ਰਾਗੁ ਗਉੜੀ ॥
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥

ਉਡਹੁ ਨ ਕਾਗਾ ਕਾਰੇ ॥
ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥

ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥
ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥

Sahib Singh
ਪੰਥੁ = ਰਸਤਾ ।
ਨਿਹਾਰੈ = ਤੱਕਦੀ ਹੈ, ਵੇਖਦੀ ਹੈ ।
ਕਾਮਨੀ = ਇਸਤ੍ਰੀ ।
ਲੋਚਨ = ਅੱਖਾਂ ।
ਭਰੀਲੇ = (ਹੰਝੂਆਂ ਨਾਲ) ਭਰੇ ਹੋਏ ।
ਉਸਾਸਾ = ਹਾਹੁਕੇ ।
ਉਰ = ਦਿਲ, ਹਿਰਦਾ ।
ਨ ਭੀਜੈ = ਨਹੀਂ ਭਿੱਜਦਾ, ਨਹੀਂ ਰੱਜਦਾ ।
ਪਗੁ = ਪੈਰ ।
ਖਿਸੈ = ਖਿਸਕਦਾ ।੧ ।
ਕਾਗਾ ਕਾਰੇ = ਹੇ ਕਾਲੇ ਕਾਂ !
ਉਡਹੁ ਨ = ਉੱਡ, ਮੈਂ ਸਦਕੇ ਜਾਵਾਂ {ਵੇਖੋ ਨ, ਕਰੋ ਨ, ਖਾਓ ਨ—ਅਜਿਹੇ ਵਾਕਾਂ ਵਿਚ ਲਫ਼ਜ਼ ‘ਨ’ ਪਿਆਰ ਤੇ ਲਾਭ ਪਰਗਟ ਕਰਨ ਲਈ ਵਰਤਿਆ ਜਾਂਦਾ ਹੈ} ।
ਬੇਗਿ = ਛੇਤੀ ।੧।ਰਹਾਉ ।
ਕਹਿ = ਕਹੈ, ਆਖਦਾ ਹੈ ।
ਜੀਵਨ ਪਦ = ਅਸਲ ਜ਼ਿੰਦਗੀ ਦਾ ਦਰਜਾ ।
ਆਧਾਰੁ = ਆਸਰਾ ।
ਰਸਨਾ = ਜੀਭ (ਨਾਲ) ।
ਰਵੀਜੈ = ਸਿਮਰਨਾ ਚਾਹੀਦਾ ਹੈ ।੨ ।
    
Sahib Singh
(ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿਚ) ਇਸਤ੍ਰੀ (ਉਸ ਦਾ) ਰਾਹ ਤੱਕਦੀ ਹੈ, (ਉਸ ਦੀਆਂ) ਅੱਖਾਂ ਹੰਝੂਆਂ ਨਾਲ ਭਰੀਆਂ ਹਨ ਤੇ ਉਹ ਉੱਭੇ ਸਾਹ ਲੈ ਰਹੀ ਹੈ, (ਰਾਹ ਤੱਕਦਿਆਂ ਉਸ ਦਾ) ਦਿਲ ਰੱਜਦਾ ਨਹੀਂ, ਪੈਰ ਖਿਸਕਦਾ ਨਹੀਂ (ਭਾਵ, ਖਲੋਤੀ ਖਲੋਤੀ ਥੱਕਦੀ ਨਹੀਂ), (ਇਸੇ ਤ੍ਰਹਾਂ ਹਾਲਤ ਹੁੰਦੀ ਹੈ ਉਸ ਬਿਰਹੀ ਜੀਊੜੇ ਦੀ, (ਜਿਸ ਨੂੰ) ਪ੍ਰਭੂ ਦੇ ਦੀਦਾਰ ਦੀ ਉਡੀਕ ਹੁੰਦੀ ਹੈ ।੧ ।
(ਵਿਛੁੜੀ ਬਿਹਬਲ ਨਾਰ ਵਾਂਗ ਹੀ ਵੈਰਾਗਣ ਜੀਵ-ਇਸਤ੍ਰੀ ਆਖਦੀ ਹੈ) ਹੇ ਕਾਲੇ ਕਾਂ! ਉੱਡ, ਮੈਂ ਸਦਕੇ ਜਾਵਾਂ ਉੱਡ, (ਭਲਾ ਜੇ) ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਪਵਾਂ ।੧।ਰਹਾਉ ।
ਕਬੀਰ ਆਖਦਾ ਹੈ—(ਜਿਵੇਂ ਪਰਦੇਸ ਗਏ ਪਤੀ ਦਾ ਰਾਹ ਤੱਕਦੀ ਨਾਰ ਬਿਰਹੋਂ ਅਵਸਥਾ ਵਿਚ ਤਰਲੇ ਲੈਂਦੀ ਹੈ, ਤਿਵੇਂ ਹੀ) ਜ਼ਿੰਦਗੀ ਦਾ ਅਸਲੀ ਦਰਜਾ ਹਾਸਲ ਕਰਨ ਲਈ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ, ਪ੍ਰਭੂ ਦੇ ਨਾਮ ਦਾ ਹੀ ਇੱਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਭ ਨਾਲ ਉਸ ਨੂੰ ਯਾਦ ਕਰਨਾ ਚਾਹੀਦਾ ਹੈ ।੨।੧।੧੪।੬੫ ।
ਸ਼ਬਦ ਦਾ
ਭਾਵ:- ਅਸਲ ਜੀਵਨ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਨੂੰ ਪ੍ਰਭੂ ਦੀ ਯਾਦ ਦੀ ਲਟਕ ਲੱਗ ਗਈ ਹੈ ਤੇ ਜੋ ਉਸ ਦੇ ਦੀਦਾਰ ਲਈ ਇਉਂ ਤੜਫਦੇ ਹਨ, ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿਚ ਰਾਹ ਤੱਕਦੀ ਨਾਰ ਬਨੇਰੇ ਤੋਂ ਕਾਂ ਉਡਾਉਂਦੀ ਹੈ ।੬੫ ।

ਨੋਟ: ਕਿਸੇ ਅੱਤ ਪਿਆਰੇ ਦੀ ਉਡੀਕ ਵਿਚ ਅੌਂਸੀਆਂ ਪਾਈਦੀਆਂ ਹਨ (ਲਕੀਰਾਂ ਪਾ ਪਾ ਕੇ ਵੇਖੀਦਾ ਹੈ ਕਿ ਅੌਂਸੀ ਰਾਹ ਦੇਂਦੀ ਹੈ ਜਾਂ ਨਹੀਂ), ਬਨੇਰੇ ਤੇ ਆ ਬੈਠੇ ਕਾਂ ਨੂੰ ਆਖੀਦਾ ਹੈ—ਹੇ ਕਾਵਾਂ! ਉੱਡ, ਮੇਰਾ ਪਿਆਰਾ ਆ ਰਿਹਾ ਹੈ ਕਿ ਨਹੀਂ, ਜੇ ਕਾਂ ਉੱਡ ਜਾਏ ਤਾਂ ਸਮਝੀਦਾ ਹੈ ਕਿ ਆ ਰਿਹਾ ਹੈ ।
ਰਾਗੁ ਗਉੜੀ ੧੧ ॥ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥ ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥ ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥ ਸੋਮਿਲੈ ਜੋ ਬਡਭਾਗੋ ॥੧॥ ਰਹਾਉ ॥ ਬਿੰਦ੍ਰਾਬਨ ਮਨ ਹਰਨ ਮਨੋਹਰ ਕਿਰ੍ਸਨ ਚਰਾਵਤ ਗਾਊ ਰੇ ॥ ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥{ਪੰਨਾ ੩੩੮} ਕਿਸੇ ਭੀ ਬੋਲੀ ਦਾ ‘ਵਰਣਾਤਮਕ’ ਰੂਪ ਸਮਝਣ ਵਾਸਤੇ ਇਹ ਜ਼ਰੂਰੀ ਹੈ ਕਿ ਉਸ ਦੇ ਵਿਆਕਰਣ ਅਤੇ ਕੋਸ਼ ਦੀ ਜਿੱਥੋਂ ਤਕ ਕਿ ਉਹ ਮਦਦ ਕਰ ਸਕਦੇ ਹੋਣ, ਸਹਾਇਤਾ ਲਈ ਜਾਏ ।
ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਦੇ ਦਰ ਤੋਂ ਉੱਚੀਆਂ ਉਡਾਰੀਆਂ ਲਾਣ ਦੀ ਦਾਤ ਮਿਲੀ ਹੋਈ ਹੈ, ਉਹ, ਜੀ ਸਦਕੇ ਲਾਣ, ਪਰ ਇਹ ਉਡਾਰੀਆਂ ਲਾਂਦਿਆਂ ਭੀ ਬਾਣੀ ਦੇ ਬਾਹਰਲੇ ਰੂਪ (ਵਰਣਾਤਮਕ) ਨੂੰ ਅੱਖਾਂ ਤੋਂ ਉਹਲੇ ਨਹੀਂ ਕੀਤਾ ਜਾ ਸਕਦਾ ।
ਸਿਰਜਣਹਾਰ ਨੇ ਹਰੇਕ ਜੀਵ ਨੂੰ ਜਗਤ ਦੇ ਕੌਤਕ ਵੇਖਣ ਸੁਣਨ ਵਾਸਤੇ ਸਰੀਰਕ ਇੰਦ੍ਰੇ ਦਿੱਤੇ ਹੋਏ ਹਨ, ਪਰ ਹਰੇਕ ਜੀਵ ਦੇ ਆਪਣੇ ਆਪਣੇ ਅਸਲੇ ਅਨੁਸਾਰ ਇਹਨਾਂ ਕੌਤਕਾਂ ਦਾ ਵੱਖੋ-ਵੱਖਰਾ ਅਸਰ ਹਰੇਕ ਉੱਤੇ ਪੈਂਦਾ ਹੈ ।
ਧਰਤੀ ਉੱਤੇ ਉੱਗੇ ਹੋਏ ਇਕ ਨਿੱਕੇ ਜਿਹੇ ਫੁੱਲ ਨੂੰ ਇਸ ਫੁੱਲ ਦੀ ਸਾਰ ਨਾਹ ਜਾਣਨ ਵਾਲਾ ਮਨੁੱਖ ਤਾਂ ਸ਼ਾਇਦ ਪੈਰਾਂ ਹੇਠ ਲਿਤਾੜ ਕੇ ਲੰਘ ਜਾਂਦਾ ਹੈ, ਪਰ ਇਕ ਕੋਮਲ ਹਿਰਦੇ ਵਾਲਾ ਸ਼ਾਇਰ ਇਸ ਨੂੰ ਵੇਖ ਕੇ ਮਸਤ ਹੋ ਜਾਂਦਾ ਹੈ, ਤੇ ਖਿ਼ਆਲ ਦੇ ਸਮੁੰਦਰ ਵਿਚ ਕਈ ਲਹਿਰਾਂ ਚਲਾ ਦੇਂਦਾ ਹੈ ।
ਇਹੀ ਹਾਲ ‘ਰੱਬੀ-ਸ਼ਾਇਰਾਂ’ ਦਾ ਹੈ, ਉਹਨਾਂ ਦੇ ਅੰਦਰੋਂ ਤਾਂ ਸਗੋਂ ਵਧੀਕ ਡੂੰਘਾਈ ਵਿਚੋਂ ਇਹ ਤਰੰਗ ਉਠਦੇ ਹਨ ।
ਜੇਠ ਦੇ ਮਹੀਨੇ ਅੱਕਾਂ ਦੀਆਂ ਖੱਖੜੀਆਂ ਨੂੰ ਅਸੀ ਸੱਭੇ ਵੇਖਦੇ ਹਾਂ, ਪਰ ਜਦੋਂ ‘ਰੱਬੀ-ਸ਼ਾਇਰ’ ਪ੍ਰੀਤਮ ਜੀ ਦੀਆਂ ਅੱਖਾਂ ਉਹਨਾਂ ਖੱਖੜੀਆਂ ਉੱਤੇ ਪੈਂਦੀਆਂ ਹਨ, ਤਾਂ ਆਪ ਉਹਨਾਂ ਨੂੰ ਤੱਕ ਕੇ ਇਕ ਡੂੰਘੇ ਬਿਰਹੋਂ ਦੇ ਰੰਗ ਵਿਚ ਆਉਂਦੇ ਹਨ ਤੇ ਇਉਂ ਗਾਉਂਦੇ ਹਨ: ਖਖੜੀਆ ਸੁਹਾਵੀਆ, ਲਗੜੀਆ ਅਕ ਕੰਠਿ ॥ ਬਿਰਹ ਵਿਛੋੜਾ ਧਣੀ ਸਿਉ, ਨਾਨਕ ਸਹਸੈ ਗੰਠਿ ॥੧॥੭॥ {ਗਉੜੀ ਕੀ ਵਾਰ ਮ: ੫ ਸਤਿਗੁਰੂ ਮਿਹਰ ਕਰੇ, ਉਸ ਦੇ ਨਾਮ-ਲੇਵਾ ਸਿੱਖਾਂ ਦੇ ਹਿਰਦੇ ਵਿਚ ਭੀ ਇਸ ਦਿੱਸਦੇ ਜਗਤ-ਨਜ਼ਾਰੇ ਨੂੰ ਵੇਖ ਕੇ ਇਹੀ ਵਲਵਲਾ ਉੱਠੇ, ਇਹੀ ‘ਬਿਰਹੋਂ’ ਵਾਲੀ ਲਹਿਰ ਚੱਲੇ ।
ਪਰ ਜੇ ਕੋਈ ਵਿਦਵਾਨ ਸੱਜਣ “ਅਕ ਖਖੜੀਆਂ” ਦੇ ਥਾਂ ਨਿਰੇ ਮਤਿ, ਬੁਧਿ, ਅੰਤਹਕਰਣ ਆਦਿਕ ਸ਼ਬਦ ਹੀ ਵਰਤ ਕੇ ਆਤਮ-ਗਿਆਨ ਵਾਲੇ ਅਰਥ ਕਰਨੇ ਅਰੰਭ ਦੇਵੇ, ਤਾਂ ਪਾਠਕ-ਜਨ ਆਪ ਹੀ ਵੇਖ ਲੈਣ ਕਿ ਜੋ ਹੁਲਾਰਾ ਉਸ ਸੁਹਣੇ ਅਲੰਕਾਰ ਨੇ ਪੈਦਾ ਕਰਨਾ ਸੀ, ਉਹ ਕਿਤਨਾ ਕੁ ਮੱਧਮ ਪੈ ਜਾਂਦਾ ਹੈ ।
ਇਹ ਬਿਰਹੋਂ ਅਵਸਥਾ ਮਨੁੱਖ ਦੇ ਹਿਰਦੇ ਵਿਚ ਪੈਦਾ ਕਰਨ ਵਾਸਤੇ, ਪ੍ਰੀਤਮ ਜੀ ਕਿਤੇ ਚਕਵੀ ਦੇ ਵਿਛੋੜੇ ਵਾਲਾ ਦਰਦਨਾਕ ਨਜ਼ਾਰਾ ਪੇਸ਼ ਕਰ ਰਹੇ ਹਨ, ਕਿਤੇ ਸਮੁੰਦਰ ਵਿਚੋਂ ਵਿਛੜੇ ਹੋਏ ਸੰਖ ਦੀਆਂ ਢਾਹਾਂ ਦਾ ਹਾਲ ਦੱਸਦੇ ਹਨ ਅਤੇ ਜਲ-ਸੋਮੇ ਨਾਲੋਂ ਟੁੱਟੇ ਹੋਏ ਪੱਥਰ (ਸਰੋਵਰ) ਨੂੰ ਪੁੱਛ ਰਹੇ ਹਨ ਕਿ ਤੇਰਾ ਰੰਗ ਕਿਉਂ ਕਾਲਾ ਪੈ ਗਿਆ ਹੈ, ਅਤੇ ਤੇਰੇ ਵਿਚ ਲਹਿ ਲਹਿ ਕਰਨ ਵਾਲੇ ਕੌਲ-ਫੁੱਲ ਹੁਣ ਕਿਉਂ ਸੜ ਗਏ ਹਨ ।
ਇਹ ਜ਼ਿੰਦਗੀ-ਦਾਤੀ ‘ਬਿਰਹੋਂ’ ਅਵਸਥਾ ਪੈਦਾ ਕਰਨ ਲਈ ਕਦੇ ਕਦੇ ਕਿਸੇ ਬਿਰਹਣੀ ਇਸਤ੍ਰੀ ਦੇ ਮਨੋਵੇਗ ਬਿਆਨ ਕਰਦੇ ਹਨ, ਤੇ ਕਬੀਰ ਜੀ ਦੀ ਰਸਨਾ ਦੁਆਰਾ ਇਉਂ ਆਖਦੇ ਹਨ: ਪੰਥੁ ਨਿਹਾਰੈ ਕਾਮਨੀ, ਲੋਚਨ ਭਰੀਲੇ ਉਸਾਸਾ ॥ ਉਰ ਨ ਭੀਜੈ, ਪਗੁ ਨਾ ਖਿਸੈ, ਹਰਿ ਦਰਸਨ ਕੀ ਆਸਾ ॥੧॥ ਉਡਹੁ ਨ ਕਾਗਾ ਕਾਰੇ ॥ ਬੇਗਿ ਮਿਲੀਜੈ ਅਪੁਨੇ ਰਾਮ ਪਿਆਰੋ ॥੧॥ਰਹਾਉ॥ ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥ ਏਕੁ ਆਧਾਰੁ ਨਾਮ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥ ਇਸ ਡੂੰਘੇ ਤਰਲੇ ਵਾਲੇ ਦਿਲੀ ਦਰਦ ਦੀ ਸਾਰ ਉਹੀ ਜਾਣੇ, ਜੋ ਸਚ-ਮੁਚ ਆਪਣੇ ਪਿਆਰੇ ਪ੍ਰਾਣ-ਨਾਥ ਪਤੀਤੋਂ ਵਿਛੜੀ ਹੋਈ ਕਾਂ ਉਡਾ ਰਹੀ ਹੈ ਤੇ ਅੌਂਸੀਆਂ ਪਾ ਰਹੀ ਹੈ ।
‘ਇਹ ਰੱਬੀ-ਬਾਣ’ ਉਸ ਬਿਰਹਣੀ ਵਾਸਤੇ ਸਚ-ਮੁਚ ਕਾਰੀ ਬਾਣ ਹੈ ।
ਦੁਨੀਆ ਦੇ ਸਿਆਣੇ ਤੋਂ ਸਿਆਣੇ ਵਿਦਵਾਨਾਂ ਦੇ ‘ਪਤਿਬ੍ਰਤਾ’ ਉੱਤੇ ਦਿੱਤੇ ਲੈਕਚਰ ਉਸ ਉੱਤੇ ਇਤਨਾ ਅਸਰ ਨਹੀਂ ਕਰ ਸਕਦੇ, ਜਿਤਨਾ ਇਹ ਇੱਕ ਇਕੱਲੀ ਤੁਕ—“ਉਡਹੁ ਨ ਕਾਗਾ ਕਾਰੇ” ।
ਪਰ ਜੇ ਕੋਈ ਵਿਦਵਾਨ ਸੱਜਣ ਉਸ ਬਿਰਹੋਂ-ਕੁਠੀ ਨੂੰ ਇਹ ਕਹਿ ਦੇਵੇ ਕਿ ਇਸ ਦਾ ਅਰਥ ਤਾਂ ਇਉਂ ਹੈ—‘ਹੇ ਕਾਲਿਓ ਪਾਪੋ, ਦੂਰ ਹੋ ਜਾਉ’, ਤਾਂ ਪੁੱਛੋ ਉਸੇ ਬਿਰਹੀ ਹਿਰਦੇ ਪਾਸੋਂ ਕਿ ‘ਕਾਂਵਾਂ’ ਨੂੰ ਉਡਾ ਕੇ ਜੋ ਹੁਲਾਰਾ ਉਸ ਦੇ ਅੰਦਰੋਂ ਆਉਂਦਾ ਸੀ, ਉਹ ਹੁਣ ‘ਕਾਲਿਆਂ ਪਾਪਾਂ’ ਦਾ ਨਾਉਂ ਸੁਣ ਕੇ ਕਿੱਥੇ ਗਿਆ ।
ਸ੍ਰੀ ਕਿ੍ਰਸ਼ਨ ਜੀ ਦੇ ਬਾਲ-ਕੌਤਕਾਂ ਨੂੰ ‘ਬਿਰਹੋਂ’ ਤੇ ‘ਪਿਆਰ’ ਦੇ ਰੰਗ ਵਿਚ ਸੁਣਾਉਣ ਵਾਲੇ ਸੱਜਣ ਇਕ ਸਾਖੀ ਇਉਂ ਸੁਣਾਇਆ ਕਰਦੇ ਹਨ: “ਸ਼ਿਆਮ ਜੀ ਗੋਕਲ ਦੀਆਂ ਗੁਆਲਣਾਂ ਨੂੰ ਵਿਲਕਦੀਆਂ ਹੀ ਛੱਡ ਕੇ ਕੰਸ ਨੂੰ ‘ਕਿਰਤਾਰਥ’ ਕਰਨ ਵਾਸਤੇ ਮਥਰਾ ਵਿਚ ਆ ਗਏ; ਤੇ ਮੁੜ ਗੋਕਲ ਜਾਣ ਦਾ ਸਮਾ ਨਾਹ ਮਿਲਿਆ ।
ਜਦੋਂ ਵਿਛੋੜੇ ਵਿਚ ਉਹ ਬਹੁਤ ਬਿਹਬਲ ਹੋਈਆਂ, ਤਾਂ ਕਿ੍ਰਸ਼ਨ ਜੀ ਨੇ ਆਪਣੇ ਭਗਤ ‘ਊਧਉ’ ਨੂੰ ਭੇਜਿਆ ਕਿ ਗੋਕਲ ਜਾ ਕੇ ਗੋਪੀਆਂ ਨੂੰ ਧੀਰਜ ਦੇ ਆਵੇ; ਪਰ ਆਪਣੇ ਪ੍ਰਾਣ-ਪਿਆਰੇ ਤੋਂ ਬਿਨਾ ਬਿਰਹੀ ਜੀਊੜਿਆਂ ਨੂੰ ਕਿਵੇਂ ਧੀਰਜ ਆਵੇ ?
ਜਦੋਂ ਹੋਰ ਉਪਦੇਸ਼ ਕਾਰਗਰ ਨਾ ਹੋਇਆ, ‘ਊਧਉ’ ਨੇ ਗੋਪੀਆਂ ਨੂੰ ਸਮਝਾਇਆ ਕਿ ਹੁਣ ‘ਜਗਦੀਸ਼’ ਦਾ ਸਿਮਰਨ ਕਰੋ, ਸ਼ਿਆਮ ਜੀ ਇੱਥੇ ਨਹੀਂ ਆ ਸਕਦੇ ।
ਇਸ ਦਾ ਉੱਤਰ ਉਹਨਾਂ ਦਰਦ-ਭਰੇ ਹਿਰਦਿਆਂ ਵਿਚੋਂ ਇਉਂ ਨਿਕਲਿਆ: “ਊਧਉ! ਮਨ ਨਹੀ ਦਸ ਬੀਸ ॥ ਇਕ ਮਨ ਸੀ ਜੋ ਸ਼ਿਆਮ ਜੀ ਲੈ ਗਏ, ਕਉਣ ਭਜੇ ਜਗਦੀਸ਼ ।” ਇਹ ਦਿਲ-ਚੀਰਵੇਂ ਉੱਤਰ ਦਾ ਰਸ ਭੀ ਕੋਈ ਉਹੀ ਜੀਊੜਾ ਲੈ ਸਕਦਾ ਹੈ, ਜੋ ਆਪ ਪ੍ਰੇਮ-ਨੈਂ ਵਿਚ ਤਾਰੀਆਂ ਲੈ ਰਿਹਾ ਹੈ ।
ਆਉ, ਅਸੀ ਭੀ ਉਸੇ ਪ੍ਰੇਮ-ਨੈਂ ਵਿਚ ਅੱਪੜ ਕੇ ‘ਗੋਕਲ’ ਦੀ ‘ਗੁਆਰਨ’ ਵਾਂਗ ਪ੍ਰੀਤਮ ਦਾ ਪੱਲਾ ਫੜ ਕੇ ਆਖੀਏ, ਲਾਲ! ਸੁਹਣੇ ਲਾਲ! ਛੱਡ ਕੇ ਨਾਹ ਜਾਈਂ ।
ਜਿਵੇਂ ਗੋਕਲ ਤੋਂ ਟੁਰਦੇ ਸ਼ਿਆਮ ਜੀ ਅੱਗੇ ‘ਗੁਆਰਨ’ ਹਾੜੇ ਕਰਦੀ ਸੀ, ਤਿਵੇਂ ਕਬੀਰ ਜੀ ਨਾਲ ਮਿਲ ਕੇ ਅਸੀ ਭੀ ਉੱਥੇ ਅੱਪੜ ਕੇ ਆਖੀਏ—ਦਾਤਾ! “ਮੋ ਕਉ ਛੋਡਿ ਨ ਆਉ ਨ ਜਾਹੂ ਰੇ” “ਮੋ ਕਉ ਛੋਡਿ ਨ ਆਉ ਨ ਜਾਹੂ ਰੇ’ ਕਿਆ ਅਜੀਬ ਤਰਲਾ ਹੈ! ਕੈਸੀ ਢੂੰਘੀ ਬਿਰਹੋਂ-ਨਦੀ ਵਿਚੋਂ ਲਹਿਰ ਉਠ ਰਹੀ ਹੈ! ਆਪ-ਮੁਹਾਰੇ ਚਿੱਤ ਇੱਥੇ ਹੀ ਤਾਰੀਆਂ ਲੈਣ ਨੂੰ ਲੋਚਦਾ ਹੈ ।
ਜਗਤ-ਅਖਾੜੇ ਵਿਚੋਂ ਲੰਘ ਚੁਕੇ ਬਿਰਹੀ-ਜੀਊੜਿਆਂ ਦੇ ਇਹੋ ਜਿਹੇ ਨਾਟ ਇਸੇ ਹੀ ਨੈਂ ਦੇ ਤਾਰੂਆਂ ਵਾਸਤੇ ਚਾਨਣ-ਮੁਨਾਰੇ ਹੋਇਆ ਕਰਦੇ ਹਨ ।
ਭਾਵੇਂ ਇਹ ਚਾਨਣ-ਮੁਨਾਰਾ ਸਦੀਆਂ ਦੀ ਵਿੱਥ ਤੇ ਕਿਤੇ ਦੂਰ ਟਿਕਾਣੇ ਉੱਤੇ ਹੁੰਦਾ ਹੈ, ਪਰ ਇਸ ਦੀ ਚੋਟੀ ਉੱਤੇ ਇਹ ਬਿਰਹੀ-ਤਰਲੇ ਵਾਲੀ ਲਾਟ ਲਟ-ਲਟ ਕਰ ਰਹੀ ਹੁੰਦੀ ਹੈ, ਜੋ ਸਦੀਆਂ ਪਿੱਛੋਂ ਭੀ ਆਏ ਪਤੰਗਿਆਂ ਨੂੰ ਧ੍ਰ¨ਹ ਪਾਣੋਂ ਨਹੀਂ ਰਹਿ ਸਕਦੀ ।
ਉੱਚੇ ਵਣਵਲੇ ਵਿਚ ਅੱਪੜੇ ਹੋਏ ਰੱਬੀ ਆਸ਼ਿਕਾਂ ਦੇ ਬਿਰਹੋਂ-ਭਿੱਜੇ ਬਚਨਾਂ ਦਾ ਅਨੰਦ ਭੀ ਪੂਰਨ ਤੌਰ ਤੇ ਤਦੋਂ ਹੀ ਆਉਂਦਾ ਹੈ, ਜੇ ਉਸ ਅਨੰਦ ਦਾ ਚਾਹਵਾਨ ਸੱਜਣ ਉਸੇ ਵਲਵਲੇ ਵਿੱਚ ਅੱਪੜਨ ਦਾ ਜਤਨ ਕਰੇ ।ਕਈ ਵਿਦਵਾਨ ਸੱਜਣ ਸ਼ਬਦ ‘ਗੁਆਰਨਿ’ ਦਾ ਅਰਥ “ਬੁੱਧੀ” ਰੂਪ ਗੁਆਰਨ ਕਰ ਕੇ ਉਸ ਬਿਰਹੋਂ ਵਾਲੇ ਨਕਸ਼ੇ ਨੂੰ ਅੱਖਾਂ ਅੱਗੋਂ ਕਾਫ਼ੀ ਮੱਧਮ ਕਰ ਦੇਂਦੇ ਹਨ ।
ਪਹਿਲੀ ਤੁਕ ਵਿਚ ਦੇ ਲਫ਼ਜ਼ “ਬਨਾ ਰਸਿ” ਦਾ ਅਰਥ ਕਈ ਸੱਜਣ “ਬਰਸਾਨਾ” ਪਿੰਡ ਕਰਦੇ ਹਨ ਅਤੇ ਕੁਝ ਸੱਜਣ ਇਸ ਨੂੰ ‘ਬਨਾਰਸਿ’ ਸ਼ਹਿਰ ਸਮਝਦੇ ਹਨ ।
ਇਸ ਦਾ ‘ਪਾਠ’ ਅਤੇ ‘ਅਰਥ’ ਤਜਵੀਜ਼ ਕਰਨ ਤੋਂ ਪਹਿਲਾਂ ਪਾਠਕਾਂ ਦਾ ਧਿਆਨ ਇਸ ਸ਼ਬਦ ਦੀ ਦੂਜੀ ਤੁਕ ਦੇ ਲਫ਼ਜ਼ ‘ਉਆ ਕਾ’ ਵਲ ਦਿਵਾਇਆ ਜਾਂਦਾ ਹੈ ।
ਇਸ ‘ਉਆ ਕਾ’ ਦਾ ਅਰਥ ਕਿਸ ਤ੍ਰਹਾਂ ਕਰਨਾ ਹੈ ?
ਇਸ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਕੁਝ ਪ੍ਰਮਾਣ ਹੇਠ ਦਿੱਤੇ ਜਾਂਦੇ ਹਨ: (੧) ਉਆ ਅਉਸਰ ਕੈ ਹਉ ਬਲਿ ਜਾਈ ॥ ਆਠ ਪਹਿਰ ਅਪਨਾ ਪ੍ਰਭੁ ਸਿਮਰਨੁ ਵਡ ਭਾਗੀ ਹਰਿ ਪਾਈ ॥੧॥ਰਹਾਉ॥ {ਸਾਰੰਗ ਮ: ੫ ਭਾਵ, “ਜਦੋਂ” ਅੱਠੇ ਪਹਿਰ ਆਪਣਾ ਪ੍ਰਭੂ ਸਿਮਰਾਂ, ‘ਉਆ ਅਉਸਰ ਕੈ’ ।
(੨) ਯਾਹੂ ਜਤਨ ਕਰਿ ਹੋਤ ਛੁਟਾਰਾ ॥ ਉਆਹੂ ਜਤਨ ਸਾਧ ਸੰਗਾਰਾ ॥੪੩॥ {ਗਉੜੀ, ਬਾਵਨ ਅੱਖਰੀ ਭਾਵ ‘ਜਿਸ’ ਜਤਨ ਕਰ ਕੇ....‘ਉਆਹੂ ਜਤਨ’ ।
(੩) ਉਆ ਕਉ ਕਹੀਐ ਸਹਜ ਮਤਵਾਰਾ ॥ ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ਰਹਾਉ॥੨੦॥ {ਗਉੜੀ ਕਬੀਰ ਜੀ ਭਾਵ, ‘ਜੋ’ ਪੀਵਤ ਰਾਮ ਰਸੁ...‘ਉਆ ਕਉ’ ।
(੪) ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥ ਜੋ ਕਛੁ ਕੀਨੋ ਸੋਊ ਅਨੇਤਾ ॥ . . ਉਆ ਤੇ ਊਤਮ ਗਨਉ ਚੰਡਾਲਾ ॥ ਨਾਨਕ ਜਿਹ ਮਨਿ ਬਸਹਿ ਗੁਪਾਲਾ ॥੧੬॥ {ਗਉੜੀ ਬਾਵਨ ਅੱਖਰੀ . . ਭਾਵ, ‘ਜਿਸ ਨੇ’ ਰਾਮ ਨਾਮ ਸੰਗਿ...‘ਉਆ ਤੇ’... ।
ਉੱਪਰਲੇ ਪ੍ਰਮਾਣਾਂ ਤੋਂ ਪਾਠਕ-ਜਨ ਵੇਖ ਚੁਕੇ ਹਨ ਕਿ ਜਿੱਥੇ ਕਿਸੇ ਤੁਕ ਵਿਚ ਸ਼ਬਦ ‘ਉਆ’ ਆਇਆ ਹੈ, ਉਸ ਨਾਲ ਸੰਬੰਧ ਰੱਖਣ ਵਾਲਾ ਪੜਨਾਂਵ (ਛੋ-ਰੲਲੳਟਵਿੲ ਪਰੋਨੋੁਨ) ‘ਜੋ’ ਜਾਂ ‘ਜਿਸ ਨੇ’ ਆਦਿਕ ਭੀ ਗੁਪਤ ਜਾਂ ਪਰਗਟ ਸ਼ਕਲ ਵਿਚ ਨਾਲ ਦੀ ਤੁਕ ਵਿਚ ਮਿਲਦਾ ਹੈ ।
Follow us on Twitter Facebook Tumblr Reddit Instagram Youtube