ਗਉੜੀ ਕਬੀਰ ਜੀ ॥
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥
ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥

ਇਸੁ ਤਨ ਧਨ ਕੋ ਕਿਆ ਗਰਬਈਆ ॥
ਰਾਮ ਨਾਮੁ ਕਾਹੇ ਨ ਦ੍ਰਿੜ੍ਹੀਆ ॥੧॥ ਰਹਾਉ ॥

ਕਹਤ ਕਬੀਰ ਸੁਨਹੁ ਮਨ ਮੇਰੇ ॥
ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥

Sahib Singh
ਜਿਹ ਸਿਰਿ = ਜਿਸ ਸਿਰ ਤੇ ।
ਰਚਿ ਰਚਿ = ਸੰਵਾਰ ਸੰਵਾਰ ਕੇ ।
ਬਾਧਤ = ਬੰਨ੍ਹਦਾ ਹੈ ।
ਸੋ ਸਿਰੁ = ਉਸ ਸਿਰ ਨੂੰ ।
ਚੁੰਚ = ਚੁੰਝ ।੧ ।
ਕੋ = ਦਾ ।
ਕਿਆ = ਕੀਹ ?
ਗਰਬਈਆ = ਮਾਣ, ਅਹੰਕਾਰ ।
ਕਾਹੇ = ਕਿਉਂ ?
ਦਿ੍ਰੜੀਆ = ਦਿੜ੍ਹ ਕਰਦਾ, ਜਪਦਾ ।੧।ਰਹਾਉ ।
    
Sahib Singh
ਜਿਸ ਸਿਰ ਤੇ (ਮਨੁੱਖ) ਸੰਵਾਰ ਸੰਵਾਰ ਪੱਗ ਬੰਨ੍ਹਦਾ ਹੈ, (ਮੌਤ ਆਉਣ ਤੇ) ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸੰਵਾਰਦੇ ਹਨ ।੧ ।
(ਹੇ ਭਾਈ!) ਇਸ ਸਰੀਰ ਦਾ ਅਤੇ ਇਸ ਧਨ ਦਾ ਕੀਹ ਮਾਣ ਕਰਦਾ ਹੈਂ ?
ਪ੍ਰਭੂ ਦਾ ਨਾਮ ਕਿਉਂ ਨਹੀਂ ਸਿਮਰਦਾ ?
।੧।ਰਹਾਉ ।
ਕਬੀਰ ਆਖਦਾ ਹੈ—ਹੇ ਮੇਰੇ ਮਨ! ਸੁਣ, (ਮੌਤ ਆਉਣ ਤੇ) ਤੇਰੇ ਨਾਲ ਭੀ ਇਹੋ ਜਿਹੀ ਹੀ ਹੋਵੇਗੀ ।੨।੩੫।ਸ਼ਬਦ ਦਾ
ਭਾਵ:- ਇਸ ਧਨ ਦਾ ਜਾਂ ਇਸ ਸਰੀਰ ਦਾ ਮਾਣ ਕਰਨਾ ਬੇ-ਸਮਝੀ ਹੈ, ਕੋਈ ਭੀ ਇਸ ਜੀਵ ਦੇ ਨਾਲ ਨਹੀਂ ਨਿਭਦਾ ।
ਪ੍ਰਭੂ ਦਾ ਨਾਮ ਹੀ ਸੱਚਾ ਸਾਥੀ ਹੈ ।੩੫ ।

ਨੋਟ: ਇਸ ਸਾਰੇ ਸੰਗ੍ਰਹਿ ਵਿਚ ਮੁਖ਼ਤਲਿਫ਼ ਬੰਦਾਂ ਵਾਲੇ ੩੫ ਸ਼ਬਦ ਹਨ; ਜਿਨ੍ਹਾਂ ਦਾ ਵੇਰਵਾ ਇਉਂ ਹੈ: ਚਾਰ ਬੰਦਾਂ ਵਾਲੇ ਸ਼ਬਦ ੧੪ . . . . . . . . ੧ ਤੋਂ ੧੪ ਤਕ, ਪੰਜ ਬੰਦਾਂ ਵਾਲੇ ਸ਼ਬਦ ੨ . . . . . . . . . ੧੫ ਤੋਂ ੧੬ ਤਕ, ਤਿੰਨ ਬੰਦਾਂ ਵਾਲੇ ਚਾਰ-ਤੁਕੀਏ ਸ਼ਬਦ ੨ . . ੧੭ ਤੋਂ ੧੮, ਤਿੰਨ ਬੰਦਾਂ ਵਾਲੇ ਸ਼ਬਦ ੧੫ . . . . . . . . .੧੯ ਤੋਂ ੩੩, ਦੋ ਬੰਦਾਂ ਵਾਲੇ ਸ਼ਬਦ ੨ . . . . . . . . . . . ੩੪ ਤੇ ੩੫ ।
Follow us on Twitter Facebook Tumblr Reddit Instagram Youtube