ਗਉੜੀ ॥
ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥
ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥੧॥

ਮੇਰੇ ਰਾਮ ਐਸਾ ਖੀਰੁ ਬਿਲੋਈਐ ॥
ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥

ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥
ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥੨॥

ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ ॥
ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥

ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ ॥
ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੪॥੨॥੪੬॥

Sahib Singh
ਜੀਵਤ ਮਰੈ = ਜੀਊਂਦਾ ਹੀ ਮਰ ਜਾਂਦਾ ਹੈ, ਨਫ਼ਸਾਨੀ ਖ਼ਾਹਸ਼ਾਂ ਵਲੋਂ ਮਰਦਾ ਹੈ, ਮਨ ਨੂੰ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ ।
ਮਰੈ ਮਰੈ = ਮੁੜ ਮੁੜ ਮਰਦਾ ਹੈ, ਮੁੜ ਮੁੜ ਜਤਨ ਕਰ ਕੇ (ਨਫ਼ਸਾਨੀ ਖ਼ਾਹਸ਼ਾਂ ਵਲੋਂ) ਮਰਦਾ ਹੈ ।
ਐਸੇ = ਇਉਂ ।
ਫੁਨਿ = ਫਿਰ ।
ਜੀਵੈ = ਜੀਊ ਪੈਂਦਾ ਹੈ ।
ਸੁੰਨਿ = ਸੁੰਨ ਵਿਚ, ਸੁੰਞ ਵਿਚ, ਉਸ ਹਾਲਤ ਵਿਚ ਜਿਥੇ ਵਿਕਾਰਾਂ ਵਲੋਂ ਸੁੰਞ ਹੈ, ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ ।
ਅੰਜਨ = ਕਾਲਖ, ਮਾਇਆ, ਦੁਨੀਆ ।
ਨਿਰੰਜਨਿ = ਨਿਰੰਜਨ ਵਿਚ, ਅੰਜਨ-ਰਹਿਤ ਪ੍ਰਭੂ ਵਿਚ ।
ਬਹੁੜਿ = ਮੁੜ ਕੇ, ਫਿਰ ।
ਭਵਜਲਿ = ਭਵਜਲ ਵਿਚ, ਘੁੰਮਣਘੇਰ ਵਿਚ ।੧ ।
ਮੇਰੇ ਰਾਮ = ਹੇ ਪਿਆਰੇ ਪ੍ਰਭੂ !
ਖੀਰੁ = ਦੁੱਧ ।
ਬਿਲੋਈਐ = ਰਿੜਕਿਆ ਜਾਂਦਾ ਹੈ ।
ਮਨੂਆ = ਕਮਜ਼ੋਰ ਮਨ ।
ਅਸਥਿਰੁ ਰਾਖਹੁ = (ਹੇ ਮੇਰੇ ਰਾਮ !
    ਤੂੰ) ਅਡੋਲ ਰੱਖ ।
ਇਨ ਬਿਧਿ = ਇਸ ਤਰੀਕੇ ਨਾਲ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ।
ਪੀਓਈਐ = ਪੀ ਲਈਦਾ ਹੈ ।੧।ਰਹਾਉ ।
ਕੈ = ਦੀ ਰਾਹੀਂ ।
ਗੁਰ ਕੈ ਬਾਣਿ = ਗੁਰੂ ਦੇ (ਸ਼ਬਦ-ਰੂਪ) ਤੀਰ ਨਾਲ ।
ਬਜਰ = ਕਰੜੀ ।
ਕਲ = (ਮਨੋ = ) ਕਲਪਣਾ ।
ਛੇਦੀ = ਵਿੱਝ ਗਈ ।
ਪਦੁ ਪਰਗਾਸਾ = ਪਰਕਾਸ਼ ਦਾ ਦਰਜਾ, ਉਹ ਹਾਲਤ ਜਿਥੇ ਸਹੀ ਸਮਝ ਪੈਦਾ ਹੋ ਜਾਂਦੀ ਹੈ ।
ਸਕਤਿ = ਮਾਇਆ ।
ਅਧੇਰਾ = ਹਨੇਰਾ ।
ਜੇਵੜੀ = ਰੱਸੀ ।
ਭ੍ਰਮੁ = ਭੁਲੇਖਾ ।
ਸਿਵ ਘਰਿ = ਸ਼ਿਵ ਦੇ ਘਰ ਵਿਚ, ਸਦਾ ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ।
ਨਿਹਚਲੁ ਬਾਸਾ = ਅਟੱਲ ਟਿਕਾਣਾ ।੨ ।
ਤਿਨਿ = ਉਸ ਮਨੁੱਖ ਨੇ (ਜਿਸ ਨੇ ‘ਗੁਰ ਕੈ ਬਾਣਿ ਬਜਰ ਕਲ ਛੇਦੀ’) ।
ਬਾਣ = ਤੀਰ ।
ਬੇਧਿਆ = ਵਿੰਨ੍ਹ ਲਿਆ ਹੈ ।
ਭਾਈ = ਹੇ ਸੱਜਣ !
ਦਹਦਿਸ = ਦਸੀਂ ਪਾਸੀਂ ।
ਬੂਡੀ = ਗੁੱਡੀ ।
ਪਵਨੁ = ਹਵਾ ।
ਝੁਲਾਵੈ = ਝਕੋਲੇ ਦੇਂਦੀ ਹੈ, ਉਡਾਉਂਦੀ ਹੈ ।
ਡੋਰਿ = ਸੁਰਤ ਦੀ ਡੋਰੀ ।੩ ।
ਉਨਮਨਿ = ਉਨਮਨ ਵਿਚ, ਬਿਰਹੋਂ ਅਵਸਥਾ ਵਿਚ, ਉਸ ਹਾਲਤ ਵਿਚ ਜਿਥੇ ਮਨ ਪ੍ਰਭੂ ਨੂੰ ਮਿਲਣ ਲਈ ਬੇਤਾਬ ਹੋ ਜਾਂਦਾ ਹੈ ।
ਦੁਬਿਧਾ = {ਦੁ = ਬਿਧਾ=ਦੋ ਕਿਸਮਾਂ ਦਾ, ਦੋ ਤ੍ਰਹਾਂ ਦੇ ਆਸਰੇ ਤੱਕਣ ਵਾਲੀ ਹਾਲਤ} ਦੁਚਿਤਾ-ਪਨ ।
ਭਾਗੀ = ਭੱਜ ਜਾਂਦੀ ਹੈ ।
ਕਬੀਰ = ਹੇ ਕਬੀਰ !
ਅਨਭਉ = ਆਪਣੇ ਅੰਦਰੋਂ ਪੈਦਾ ਹੋਇਆ ਗਿਆਨ ।
ਇਕ ਅਨਭਉ = ਅਸਚਰਜ ਹੱਡ = ਬੀਤਿਆ ਚਮਤਕਾਰਾ ।
ਨਾਮਿ = ਨਾਮ ਵਿਚ ।੪ ।
    
Sahib Singh
ਜੋ ਮਨੁੱਖ ਮੁੜ ਮੁੜ ਜਤਨ ਕਰ ਕੇ ਮਨ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ, ਉਹ ਫਿਰ (ਅਸਲ ਜੀਵਨ) ਜੀਊਂਦਾ ਹੈ ਤੇ ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ, ਇਉਂ ਲੀਨ ਹੁੰਦਾ ਹੈ ਕਿ ਮਾਇਆ ਵਿਚ ਰਹਿੰਦਾ ਹੋਇਆ ਭੀ ਉਹ ਮਾਇਆ-ਰਹਿਤ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਤੇ ਮੁੜ(ਮਾਇਆ ਦੀ) ਘੁੰਮਣਘੇਰ ਵਿਚ ਨਹੀਂ ਪੈਂਦਾ ।੧ ।
ਹੇ ਪਿਆਰੇ ਪ੍ਰਭੂ! ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ (ਮਾਇਆ ਵਲੋਂ) ਅਡੋਲ ਰੱਖ ।
ਹੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਦਾ ਸਫਲ ਉੱਦਮ ਕੀਤਾ ਜਾ ਸਕਦਾ ਹੈ) ਤੇ, ਇਸੇ ਤਰੀਕੇ ਨਾਲ ਹੀ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ਤੇਰਾ ਨਾਮ-ਅੰਮਿ੍ਰਤ ਪੀਤਾ ਜਾ ਸਕਦਾ ਹੈ ।੧।ਰਹਾਉ ।
ਜਿਸ ਮਨੁੱਖ ਨੇ ਸਤਿਗੁਰੂ ਦੇ (ਸ਼ਬਦ-ਰੂਪ) ਤੀਰ ਨਾਲ ਕਰੜੀ ਮਨੋ-ਕਲਪਣਾ ਵਿੰਨ੍ਹ ਲਈ ਹੈ (ਭਾਵ, ਮਨ ਦੀ ਵਿਕਾਰਾਂ ਵਲ ਦੀ ਦੌੜ ਰੋਕ ਲਈ ਹੈ) ਉਸ ਦੇ ਅੰਦਰ ਪ੍ਰਕਾਸ਼-ਪਦ ਪੈਦਾ ਹੋ ਜਾਂਦਾ ਹੈ (ਭਾਵ, ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਆਤਮਕ ਚਾਨਣ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ) ।
(ਜਿਵੇਂ ਹਨੇਰੇ ਵਿਚ) ਰੱਸੀ (ਨੂੰ ਸੱਪ ਸਮਝਣ) ਦਾ ਭੁਲੇਖਾ (ਪੈਂਦਾ ਹੈ ਤੇ ਚਾਨਣ ਹੋਇਆਂ ਉਹ ਭੁਲੇਖਾ ਮਿਟ ਜਾਂਦਾ ਹੈ ਤਿਵੇਂ) ਮਾਇਆ ਦੇ (ਪ੍ਰਭਾਵ-ਰੂਪ) ਹਨੇਰੇ ਵਿਚ (ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣ ਦਾ ਭੁਲੇਖਾ) ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ, ਤੇ ਉਸ ਮਨੁੱਖ ਦਾ ਨਿਵਾਸ ਸਦਾ-ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਸਦਾ ਲਈ ਹੋ ਜਾਂਦਾ ਹੈ ।੨ ।
ਹੇ ਸੱਜਣ! (ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ) ਉਸ ਨੇ (ਮਾਨੋ,) ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਵਿੰਨ੍ਹ ਲਿਆ ਹੈ (ਭਾਵ, ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ); (ਦੁਨੀਆ ਦੇ ਕੰਮ-ਕਾਰ ਰੂਪ) ਹਵਾ ਉਸ ਦੀ (ਜ਼ਿੰਦਗੀ ਦੀ) ਗੁੱਡੀ ਨੂੰ (ਭਾਵੇਂ ਵੇਖਣ-ਮਾਤ੍ਰ) ਦਸੀਂ ਪਾਸੀਂ ਉਡਾਉਂਦੀ ਹੈ (ਭਾਵ, ਭਾਵੇਂ, ਜੀਵਨ-ਨਿਰਬਾਹ ਦੀ ਖ਼ਾਤਰ ਉਹ ਕਿਰਤ-ਕਾਰ ਕਰਦਾ ਹੈ), ਪਰ, ਉਸ ਦੀ ਸੁਰਤ ਦੀ ਡੋਰ (ਪ੍ਰਭੂ ਨਾਲ) ਜੁੜੀ ਰਹਿੰਦੀ ਹੈ ।੩ ।
ਹੇ ਕਬੀਰ! ਆਖ—ਉਸ ਮਨੁੱਖ ਦਾ ਮਨ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਹਾਲਤ ਵਿਚ ਲੀਨ ਹੋ ਜਾਂਦਾ ਹੈ, ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ ।
ਉਸ ਦੀ ਦੁਬਿਧਾ ਤੇ ਉਸ ਦੀ ਭੈੜੀ ਮੱਤ ਸਭ ਨਾਸ ਹੋ ਜਾਂਦੀ ਹੈ ।
ਉਹ ਇਕ ਅਚਰਜ ਚਮਤਕਾਰਾ ਆਪਣੇ ਅੰਦਰ ਵੇਖ ਲੈਂਦਾ ਹੈ ।
ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜ ਜਾਂਦੀ ਹੈ ।੪।੨।੪੬ ।
ਸ਼ਬਦ ਦਾ
ਭਾਵ:- ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਮਨ ਨੂੰ ਵਿਕਾਰਾਂ ਵਲੋਂ ਰੋਕ ਲੈਂਦਾ ਹੈ ।
ਉਹ ਨਿਰਬਾਹ ਲਈ ਕਿਰਤ-ਕਾਰ ਤਾਂ ਕਰਦਾ ਹੈ, ਪਰ ਉਸ ਦੀ ਸੁਰਤ ਸਦਾ-ਪ੍ਰਭੂ ਚਰਨਾਂ ਵਿਚ ਹੀ ਰਹਿੰਦੀ ਹੈ ।੪੬ ।
Follow us on Twitter Facebook Tumblr Reddit Instagram Youtube