ਗਉੜੀ ॥
ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥
ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ ॥੧॥

ਸਾਵਲ ਸੁੰਦਰ ਰਾਮਈਆ ॥
ਮੇਰਾ ਮਨੁ ਲਾਗਾ ਤੋਹਿ ॥੧॥ ਰਹਾਉ ॥

ਸਾਧੁ ਮਿਲੈ ਸਿਧਿ ਪਾਈਐ ਕਿ ਏਹੁ ਜੋਗੁ ਕਿ ਭੋਗੁ ॥
ਦੁਹੁ ਮਿਲਿ ਕਾਰਜੁ ਊਪਜੈ ਰਾਮ ਨਾਮ ਸੰਜੋਗੁ ॥੨॥

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥
ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥

ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥
ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥

Sahib Singh
ਕਿੰਬਾ ਹੋਇ = ਕੀ ਮੁੜ ਉਹ (ਵੱਖਰੀ ਹਸਤੀ ਵਾਲੀ) ਹੁੰਦੀ ਹੈ ?
    ਕੀ ਫਿਰ ਭੀ ਉਸ ਦੀ ਵੱਖਰੀ ਹਸਤੀ ਰਹਿੰਦੀ ਹੈ ?
ਕੀ ਉਸ ਵਿਚ ਆਪਾ = ਭਾਵ ਟਿਕਿਆ ਰਹਿੰਦਾ ਹੈ ?
ਮਹੋਇ = ਨਹੀਂ ਹੁੰਦਾ, ਨਹੀਂ ਰਹਿੰਦਾ ।
ਜਿਤੁ ਘਟਿ = ਜਿਸ ਸਰੀਰ ਵਿਚ ।
ਫੂਟਿ ਮਰੈ = ਫੁੱਟ ਮਰਦਾ ਹੈ, ਆਫਰ ਮਰਦਾ ਹੈ, ਹਉਮੈ ਦੇ ਕਾਰਨ ਦੁਖੀ ਹੁੰਦਾ ਹੈ ।
ਜਨੁ ਸੋਇ = ਉਹੀ ਮਨੁੱਖ ।੧ ।
ਰਾਮਈਆ = ਹੇ ਸੁਹਣੇ ਰਾਮ !
ਤੋਹਿ = ਤੇਰੇ ਵਿਚ, ਤੇਰੇ ਚਰਨਾਂ ਵਿਚ ।੧।ਰਹਾਉ ।
ਸਾਧੁ = ਗੁਰੂ ।
ਸਿਧਿ = ਸਫਲਤਾ, ਸਿੱਧੀ ।
ਕਿ = ਕੀਹ ਹੈ ?
    (ਭਾਵ, ਤੁੱਛ ਹੈ) ।
ਭੋਗੁ = (ਦੁਨੀਆ ਦੇ ਪਦਾਰਥਾਂ ਦਾ) ਮਾਣਨਾ ।
ਦੁਹੁ ਮਿਲਿ = ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ—ਇਹਨਾਂ ਦੋਹਾਂ ਦੇ ਮਿਲਣ ਨਾਲ ।
ਕਾਰਜੁ ਊਪਜੈ = ਕੰਮ ਸਿਰੇ ਚੜ੍ਹਦਾ ਹੈ ।
ਸੰਜੋਗ = ਮਿਲਾਪ ।੨ ।
ਇਹੁ = ਇਹ ਗੁਰ = ਸ਼ਬਦ, ਸਤਿਗੁਰੂ ਦੀ ਬਾਣੀ ।
ਤਉ = ਤਾਂ ।
ਬਾਰ = ਵੇਲੇ ।੩ ।
ਚਿਤੁ ਲਾਇ = ਮਨ ਲਾ ਕੇ, ਪ੍ਰੇਮ ਨਾਲ ।
ਸੰਸਾ = ਸ਼ੱਕ ।
ਅੰਤਿ = ਆਖ਼ਰ ਨੂੰ, ਨਤੀਜਾ ਇਹ ਨਿਕਲਦਾ ਹੈ ਕਿ ।
ਪਰਮ = ਉੱਚੀ ਤੋਂ ਉੱਚੀ ।
ਗਤਿ = ਆਤਮਕ ਅਵਸਥਾ ।੪ ।
    
Sahib Singh
(ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ) ਜੋਤ ਨਾਲ ਮਿਲ ਕੇ ਇੱਕ-ਰੂਪ ਹੋ ਜਾਂਦੀ ਹੈ, ਉਸ ਦੇ ਅੰਦਰ ਹਉਮੈ ਬਿਲਕੁਲ ਨਹੀਂ ਰਹਿੰਦੀ ।
ਕੇਵਲ ਉਹੀ ਮਨੁੱਖ ਹਉਮੈ ਨਾਲ ਦੁਖੀ ਹੁੰਦਾ ਹੈ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੁੰਦਾ ।੧ ।
ਹੇ ਮੇਰੇ ਸਾਂਵਲੇ ਸੁਹਣੇ ਰਾਮ! (ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਤਾਂ ਤੇਰੇ ਚਰਨਾਂ ਵਿਚ ਜੁੜਿਆ ਹੋਇਆ ਹੈ (ਮੈਨੂੰ ਹਉਮੈ ਕਿਉਂ ਦੁਖੀ ਕਰੇ?) ।੧।ਰਹਾਉ ।
(ਹਉਮੈ ਦੇ ਅਭਾਵ ਅਤੇ ਅੰਦਰਲੀ ਸ਼ਾਂਤੀ-ਠੰਢ ਦੀ) ਇਹ ਸਿੱਧੀ ਸਤਿਗੁਰੂ ਨੂੰ ਮਿਲਿਆਂ ਲੱਭਦੀ ਹੈ ।
ਜਦੋਂ ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ ਮਿਲਦੇ ਹਨ, ਤਾਂ ਪਰਮਾਤਮਾ ਦੇ ਨਾਮ ਦਾ ਮਿਲਾਪ-ਰੂਪ ਨਤੀਜਾ ਨਿਕਲਦਾ ਹੈ ।
(ਫਿਰ ਇਸ ਸਿੱਧੀ ਦੇ ਸਾਹਮਣੇ ਜੋਗੀਆਂ ਦਾ) ਜੋਗ ਤੁੱਛ ਹੈ, (ਦੁਨੀਆ ਦੇ ਪਦਾਰਥਾਂ ਦਾ) ਭੋਗਣਾ ਭੀ ਕੋਈ ਚੀਜ਼ ਨਹੀਂ ਹੈ ।੨ ।
ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ (ਕੋਈ ਸਧਾਰਨ ਜਿਹਾ) ਗੀਤ ਹੀ ਹੈ, ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ (ਜੋ ਹਉਮੈ ਤੋਂ ਜਿਊਂਦਿਆਂ ਹੀ ਮੁਕਤੀ ਦਿਵਾਉਂਦੀ ਹੈ) ਜਿਵੇਂ ਕਾਂਸ਼ੀ ਵਿਚ ਮਨੁੱਖ ਨੂੰ ਮਰਨ ਵੇਲੇ (ਸ਼ਿਵ ਜੀ ਦਾ ਮੁਕਤੀ ਦਾਤਾ) ਉਪਦੇਸ਼ ਮਿਲਦਾ ਖਿ਼ਆਲ ਕੀਤਾ ਜਾਂਦਾ ਹੈ (ਭਾਵ, ਕਾਂਸ਼ੀ ਵਾਲਾ ਉਪਦੇਸ਼ ਤਾਂ ਮਰਨ ਪਿਛੋਂ ਅਸਰ ਕਰਦਾ ਹੋਵੇਗਾ, ਪਰ ਸਤਿਗੁਰੂ ਦਾ ਸ਼ਬਦ ਐਥੇ ਹੀ ਜੀਵਨ-ਮੁਕਤ ਕਰ ਦੇਂਦਾ ਹੈ) ।੩ ।
ਜੋ ਭੀ ਮਨੁੱਖ ਪ੍ਰੇਮ ਨਾਲ ਪ੍ਰਭੂ ਦਾ ਨਾਮ ਗਾਉਂਦਾ ਹੈ ਜਾਂ ਸੁਣਦਾ ਹੈ, ਹੇ ਕਬੀਰ! ਆਖ—ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਜ਼ਰੂਰ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ।੪।੧।੪।੫੫ ।
ਸ਼ਬਦ ਦਾ
ਭਾਵ:- ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਮਨ ਜੋੜ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰੋਂ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਹ ਜੀਊਂਦਾ ਹੀ ਮੁਕਤ ਹੈ ।
ਇਹ ਪੱਕੀ ਗੱਲ ਹੈ ਕਿ ਉਸ ਦੀਆਤਮਕ ਅਵਸਥਾ ਬਹੁਤ ਹੀ ਉੱਚੀ ਹੋ ਜਾਂਦੀ ਹੈ ।੫੫ ।
Follow us on Twitter Facebook Tumblr Reddit Instagram Youtube