ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥
ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥

ਸਾਧੂ ਸੰਗਤਿ ਦੀਓ ਰਲਾਇ ॥
ਪੰਚ ਦੂਤ ਤੇ ਲੀਓ ਛਡਾਇ ॥
ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥
ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥

ਸਤਿਗੁਰ ਕੀਨੋ ਪਰਉਪਕਾਰੁ ॥
ਕਾਢਿ ਲੀਨ ਸਾਗਰ ਸੰਸਾਰ ॥
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥

ਮਾਇਆ ਤਪਤਿ ਬੁਝਿਆ ਅੰਗਿਆਰੁ ॥
ਮਨਿ ਸੰਤੋਖੁ ਨਾਮੁ ਆਧਾਰੁ ॥
ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥
ਜਤ ਪੇਖਉ ਤਤ ਅੰਤਰਜਾਮੀ ॥੩॥

ਅਪਨੀ ਭਗਤਿ ਆਪ ਹੀ ਦ੍ਰਿੜਾਈ ॥
ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥
ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥
ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥

ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥

ਕਹੁ ਰੇ ਪੰਡੀਆ ਕਉਨ ਪਵੀਤਾ ॥
ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥

ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥
ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥

ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥

Sahib Singh
ਮੋ ਕਉ = ਮੈਨੂੰ, ਮੇਰੇ ਵਾਸਤੇ ।
ਰਾਜਾ = ਪ੍ਰਕਾਸ਼ ਰੂਪ, ਹਰ ਥਾਂ ਚਾਨਣ ਕਰਨ ਵਾਲਾ ।
ਸਹਾਈ = ਮਦਦਗਾਰ ।
ਕਟਿ = ਦੂਰ ਕਰ ਕੇ ।
ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ।
ਪਾਈ = ਹਾਸਲ ਕਰ ਲਈ ਹੈ ।੧।ਰਹਾਉ ।
ਪੰਚ ਦੂਤ = (ਕਾਮ ਆਦਿਕ) ਪੰਜ ਵੈਰੀ ।
ਤੇ = ਤੋਂ ।
ਰਸਨਾ = ਜੀਭ (ਨਾਲ) ।
ਜਪਉ = ਮੈਂ ਜਪਦਾ ਹਾਂ ।
ਅਮੋਲ = {ਅ = ਮੋਲ} ਮੁੱਲ ਦੇਣ ਤੋਂ ਬਿਨਾ, ਬਿਨਾ ਦੰਮਾਂ ਦੇ ।੧ ।
ਸਾਗਰ = ਸਮੁੰਦਰ ।
ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ ।
ਨਿਤਾ ਨਿਤ = ਹਰ ਵੇਲੇ ।੨ ।
ਤਪਤਿ = ਤਪਸ਼, ਸੜਨ ।
ਮਨਿ = ਮਨ ਵਿਚ ।
ਆਧਾਰੁ = ਆਸਰਾ ।
ਜਲਿ = ਜਲ ਵਿਚ ।
ਥਲਿ = ਧਰਤੀ ਤੇ ।
ਪੂਰਿ ਰਹੇ = ਹਰ ਥਾਂ ਮੌਜੂਦ ਹਨ ।
ਜਤ = ਜਿੱਧਰ ।
ਪੇਖਉ = ਮੈਂ ਵੇਖਦਾ ਹਾਂ ।
ਤਤ = ਓਧਰ ਹੀ ।੩ ।
ਦਿ੍ਰੜਾਈ = ਦਿੜ੍ਹ ਕਰਾਈ ਹੈ, ਪੱਕੀ ਕੀਤੀ ਹੈ ।
ਪੂਰਬ ਲਿਖਤ = ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖਾ ।
ਮੇਰੇ ਭਾਈ = ਹੇ ਪਿਆਰੇ ਵੀਰ !
ਸਾਜ = ਬਣਤਰ, ਸਬੱਬ ।
ਕੋ = ਦਾ ।੪ ।
ਜਲਿ = ਪਾਣੀ ਵਿਚ ।
ਸੂਤਕੁ = {ਸੂਤ—ਕੁ ।
ਸੂਤ = ਜੰਮਿਆ ਹੋਇਆ ।
ਸੂਤਕ = ਜੰਮਣ ਨਾਲ ਸੰਬੰਧ ਰੱਖਣ ਵਾਲੀ ਅਪਵਿੱਤ੍ਰਤਾ ।
ਜਦੋਂ ਕਿਸੇ ਹਿੰਦੂ = ਘਰ ਵਿਚ ਕੋਈ ਬਾਲ ਜੰਮ ਪਏ ਤਾਂ ੧੩ ਦਿਨ ਉਹ ਘਰ ਅਪਵਿੱਤ੍ਰ ਮੰਨਿਆ ਜਾਂਦਾ ਹੈ, ਬ੍ਰਾਹਮਣ ਇਹਨਾਂ ੧੩ ਦਿਨਾਂ ਵਾਸਤੇ ਉਸ ਘਰ ਵਿਚ ਰੋਟੀ ਨਹੀਂ ਖਾਂਦੇ ।
    ਇਸੇ ਤ੍ਰਹਾਂ ਕਿਸੇ ਪ੍ਰਾਣੀ ਦੇ ਮਰਨ ਤੇ ਭੀ ‘ਕਿ੍ਰਆ-ਕਰਮ’ ਦੇ ਦਿਨ ਤਕ ਉਹ ਘਰ ਅਪਵਿੱਤ੍ਰ ਰਹਿੰਦਾ ਹੈ} ਅਪਵਿੱਤ੍ਰਤਾ, ਭਿੱਟ ।
ਫੁਨਿ = ਫਿਰ, ਭੀ ।
ਪਰਜ = ਪਰਜਾ, ਲੁਕਾਈ, ਦੁਨੀਆ ।
ਬਿਗੋਈ = ਵਿਗੁੱਚ ਰਹੀ ਹੈ, ਖ਼ੁਆਰ ਹੋ ਰਹੀ ਹੈ ।
ਓਪਤਿ = ਪੈਦਾਇਸ਼, ਉਤਪੱਤੀ ।੧ ।
ਰੇ ਪੰਡੀਆ = ਹੇ ਪੰਡਿਤ !
ਗਿਆਨੁ = ਵਿਚਾਰ ।
ਜਪਹੁ = ਦ੍ਰਿੜ੍ਹ ਕਰੋ, ਗਹੁ ਨਾਲ ਸੋਚੋ ।੧।ਰਹਾਉ ।
ਨੈਨਹੁ = ਅੱਖਾਂ ਵਿਚ ।
ਬੈਨਹੁ = ਬਚਨਾਂ ਵਿਚ ।
ਸ੍ਰਵਨੀ = ਕੰਨਾਂ ਵਿਚ ।
ਪਰੈ = ਪੈਂਦੀ ਹੈ ।
ਰਸੋਈ = ਰੋਟੀ ਪਕਾਣ ਵਾਲੇ ਕਮਰੇ ਵਿਚ ।੨ ।
ਬਿਧਿ = ਤਰੀਕਾ, ਵਿਓਂਤ ।
ਸਭੁ ਕੋਊ = ਹਰੇਕ ਜੀਵ ।
ਇਕੁ ਕੋਈ = ਕੋਈ ਇਕ, ਕੋਈ ਵਿਰਲਾ ।
ਤਿਨੈ = ਉਹਨਾਂ ਮਨੁੱਖਾਂ ਨੂੰ ।੩ ।
    
Sahib Singh
ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ, (ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ।੧।ਰਹਾਉ ।
(ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ ਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ, ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ ।
ਮੈਨੂੰ ਤਾਂ ਉਸ ਨੇ ਬਿਨਾ ਦੰਮਾਂ ਦੇ ਆਪਣਾ ਗੋੱਲਾ ਬਣਾ ਲਿਆ ਹੈ ।੧ ।
ਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ, ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ, ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ, ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ।੨ ।
(ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ, ਮਾਇਆ ਦਾ ਬਦਲਾ ਭਾਂਬੜ ਬੁੱਝ ਗਿਆ ਹੈ; (ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ ।
ਪਾਣੀ ਵਿਚ, ਧਰਤੀ ਤੇ, ਹਰ ਥਾਂ ਪ੍ਰਭੂ-ਖਸਮ ਜੀ ਵੱਸ ਰਹੇ (ਜਾਪਦੇ) ਹਨ; ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ ।੩ ।
ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ ।
ਹੇ ਪਿਆਰੇ ਵੀਰ! (ਮੈਨੂੰ ਤਾਂ) ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ) ।
ਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ ।
ਕਬੀਰ ਦਾ ਖਸਮ-ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ ।੪।੪੦ ।
ਸ਼ਬਦ ਦਾ
ਭਾਵ:- ਜਿਸ ਜੀਵ ਤੇ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਮਾਇਆ ਵਾਲੀ ਤਪਸ਼ ਮਿਟ ਜਾਂਦੀ ਹੈ ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਨਜ਼ਰ ਆਉਂਦਾ ਹੈ ।੪੦ ।
(ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ) ਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ ਮਰਨ ਤੇ ਭੀ ਸੂਤਕ (ਆ ਪੈਂਦਾ ਹੈ); (ਇਸ) ਭਿੱਟ (ਤੇ ਭਰਮ) ਵਿਚ ਦੁਨੀਆ ਖ਼ੁਆਰ ਹੋ ਰਹੀ ਹੈ ।੧ ।
(ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ, ਹੇ ਪੰਡਿਤ! (ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ ?
।੧।ਰਹਾਉ ।
(ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿਚ ਸੂਤਕ ਹੈ, ਬੋਲਣ (ਭਾਵ, ਜੀਭ) ਵਿਚ ਸੂਤਕ ਹੈ, ਕੰਨਾਂ ਵਿਚ ਭੀ ਸੂਤਕ ਹੈ, ਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ, (ਸਾਡੀ) ਰਸੋਈ ਵਿਚ ਭੀ ਸੂਤਕ ਹੈ ।੨ ।

ਨੋਟ: ਇਸ ‘ਬੰਦ’ ਵਿਚ ਪਰਾਏ ਰੂਪ, ਨਿੰਦਾ ਆਦਿਕ ਦੇ ਸੂਤਕ ਦਾ ਜ਼ਿਕਰ ਨਹੀਂ ਹੈ, ਕਿਉਂਕਿ ਅਖ਼ੀਰ ਵਿਚ ‘ਰਸੋਈ’ ਦਾ ਸੂਤਕ ਭੀ ਦੱਸਿਆ ਗਿਆ ਹੈ; ਸੋ, ਸਥੂਲ ਤੇ ਸੂਖਮ ਜੀਵਾਂ ਦੇ ਸੂਤਕ ਦਾ ਜ਼ਿਕਰ ਹੀ ਪ੍ਰਤੀਤ ਹੁੰਦਾ ਹੈ ।
(ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ) ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ ।
ਕਬੀਰ ਆਖਦਾ ਹੈ—ਜੋ ਜੋ ਮਨੁੱਖ (ਆਪਣੇ) ਹਿਰਦੇ ਵਿਚ ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ ।੩।੪੧ ।
ਸ਼ਬਦ ਦਾ
ਭਾਵ:- ਜੇ ਜੀਵਾਂ ਦੇ ਜੰਮਣ ਮਰਨ ਨਾਲ ਘਰ ਭਿੱਟੇ ਜਾਣ ਤਾਂ ਜਗਤ ਵਿਚ ਸੁੱਚਾ ਕੋਈ ਭੀ ਥਾਂ ਨਹੀਂਹੋ ਸਕਦਾ, ਕਿਉਂਕਿ ਹਰ ਵੇਲੇ ਹਰ ਥਾਂ ਜਨਮ ਮਰਨ ਦਾ ਸਿਲਸਿਲਾ ਜਾਰੀ ਹੈ ।
ਜੋ ਮਨੁੱਖ ਪ੍ਰਭੂ ਦਾ ਭਜਨ ਕਰਦਾ ਹੈ, ਉਸ ਨੂੰ ਸੂਤਕ ਦਾ ਭਰਮ ਨਹੀਂ ਰਹਿੰਦਾ ।੪੧ ।
Follow us on Twitter Facebook Tumblr Reddit Instagram Youtube