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ ।
ਹੇ ਨਾਨਕ! ਉਹ ਬੰਦੇ ਭੈੜੇ ਅਸਲੇ ਵਾਲੇ (ਬਣ ਜਾਂਦੇ) ਹਨ ਜੋ ਐਸੇ ਖਸਮ-ਪ੍ਰਭੂ ਨੂੰ ਵਿਸਾਰਦੇ ਹਨ ।
ਨਾਮ ਤੋਂ ਖੁੰਝੇ ਹੋਏ ਜੀਵ ਨੀਚ ਹਨ ।੪।੨ ।
Follow us on Twitter Facebook Tumblr Reddit Instagram Youtube