ਠਠਾ ਇਹੈ ਦੂਰਿ ਠਗ ਨੀਰਾ ॥
ਨੀਠਿ ਨੀਠਿ ਮਨੁ ਕੀਆ ਧੀਰਾ ॥
ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥
ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥

Sahib Singh
ਇਹੈ = ਇਹ ਮਾਇਆ ।
ਦੂਰਿ = ਦੂਰੋਂ (ਵੇਖਿਆਂ) ।
ਠਗਨੀਰਾ = {ਨੀਰ—ਜਲ} ਠੱਗਣ ਵਾਲਾ ਪਾਣੀ, ਭੁਲੇਖੇ ਵਿਚ ਪਾਣ ਵਾਲਾ ਪਾਣੀ, ਉਹ ਰੇਤਾ ਜੋ ਦੂਰੋਂ ਭੁਲੇਖੇ ਨਾਲ ਪਾਣੀ ਜਾਪਦਾ ਹੈ, ਮਿ੍ਰਗ-ਤ੍ਰਿਸ਼ਨਾ ।
ਨੀਠਿ = {ਸੰ: ਨਿਰੀਖ@} ਨੀਝ ਲਾ ਕੇ, ਗਹੁ ਨਾਲ ਤੱਕ ਕੇ ।
ਨੀਠਿ ਨੀਠਿ = ਚੰਗੀ ਤ੍ਰਹਾਂ ਨੀਝ ਲਾ ਲਾ ਕੇ ।
ਕੀਆ = ਬਣਾ ਲਿਆ ਹੈ ।
ਧੀਰਾ = ਧੀਰਜ ਵਾਲਾ, ਟਿਕੇ ਰਹਿਣ ਵਾਲਾ ।
ਜਿਨਿ ਠਗਿ = ਜਿਸ ਠੱਗ ਨੇ ।
ਖਾਵਾ = ਖਾ ਲਿਆ, ਫਸਾ ਲਿਆ ।
ਠਗਿਆ = ਠੱਗਿਆਂ, ਕਾਬੂ ਕੀਤਿਆਂ ।
ਠਉਰ = ਟਿਕਾਣੇ ਤੇ ।੧੮ ।
    
Sahib Singh
ਇਹ ਮਾਇਆ ਇਉਂ ਹੈ ਜਿਵੇਂ ਦੂਰੋਂ ਵੇਖਿਆਂ ਉਹ ਰੇਤਾ ਜੋ ਪਾਣੀ ਜਾਪਦਾ ਹੈ ।
ਸੋ ਮੈਂ ਗਹੁ ਨਾਲ (ਇਸ ਮਾਇਆ ਦੀ ਅਸਲੀਅਤ) ਤੱਕ ਕੇ ਮਨ ਨੂੰ ਧੀਰਜਵਾਨ ਬਣਾ ਲਿਆ ਹੈ (ਭਾਵ, ਮਨ ਨੂੰ ਇਸ ਦੇ ਪਿਛੇ ਦੌੜਨੋਂ ਬਚਾ ਲਿਆ ਹੈ) ।
ਜਿਸ (ਮਾਇਕ ਮੋਹ ਰੂਪ) ਠੱਗ ਕੇ ਸਾਰੇ ਜਗਤ ਨੂੰ ਭੁਲੇਖੇ ਵਿਚ ਪਾ ਦਿੱਤਾ ਹੈ, ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, ਉਸ (ਮੋਹ-) ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਇਕ ਟਿਕਾਣੇ ਤੇ ਆ ਗਿਆ ਹੈ ।੧੮ ।

ਨੋਟ: ਦੂਰੋਂ ਤਪਦੇ ਰੇਤੇ ਨੂੰ ਵੇਖ ਕੇ ਇਸ ਨੂੰ ਪਾਣੀ ਸਮਝ ਕੇ ਮਿ੍ਰਗ (ਹਿਰਨ) ਉਸ ਪਾਣੀ ਵਲ ਦੌੜਦਾ ਹੈ ।
ਉਹ ਰੇਤੇ ਦੀ ਚਮਕ ਦੁਰੇਡੀ ਹੋਣ ਕਰਕੇ ਇਉਂ ਜਾਪਦਾ ਹੈ ਜਿਵੇਂ ਪਾਣੀ ਅਜੇ ਹੋਰ ਪਰੇ ਹੈ ।
ਤਿ੍ਰਹਾਇਆ ਹਿਰਨ ਇਸ ਜਾਪਦੇ ਪਾਣੀ ਦੀ ਖ਼ਾਤਰ ਹੀ ਦੌੜ ਦੌੜ ਕੇ ਪ੍ਰਾਣ ਦੇ ਦੇਂਦਾ ਹੈ ।
ਹਿਰਨ ਵਾਂਗ ਹੀ ਜੀਵ ਮਾਇਆਦੇ ਪਿਛੇ ਦੌੜ ਦੌੜ ਕੇ ਸਾਰਾ ਜੀਵਨ ਅਜਾਈਂ ਗਵਾ ਦੇਂਦਾ ਹੈ ।
Follow us on Twitter Facebook Tumblr Reddit Instagram Youtube