ਗਉੜੀ ੯ ॥
ਜੋਨਿ ਛਾਡਿ ਜਉ ਜਗ ਮਹਿ ਆਇਓ ॥
ਲਾਗਤ ਪਵਨ ਖਸਮੁ ਬਿਸਰਾਇਓ ॥੧॥

ਜੀਅਰਾ ਹਰਿ ਕੇ ਗੁਨਾ ਗਾਉ ॥੧॥ ਰਹਾਉ ॥

ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥
ਤਉ ਜਠਰ ਅਗਨਿ ਮਹਿ ਰਹਤਾ ॥੨॥

ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥
ਅਬ ਕੇ ਛੁਟਕੇ ਠਉਰ ਨ ਠਾਇਓ ॥੩॥

ਕਹੁ ਕਬੀਰ ਭਜੁ ਸਾਰਿਗਪਾਨੀ ॥
ਆਵਤ ਦੀਸੈ ਜਾਤ ਨ ਜਾਨੀ ॥੪॥੧॥੧੧॥੬੨॥

Sahib Singh
੯ = ਘਰ ਨਾਵਾਂ ।
ਜੋਨਿ = ਗਰਭ, ਮਾਂ ਦਾ ਪੇਟ ।
ਜਉ = ਜਦੋਂ ।
ਜਗ ਮਹਿ ਆਇਓ = ਜਗਤ ਵਿਚ ਆਇਆ, ਜੀਵ ਜੰਮਿਆ ।
ਪਵਨ = ਹਵਾ, ਮਾਇਆ ਦੀ ਹਵਾ, ਮਾਇਆ ਦਾ ਪ੍ਰਭਾਵ ।੧ ।
ਜੀਅਰਾ = ਹੇ ਜਿੰਦੇ !
    ।੧।ਰਹਾਉ ।
ਉਰਧ = ਉਲਟਾ, ਪੁੱਠਾ ਲਟਕਿਆ ਹੋਇਆ ।
ਜਠਰ ਅਗਨਿ = ਪੇਟ ਦੀ ਅੱਗ ।
ਰਹਤਾ = ਬਚਿਆ ਰਹਿੰਦਾ ਹੈ ।੨ ।
ਭ੍ਰਮਿ = ਭਟਕ ਕੇ, ਭਉਂ ਕੇ ।
ਆਇਓ = ਆਇਆ ਹੈ, ਮਨੁੱਖਾ ਜਨਮ ਵਿਚ ਆਇਆ ਹੈ ।
ਅਬ ਕੇ = ਇਸ ਵਾਰੀ ਭੀ ।
ਛੁਟਕੇ = ਖੁੰਝ ਜਾਣ ਤੇ ।
ਠਉਰ ਠਾਇਓ = ਥਾਂ = ਥਿੱਤਾ ।
ਠਉਰ = {ਸੰ: ਸਥਾਵਰ, ਠਾਂ, ਠਾਵਰ, ਠਉਰ} ਪੱਕਾ, ਟਿਕਵਾਂ ।
ਠਾਇਓ = {ਸੰ: ਸਥਾਨ Ôਥਾਨ} ਠਾਂ, ਥਾਂ ।੩ ।
ਕਹੁ = ਆਖ, ਜਿੰਦ ਨੂੰ ਸਮਝਾ ।
ਨ ਆਵਤ ਦੀਸੈ = ਜੋ ਨਾਹ ਆਉਂਦਾ ਦਿੱਸਦਾ ਹੈ, ਜੋ ਨਾਹ ਹੀ ਜੰਮਦਾ ਹੈ ।
ਨ ਜਾਤ ਜਾਨੀ = ਜੋ ਨਾਹ ਮਰਦਾ ਜਾਣੀਦਾ ਹੈ, ਜੋ ਨਾਹ ਮਰਦਾ ਸੁਣੀਦਾ ਹੈ ।੪ ।
    
Sahib Singh
ਜਦੋਂ ਜੀਵ ਮਾਂ ਦਾ ਪੇਟ ਛੱਡ ਕੇ ਜਨਮ ਲੈਂਦਾ ਹੈ, ਤਾਂ (ਮਾਇਆ ਦੀ) ਹਵਾ ਲੱਗਦਿਆਂ ਹੀ ਖਸਮ-ਪ੍ਰਭੂ ਨੂੰ ਭੁਲਾ ਦੇਂਦਾ ਹੈ ।੧ ।
ਹੇ ਜਿੰਦੇ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ।੧।ਰਹਾਉ ।
(ਜਦੋਂ ਜੀਵ) ਮਾਂ ਦੇ ਪੇਟ ਵਿਚ ਸਿਰ-ਭਾਰ ਟਿਕਿਆ ਹੋਇਆ ਪ੍ਰਭੂ ਦੀ ਬੰਦਗੀ ਕਰਦਾ ਹੈ, ਤਦੋਂ ਪੇਟ ਦੀ ਅੱਗ ਵਿਚ ਭੀ ਬਚਿਆ ਰਹਿੰਦਾ ਹੈ ।੨ ।
(ਜੀਵ) ਚੌਰਾਸੀਹ ਲੱਖ ਜੂਨਾਂ ਵਿਚ ਭਟਕ ਭਟਕ ਕੇ (ਭਾਗਾਂ ਨਾਲ ਮਨੁੱਖਾ ਜਨਮ ਵਿਚ) ਆਉਂਦਾ ਹੈ, ਪਰ ਇੱਥੋਂ ਭੀ ਖੁੰਝ ਕੇ ਫਿਰ ਕੋਈ ਥਾਂ-ਥਿੱਤਾ (ਇਸ ਨੂੰ) ਨਹੀਂ ਮਿਲਦਾ ।੩ ।
ਹੇ ਕਬੀਰ! ਜਿੰਦ ਨੂੰ ਸਮਝਾ ਕਿ ਉਸ ਸਾਰਿਗਪਾਨੀ-ਪ੍ਰਭੂ ਨੂੰ ਸਿਮਰੇ, ਜੋ ਨਾਹ ਜੰਮਦਾ ਦਿੱਸਦਾ ਹੈ ਤੇ ਨਾਹ ਮਰਦਾ ਸੁਣੀਦਾ ਹੈ ।੪।੧।੧੧।੬੨ ।
ਸ਼ਬਦ ਦਾ
ਭਾਵ:- ਜੋ ਪ੍ਰਭੂ ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਦਾ ਹੈ, ਉਹੀ ਜਗਤ ਦੀ ਮਾਇਆ ਦੀ ਅੱਗ ਤੋਂ ਬਚਾਣ ਦੇ ਸਮਰੱਥ ਹੈ ।
ਇਸ ਵਾਸਤੇ ਪ੍ਰਭੂ ਦਾ ਸਿਮਰਨ ਹੀ ਇਥੇ ਆਉਣ ਦਾ ਮੁੱਖ ਮਨੋਰਥ ਹੈ, ਪਰ ਜੇ ਜੀਵ ਉਸ ਨੂੰ ਇਸ ਮਨੁੱਖਾ ਜਨਮ ਵਿਚ ਸਿਮਰਨੋਂ ਖੁੰਝ ਜਾਏ ਤਾਂ ਫਿਰ ਮੌਕਾ ਨਹੀਂ ਬਣਦਾ ।੬੨ ।

ਨੋਟ: ਕਈ ਜੋਗੀ ਲੋਕ ਉਲਟਾ ਲਟਕ ਕੇ (ਸਿਰ-ਭਾਰ ਹੋ ਕੇ) ਤਪ ਕਰਦੇ ਹਨ ।
ਇਸ ਤੋਂ ਇਹ ਖਿ਼ਆਲ ਆਮ ਪ੍ਰਚਲਤ ਹੈ ਕਿ ਜੀਵ ਮਾਂ ਦੇ ਪੇਟ ਵਿਚ ਪੁੱਠਾ ਲਟਕਿਆ ਹੋਇਆ ਤਪ ਕਰਦਾ ਹੈ ।
Follow us on Twitter Facebook Tumblr Reddit Instagram Youtube