ਗਉੜੀ ॥
ਰਾਮ ਜਪਉ ਜੀਅ ਐਸੇ ਐਸੇ ॥
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥

ਦੀਨ ਦਇਆਲ ਭਰੋਸੇ ਤੇਰੇ ॥
ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥

ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥
ਇਸ ਬੇੜੇ ਕਉ ਪਾਰਿ ਲਘਾਵੈ ॥੨॥

ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥
ਚੂਕਿ ਗਈ ਫਿਰਿ ਆਵਨ ਜਾਨੀ ॥੩॥

ਕਹੁ ਕਬੀਰ ਭਜੁ ਸਾਰਿਗਪਾਨੀ ॥
ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥

Sahib Singh
ਜਪਉ = ਜਪਉਂ, ਮੈਂ ਜਪਾਂ ।
ਜੀਅ = ਹੇ ਜਿੰਦ !
ਜੈਸੇ = ਜਿਸ ਪ੍ਰੇਮ ਤੇ ਸ਼ਰਧਾ ਨਾਲ ।੧ ।
ਦੀਨ ਦਇਆਲ = ਹੇ ਦੀਨਾਂ ਉੱਤੇ ਦਇਆ ਕਰਨ ਵਾਲੇ !
ਸਭੁ ਪਰਵਾਰੁ = ਸਾਰਾ ਪਰਵਾਰ, ਜਿੰਦ ਦਾ ਸਾਰਾ ਪਰਵਾਰ, ਸਾਰੇ ਇੰਦ੍ਰੇ, ਤਨ ਤੇ ਮਨ ਸਭ ਕੁਝ ।
ਬੇੜੇ = ਜਹਾਜ਼ ਉੱਤੇ, ਨਾਮ = ਰੂਪ ਜਹਾਜ਼ ਤੇ ।੧।ਰਹਾਉ ।
ਜਾ = ਜਦੋਂ ।
ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਜਦੋਂ ਉਸ ਦੀ ਮਰਜ਼ੀ ਹੁੰਦੀ ਹੈ ।੨ ।
ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ ।
ਸਮਾਨੀ = ਸਮਾ ਜਾਂਦੀ ਹੈ, ਹਿਰਦੇ ਵਿਚ ਪਰਗਟ ਹੁੰਦੀ ਹੈ ।
ਚੂਕਿ ਗਈ = ਮੁੱਕ ਜਾਂਦੀ ਹੈ ।੩ ।
ਭਜੁ = ਸਿਮਰ ।
ਸਾਰਿਗਪਾਨੀ = ਧਨਖ ਜਿਸ ਦੇ ਹੱਥ ਵਿਚ ਹੈ {ਸਾਰਿਗ—ਵਿਸ਼ਨੂੰ ਦੇ ਧਨਖ ਦਾ ਨਾਮ ਹੈ ।
ਪਾਨੀ = ਹੱਥ} ।
ਉਰਵਾਰਿ = ਉਰਲੇ ਪਾਸੇ, ਇਸ ਸੰਸਾਰ ਵਿਚ ।
ਪਾਰਿ = ਪਰਲੋਕ ਵਿਚ ।
ਦਾਨੀ = ਜਾਣ, ਸਮਝ ।੪ ।
    
Sahib Singh
ਹੇ ਜਿੰਦੇ! (ਇਉਂ ਅਰਦਾਸ ਕਰ, ਕਿ) ਹੇ ਪ੍ਰਭੂ! ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ ਜਿਸ ਪ੍ਰੇਮ ਤੇ ਸ਼ਰਧਾ ਨਾਲ ਧ੍ਰ¨ ਤੇ ਪ੍ਰਹਿਲਾਦ ਭਗਤ ਨੇ, ਹੇ ਹਰੀ! ਤੈਨੂੰ ਸਿਮਰਿਆ ਸੀ ।੧ ।
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਤੇਰੀ ਮਿਹਰ ਦੀ ਆਸ ਤੇ ਮੈਂ ਆਪਣਾ ਸਾਰਾ ਪਰਵਾਰ ਤੇਰੇ (ਨਾਮ ਦੇ) ਜਹਾਜ਼ ਤੇ ਚੜ੍ਹਾ ਦਿੱਤਾ ਹੈ (ਮੈਂ ਜੀਭ, ਅੱਖ, ਕੰਨ ਆਦਿਕ ਸਭ ਗਿਆਨ-ਇੰਦਿ੍ਰਆਂ ਨੂੰ ਤੇਰੀ ਸਿਫ਼ਤਿ-ਸਾਲਾਹ ਵਿਚ ਜੋੜ ਦਿੱਤਾ ਹੈ) ।੧।ਰਹਾਉ ।
ਜਦੋਂ ਪ੍ਰਭੂ ਨੂੰ ਭਾਉਂਦਾ ਹੈ ਤਾਂ ਉਹ (ਇਸ ਸਾਰੇ ਪਰਵਾਰ ਤੋਂ ਆਪਣਾ) ਹੁਕਮ ਮਨਾਉਂਦਾ ਹੈ (ਭਾਵ, ਇਹਨਾਂ ਇੰਦਿ੍ਰਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ ਜਿਸ ਕੰਮ ਲਈ ਉਸ ਨੇ ਇਹ ਇੰਦ੍ਰੇ ਬਣਾਏ ਹਨ), ਤੇ ਇਸ ਤ੍ਰਹਾਂ ਇਸ ਸਾਰੇ ਪੂਰ ਨੂੰ (ਇਹਨਾਂ ਸਭ ਇੰਦਿ੍ਰਆਂ ਨੂੰ) ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦਾ ਹੈ ।੨ ।
ਸਤਿਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰ) ਅਜਿਹੀ ਅਕਲ ਪਰਗਟ ਹੋ ਪੈਂਦੀ ਹੈ (ਭਾਵ, ਜੋ ਮਨੁੱਖ ਸਾਰੇ ਇੰਦਿ੍ਰਆਂ ਨੂੰ ਪ੍ਰਭੂ ਦੇ ਰੰਗ ਵਿਚ ਰੰਗਦਾ ਹੈ), ਉਸ ਦਾ ਮੁੜ ਮੁੜ ਜੰਮਣਾ ਮਰਨਾ ਮੁੱਕ ਜਾਂਦਾ ਹੈ ।੩ ।
ਹੇ ਕਬੀਰ! ਆਖ (ਭਾਵ, ਆਪਣੇ ਆਪ ਨੂੰ ਸਮਝਾ)—ਸਾਰਿੰਗਪਾਨੀ ਪ੍ਰਭੂ ਨੂੰ ਸਿਮਰ, ਅਤੇ ਲੋਕ-ਪਰਲੋਕ ਵਿਚ ਹਰ ਥਾਂ ਉਸ ਇੱਕ ਪ੍ਰਭੂ ਨੂੰ ਹੀ ਜਾਣ ।੪।੨।੧੦।੬੧ ।
ਸ਼ਬਦ ਦਾ
ਭਾਵ:- ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਮਨ ਨੂੰ ਤੇ ਗਿਆਨ-ਇੰਦਿ੍ਰਆਂ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹੈ, ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚ ਜਾਂਦਾ ਹੈ, ਤੇ ਇਸ ਤ੍ਰਹਾਂ ਉਸ ਦੀ ਭਟਕਣਾ ਮੁੱਕ ਜਾਂਦੀ ਹੈ ।੬੧ ।
Follow us on Twitter Facebook Tumblr Reddit Instagram Youtube