ਬਾਵਨ ਅਖਰ ਜੋਰੇ ਆਨਿ ॥
ਸਕਿਆ ਨ ਅਖਰੁ ਏਕੁ ਪਛਾਨਿ ॥
ਸਤ ਕਾ ਸਬਦੁ ਕਬੀਰਾ ਕਹੈ ॥
ਪੰਡਿਤ ਹੋਇ ਸੁ ਅਨਭੈ ਰਹੈ ॥
ਪੰਡਿਤ ਲੋਗਹ ਕਉ ਬਿਉਹਾਰ ॥
ਗਿਆਨਵੰਤ ਕਉ ਤਤੁ ਬੀਚਾਰ ॥
ਜਾ ਕੈ ਜੀਅ ਜੈਸੀ ਬੁਧਿ ਹੋਈ ॥
ਕਹਿ ਕਬੀਰ ਜਾਨੈਗਾ ਸੋਈ ॥੪੫॥

Sahib Singh
ਬਾਵਨ = ਬਵੰਜਾ ।
ਜੋਰੇ ਆਨਿ = ਲਿਆ ਕੇ ਜੋੜ ਦਿੱਤੇ, (ਅੱਖਰ) ਵਰਤ ਕੇ ਪੁਸਤਕਾਂ ਲਿਖ ਦਿੱਤੀਆਂ ।
ਅਖਰੁ ਏਕੁ = ਇੱਕ ਪ੍ਰਭੂ ਨੂੰ ਜੋ ਨਾਸ-ਰਹਿਤ ਹੈ ।
ਅਖਰੁ = {ਸ਼ਕਟ. ਅ = ˜ਰ} ਨਾਸ-ਰਹਿਤ ।
ਸਤ ਕਾ ਸਬਦੁ = ਪ੍ਰਭੂ ਦੀ ਸਿਫ਼ਤਿ-ਸਾਲਾਹ ।
ਕਬੀਰਾ = ਹੇ ਕਬੀਰ !
ਕਹੈ = (ਜੋ ਮਨੁੱਖ) ਆਖਦਾ ਹੈ ।
ਸੁ = ਉਹ ਮਨੁੱਖ ।
ਅਨਭੈ = ਅਨੁਭਵ ਵਿਚ, ਗਿਆਨ-ਅਵਸਥਾ ਵਿਚ ।
ਰਹੈ = ਟਿਕਿਆ ਰਹਿੰਦਾ ਹੈ ।
ਕਉ = ਨੂੰ, ਦਾ ।
ਬਿਉਹਾਰ = ਵਿਹਾਰ, ਰੋਜ਼ੀ ਕਮਾਵਣ ਦਾ ਢੰਗ ।
ਤਤੁ = ਅਸਲੀਅਤ ।
ਜਾ ਕੇ ਜੀਅ = ਜਿਸ ਮਨੁੱਖ ਦੇ ਜੀ ਵਿਚ, ਜਿਸ ਦੇ ਅੰਦਰ ।
ਜੈਸੀ ਬੁਧਿ = ਜਿਹੋ ਜਿਹੀ ਅਕਲ ।
ਸੋਈ = ਉਹੀ ਕੁਝ ।
ਕਹਿ = ਕਹੈ, ਆਖਦਾ ਹੈ ।
    
Sahib Singh
(ਜਗਤ ਨੇ) ਬਵੰਜਾ ਅੱਖਰ ਵਰਤ ਕੇ ਪੁਸਤਕਾਂ ਤਾਂ ਲਿਖ ਦਿੱਤੀਆਂ ਹਨ, ਪਰ (ਇਹ ਜਗਤ ਇਹਨਾਂ ਪੁਸਤਕਾਂ ਦੀ ਰਾਹੀਂ) ਉਸ ਇੱਕ ਪ੍ਰਭੂ ਨੂੰ ਨਹੀਂ ਪਛਾਣ ਸਕਿਆ, ਜੋ ਨਾਸ-ਰਹਿਤ ਹੈ ।
ਹੇ ਕਬੀਰ! ਜੋ ਮਨੁੱਖ (ਇਹਨਾਂ ਅੱਖਰਾਂ ਦੀ ਰਾਹੀਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹੀ ਹੈ ਪੰਡਿਤ, ਤੇ, ਉਹ ਗਿਆਨ-ਅਵਸਥਾ ਵਿਚ ਟਿਕਿਆ ਰਹਿੰਦਾ ਹੈ ।
ਪਰ ਪੰਡਿਤ ਲੋਕਾਂ ਨੂੰ ਤਾਂ ਇਹ ਵਿਹਾਰ ਲੱਭਾ ਹੋਇਆ ਹੈ (ਕਿ ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦੇਂਦੇ ਹਨ), ਗਿਆਨ-ਵਾਨ ਲੋਕਾਂ ਲਈ (ਇਹ ਅੱਖਰ) ਤੱਤ ਦੇ ਵਿਚਾਰਨ ਦਾ ਵਸੀਲਾ ਹਨ ।
ਕਬੀਰ ਆਖਦਾ ਹੈ—ਜਿਸ ਜੀਵ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ, ਉਹ (ਇਹਨਾਂ ਅੱਖਰਾਂ ਦੀ ਰਾਹੀਂ ਭੀ) ਉਹੀ ਕੁਝ ਸਮਝੇਗਾ (ਭਾਵ, ਪੁਸਤਕਾਂ ਲਿਖ ਪੜ੍ਹ ਕੇ ਆਤਮਕ ਜੀਵਨ ਦਾ ਜਾਣਨ ਵਾਲਾ ਹੋ ਜਾਣਾ ਜ਼ਰੂਰੀ ਨਹੀਂ ਹੈ) ।੪੫ ।
Follow us on Twitter Facebook Tumblr Reddit Instagram Youtube