ਗਉੜੀ ਕਬੀਰ ਜੀ ॥
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥
ਸਾਂਕਲ ਜੇਵਰੀ ਲੈ ਹੈ ਆਈ ॥੧॥

ਆਪਨ ਨਗਰੁ ਆਪ ਤੇ ਬਾਧਿਆ ॥
ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥

ਕਟੀ ਨ ਕਟੈ ਤੂਟਿ ਨਹ ਜਾਈ ॥
ਸਾ ਸਾਪਨਿ ਹੋਇ ਜਗ ਕਉ ਖਾਈ ॥੨॥

ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥
ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥

Sahib Singh
ਭਾਈ = ਹੇ ਭਾਈ !
ਬੇਦ ਕੀ ਪੁਤ੍ਰੀ = ਵੇਦਾਂ ਦੀ ਧੀ, ਵੇਦਾਂ ਤੋਂ ਜੰਮੀ ਹੋਈ, ਵੇਦਾਂ ਦੇ ਅਧਾਰ ਤੇ ਬਣੀ ਹੋਈ ।
ਸਾਂਕਲ = (ਵਰਨ ਆਸ਼ਰਮਾਂ ਦੇ) ਸੰਗਲ ।
ਜੇਵਰੀ = (ਕਰਮ = ਕਾਂਡ ਦੀਆਂ) ਰੱਸੀਆਂ ।
ਲੈ ਹੈ ਆਈ = ਲੈ ਕੇ ਆਈ ਹੋਈ ਹੈ ।੧ ।
ਆਪਨ ਨਗਰੁ = ਆਪਣਾ ਸ਼ਹਿਰ, ਆਪਣੇ ਸ਼ਰਧਾਲੂਆਂ ਦੀ ਵਸਤੀ, ਆਪਣੇ ਸਾਰੇ ਸ਼ਰਧਾਲੂ ।
ਆਪ ਤੇ = ਆਪ ਹੀ ।
ਮੋਹ ਕੈ = ਮੋਹ (ਦੀ ਫਾਹੀ) ਵਿਚ ।
ਫਾਧਿ = ਫਸਾ ਕੇ ।
ਕਾਲ ਸਰੁ = ਮੌਤ ਦਾ ਤੀਰ, ਜਨਮ ਮਰਨ ਦਾ ਤੀਰ ।
ਸਾਂਧਿਆ = ਖਿੱਚਿਆ ਹੋਇਆ ਹੈ ।੧।ਰਹਾਉ ।
ਸਾਪਨਿ = ਸੱਪਣੀ ।
ਜਗ = ਸੰਸਾਰ, ਆਪਣੇ ਸ਼ਰਧਾਲੂਆਂ ਨੂੰ ।੨ ।
ਹਮ ਦੇਖਤ = ਅਸਾਡੇ ਵੇਖਦਿਆਂ ।
ਜਿਨਿ = ਜਿਸ (ਸਿੰਮਿ੍ਰਤੀ) ਨੇ ।
ਸਭੁ ਜਗੁ = ਸਾਰੇ ਸੰਸਾਰ ਨੂੰ ।
ਰਾਮ ਕਹਿ = ਰਾਮ ਰਾਮ ਆਖ ਕੇ, ਪ੍ਰਭੂ ਦਾ ਸਿਮਰਨ ਕਰ ਕੇ ।
ਛੂਟਿਆ = ਬਚ ਗਿਆ ਹਾਂ ।੩ ।
    
Sahib Singh
ਹੇ ਵੀਰ! ਇਹ ਸਿੰਮਿ੍ਰਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ (ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ।੧ ।
(ਇਸ ਸਿੰਮਿ੍ਰਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ, (ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ ।੧।ਰਹਾਉ ।
(ਇਹ ਸਿੰਮਿ੍ਰਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ ।
(ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮਿ੍ਰਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ) ।੨ ।
ਹੇ ਕਬੀਰ! ਆਖ—ਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮਿ੍ਰਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ, ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ ।੩।੩੦ ।
ਸ਼ਬਦ ਦਾ
ਭਾਵ:- ਸਿੰਮਿ੍ਰਤੀਆਂ ਦੇ ਲੀਕੇ ਹੋਏ ਵਰਨ-ਆਸ਼ਰਮ ਤੇ ਕਰਮ-ਕਾਂਡ ਸਿੰਮਿ੍ਰਤੀ ਵਿਚ ਸ਼ਰਧਾ ਰੱਖਣਵਾਲਿਆਂ ਨੂੰ ਸੰਗਲ ਹੋ ਢੁਕਦੇ ਹਨ ।
ਉਹਨਾਂ ਨੂੰ ਇਹ ਅਜਿਹੇ ਭਰਮਾਂ-ਵਹਿਮਾਂ ਵਿਚ ਜਕੜ ਦੀਆਂ ਹਨ ਕਿ ਛੁਟਕਾਰਾ ਹੋਣਾ ਅੌਖਾ ਹੋ ਜਾਂਦਾ ਹੈ ।
ਪ੍ਰਭੂ ਦਾ ਸਿਮਰਨ ਹੀ ਇਹਨਾਂ ਤੋਂ ਬਚਾਉਣ ਦੇ ਸਮਰੱਥ ਹੈ ।੩੦ ।
Follow us on Twitter Facebook Tumblr Reddit Instagram Youtube