ੴ ਸਤਿਗੁਰ ਪ੍ਰਸਾਦਿ ॥
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥
ਸੁਣਿ ਵਡਾ ਆਖੈ ਸਭ ਕੋਈ ॥
ਕੇਵਡੁ ਵਡਾ ਡੀਠਾ ਹੋਈ ॥
ਕੀਮਤਿ ਪਾਇ ਨ ਕਹਿਆ ਜਾਇ ॥
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
ਸਭ ਕੀਮਤਿ ਮਿਲਿ ਕੀਮਤਿ ਪਾਈ ॥
ਗਿਆਨੀ ਧਿਆਨੀ ਗੁਰ ਗੁਰ ਹਾਈ ॥
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥

ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
ਸਿਧਾ ਪੁਰਖਾ ਕੀਆ ਵਡਿਆਈਆਂ ॥
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥

ਆਖਣ ਵਾਲਾ ਕਿਆ ਬੇਚਾਰਾ ॥
ਸਿਫਤੀ ਭਰੇ ਤੇਰੇ ਭੰਡਾਰਾ ॥
ਜਿਸੁ ਤੂੰ ਦੇਹਿ ਤਿਸੈ ਕਿਆ ਚਾਰਾ ॥
ਨਾਨਕ ਸਚੁ ਸਵਾਰਣਹਾਰਾ ॥੪॥੧॥

Sahib Singh
ਸਭ ਕੋਈ = ਹਰੇਕ ਜੀਵ ।
ਸੁਣਿ = ਸੁਣ ਕੇ ।
ਕੇਵਡੁ = ਕੇਡਾ ।
ਡੀਠਾ = ਵੇਖਿਆਂ ਹੀ ।
ਹੋਈ = (ਬਿਆਨ) ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ ।
ਕੀਮਤਿ = ਮੁੱਲ, ਬਰਾਬਰ ਦੀ ਸ਼ੈ ।
ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ ।
ਰਹੇ ਸਮਾਇ = ਲੀਨ ਹੋ ਜਾਂਦੇ ਹਨ ।੧ ।
ਗਹਿਰ = ਡੂੰਘਾ ।
ਗੁਣੀ ਗਹੀਰਾ = ਗੁਣਾਂ ਕਰ ਕੇ ਡੂੰਘਾ; ਬੇਅੰਤ ਗੁਣਾਂ ਵਾਲਾ ।
ਚੀਰਾ = ਪਾਟ, ਚੌੜਾਈ, ਦਰਿਆ ਦਾ ਪਾਟ ।੧।ਰਹਾਉ।ਸਭਿ—ਸਾਰਿਆਂ ਨੇ ।
ਸੁਰਤੀ = ਸੁਰਤਿ ।
ਸਭਿ ਮਿਲਿ = ਸਾਰਿਆਂ ਨੇ ਮਿਲ ਕੇ, ਇਕ ਦੂਜੇ ਦੀ ਸਹਾਇਤਾ ਲੈ ਕੇ ।
ਸੁਰਤਿ ਕਮਾਈ = ਸਮਾਧੀ ਲਾਈ ।
ਗੁਰ = ਵੱਡੇ ।
ਗੁਰ ਭਾਈ = ਵੱਡਿਆਂ ਦੇ ਭਰਾ, ਅਜੇਹੇ ਹੋਰ ਕਈ ਵੱਡੇ ।
ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਨੋਟ:- ਇਹ ਲਫ਼ਜ਼ ‘ਗੁਰ ਗੁਰਹਾਈ’ ਲਫ਼ਜ਼ ‘ਗਿਆਨੀ ਧਿਆਨੀ’ ਦਾ ਵਿਸ਼ੇਸ਼ਣ ਹਨ} ।
ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ ।
ਧਿਆਨੀ = ਸੁਰਤਿ ਜੋੜਨ ਵਾਲੇ ।
ਤਿਲੁ = ਰਤਾ ਜਿਤਨੀ ਭੀ ।੨ ।
ਸਭਿ ਸਤ = ਸਾਰੇ ਭਲੇ ਕੰਮ ।
ਤਪ = ਕਸ਼ਟ, ਅੌਖਿਆਈਆਂ ।
ਚੰਗਿਆਈਆ = ਚੰਗੇ ਗੁਣ ।
ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ ।
ਸਿਧੀ = ਸਫਲਤਾ, ਕਾਮਯਾਬੀ ।
ਕਰਮਿ = ਮਿਹਰ ਨਾਲ, ਬਖ਼ਖ਼ਸ਼ ਦੀ ਰਾਹੀਂ ।
ਠਾਕਿ = ਵਰਜ ਕੇ ।੩ ।
ਸਿਫਤੀ = ਸਿਫ਼ਤਾਂ ਨਾਲ, ਗੁਣਾਂ ਨਾਲ ।
ਚਾਰਾ = ਜ਼ੋਰ, ਤਦਬੀਰ, ਜਤਨ ।੪ ।
    
Sahib Singh
ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਕੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ ।
ਪਰ ਤੂੰ ਕੇਡਾ ਵੱਡਾ ਹੈਂ ਇਹ ਗੱਲ ਤੈਨੂੰ ਵੇਖਿਆਂ ਹੀ ਦੱਸੀ ਜਾ ਸਕਦੀ ਹੈ ।
ਤੇਰੇ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, (ਇਹ) ਨਹੀਂ ਦੱਸਿਆ ਜਾ ਸਕਦਾ (ਕਿ ਤੂੰ ਕੇਡਾ ਵੱਡਾ ਹੈਂ) ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ।੧ ।
ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ, ਤੇ ਬੇਅੰਤ ਗੁਣਾਂ ਵਾਲਾ ਹੈਂ ।
ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ।੧।ਰਹਾਉ ।
(ਤੂੰ ਕੇਡਾ ਵੱਡਾ ਹੈਂ—ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਣ ਵਾਲੇ ਕਈ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਯਤਨ ਕੀਤੇ, ਮੁੜ ਮੁੜ ਜਤਨ ਕੀਤੇ; ਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਆਪੋ ਵਿਚ ਇਕ ਦੂਜੇ ਦੀ ਸਹਾਇਤਾ ਲੈ ਕੇ ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਹਿੱਸਾ ਭੀ ਨਹੀਂ ਦੱਸ ਸਕੇ {ਗੁਰ ਗੁਰਹਾਈ ਧਿਆਨੀ ਸਭਿ ਮਿਲਿ ਸੁਰਤਿ ਕਮਾਈ, ਸੁਰਤਿ ਕਮਾਈ, ਗੁਰਗੁਰਹਾਈ ਗਿਆਨੀ ਸਭ ਮਿਲਿ ਕੀਮਤਿ ਪਾਈ ਕੀਮਤਿ ਪਾਈ} ।੨ ।
(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ ?
ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਨਹੀਂ ਲਾ ਸਕਿਆ; ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਚੰਗੇ ਗੁਣ, ਸਿੱਧ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ—ਕਿਸੇ ਨੂੰ ਭੀ ਇਹ ਕਾਮਯਾਬੀ ਤੇਰੀ ਸਹਾਇਤਾ ਤੋਂ ਬਿਨਾ ਹਾਸਲ ਨਹੀਂ ਹੋਈ ।
(ਜਿਸ ਕਿਸੇ ਨੂੰ ਸਫਲਤਾ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ, ਤੇ ਕੋਈ ਹੋਰ (ਵਿਅਕਤੀ) ਇਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ।੩ ।
(ਹੇ ਪ੍ਰਭੂ!) ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ ।
ਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ ?
ਜਿਸ ਨੂੰ ਤੂੰ ਸਿਫ਼ਤਿ-ਸਾਲਾਹ ਕਰਨ ਦੀ ਦਾਤਿ ਬਖ਼ਸ਼ਦਾ ਹੈਂ, ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, ਕਿਉਂਕਿ, ਹੇ ਨਾਨਕ! (ਆਖ—ਤੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸਵਾਰਨ ਵਾਲਾ ਆਪ ਹੈਂ ।੪।੧ ।

ਨੋਟ: ਸਿਰਲੇਖ ਪੜ੍ਹੋ ।
‘ਚਉਪਦੇ’ ਦਾ ਅਰਥ ਹੈ ‘ਚਾਰ ਪਦ, ਚਾਰ ਬੰਦ’ ।
ਇਹਨਾਂ ਸ਼ਬਦਾਂ ਦੇ ਚਾਰ ਚਾਰ ਬੰਦ ਹਨ ।
Follow us on Twitter Facebook Tumblr Reddit Instagram Youtube